ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਆਲੀਸ਼ਾਨ ਮੁਗ਼ਲ ਸਮਾਰਕਾਂ ਤੋਂ ਉਤਰਵਾਇਆ ਸੰਗਮਰਮਰ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਇਸ ਵਾਰ ਪਾਕਿਸਤਾਨ ਤੋਂ ਪ੍ਰਕਾਸ਼ਿਤ ਪ੍ਰਸਿੱਧ ਅਖ਼ਬਾਰ ‘ਡਾਨ’ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇ ਸੰਗਮਰਮਰ ਨੂੰ ਸ਼ੇਰੇ-ਪੰਜਾਬ ਦੁਆਰਾ ਲਾਹੌਰ ਦੇ ਮੁਗ਼ਲ ਸਮਾਰਕਾਂ ਤੋਂ ਉਤਰਵਾ ਕੇ ਲਗਾਇਆ ਦੱਸਿਆ ਹੈ। ਬੁੱਧਵਾਰ ਨੂੰ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਲੇਖਕ ਅਤੇ ਕਥਿਤ ਇਤਿਹਾਸਕਾਰਾਂ ਸਹਿਤ ਪੰਜਾਬ ਪੁਰਾਤਤਵ ਵਿਭਾਗ ਪਾਕਿਸਤਾਨ ਅਤੇ ਸੈਰ ਸਪਾਟਾ ਵਿਭਾਗ ਦੇ ਅਹੁਦੇਦਾਰ ਕਈ ਵਾਰ ਲਾਹੌਰ ਸਥਿਤ ਨੂਰਜਹਾਂ, ਜਹਾਂਗੀਰ, ਆਸਫ਼ ਖ਼ਾਂ ਆਦਿ ਸਹਿਤ ਦੋ ਦਰਜ਼ਨ ਦੇ ਕਰੀਬ ਮਕਬਰਿਆਂ ਦੇ ਸੰਬੰਧ ਵਿਚ ਪਾਕਿਸਤਾਨੀ ਮੀਡੀਆ ਸਾਹਮਣੇ ਪ੍ਰਚਾਰ ਕਰ ਚੁਕੇ ਹਨ ਕਿ ਸਿੱਖ ਰਾਜ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਆਲੀਸ਼ਾਨ ਮੁਗ਼ਲ ਸਮਾਰਕਾਂ ਤੋਂ ਸੰਗਮਰਮਰ ਉਤਰਵਾ ਕੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ (ਹਰਿਮੰਦਰ ਸਾਹਿਬ) ਵਿਚ ਲਗਵਾ ਦਿੱਤਾ ਸੀ।
ਸ਼੍ਰੀ ਕੋਛੜ ਦੇ ਅਨੁਸਾਰ ਅਖ਼ਬਾਰ ‘ਡਾਨ’ ਨੇ ਪਿਛਲੇ ਦਿਨੀਂ ਲੇਖਕ ਤੇ ਪੱਤਰਕਾਰ ਮਾਜ਼ਿਦ ਸ਼ੇਖ਼ ਦੇ ਹਵਾਲੇ ਨਾਲ ਇਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕਰਕੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਪਰੋਕਤ ਮਕਬਰਿਆਂ ਦੇ ਹੋਏ ਨੁਕਸਾਨ ਦਾ ਸਾਰਾ ਠਿਕਰਾ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਭੰਨਿਆ ਹੈ।ਉਹਨਾਂ ਦੱਸਿਆ ਕਿ ਸੰਨ 1860 ਤੋਂ ਲੈ ਕੇ ਅੱਜ ਤਕ ਲਾਹੌਰ ਦੇ ਸਮਾਰਕਾਂ ਦੇ ਸੰਬੰਧ ਵਿਚ ਪ੍ਰਕਾਸ਼ਿਤ ਹੋਣ ਵਾਲੀ ਹਰ ਪੁਸਤਕ ਵਿਚ ਇਹੋ ਦੋਸ਼ ਲਗਾਇਆ ਜਾਂਦਾ ਰਿਹਾ ਹੈ ਅਤੇ ਹੁਣ ਪਾਕਿਸਤਾਨ ਨੇ ਇਨ੍ਹਾਂ ਗਲਤ ਤੱਥਾਂ ਨੂੰ ਆਪਣੀ ਵੈਬ-ਸਾਈਟ ਅਤੇ ਮੁਗ਼ਲ ਸਮਾਰਕਾਂ ਦੇ ਬਾਹਰ ਲੱਗੇ ਹੋਰਡਿੰਗ ‘ਤੇ ਵੀ ਜ਼ਾਹਰ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਇਨ੍ਹਾਂ ਹੋਰਡਿੰਗ ‘ਤੇ ਅੰਗਰੇਜ਼ੀ ਅਤੇ ਉਰਦੂ ਵਿਚ ਸਾਫ਼ ਤੌਰ ‘ਤੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਸਮਾਰਕਾਂ ਤੋਂ ਸੰਗਮਰਮਰ ਉਤਰਵਾ ਕੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਚ ਲਗਵਾ ਦਿੱਤਾ ਸੀ।
ਸੂਬਾ ਸਰਕਾਰ ਤੇ ਐਸ.ਜੀ.ਪੀ.ਸੀ. ਕਰੇ ਕਾਰਵਾਈ
ਪਿਛਲੇ 150 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਸਤੰਬਰ 2005 ਵਿਚ ਇਸ ਮਾਮਲੇ ਦਾ ਖ਼ੁਲਾਸਾ ਕਰਨ ਵਾਲੇ ਇਤਿਹਾਸਕਾਰ ਸ਼੍ਰੀ ਕੋਛੜ ਦਾ ਕਹਿਣਾ ਹੈ ਕਿ ਉਹ ਪ੍ਰਮਾਣਿਤ ਦਸਤਾਵੇਜ਼ਾਂ ਸਹਿਤ ਇਹ ਸਾਬਤ ਕਰ ਚੁਕੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੰਗਰੇਜ਼ੀ ਸ਼ਾਸਨ ਤਕ ਲਾਹੌਰ ਦੇ ਮੁਗ਼ਲ ਸਮਾਰਕਾਂ ਤੋਂ ਜੋ ਵੀ ਸੰਗਮਰਮਰ ਉਤਾਰਿਆ ਗਿਆ ਉਹ ਕੀਤੇ ਹੋਰ ਨਹੀਂ ਸਗੋਂ ਲਾਹੌਰ ਦੇ ਹੀ ਹੋਰਨਾਂ ਸਮਾਰਕਾਂ ‘ਤੇ ਲਗਾਇਆ ਗਿਆ ਹੈ।ਉਹਨਾਂ ਦੱਸਿਆ ਕਿ ਉਹਨਾਂ ਦੁਆਰਾ ਸਾਹਮਣੇ ਲਿਆਂਦੇ ਗਏ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 6 ਜੂਨ 2010 ਨੂੰ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਵਲੋਂ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਜਾ ਚੁੱਕਿਆ ਹੈ, ਪਰ ਪੰਜ ਵਰ੍ਹੇ ਬੀਤ ਜਾਣ ਦੇ ਬਾਅਦ ਵੀ ਇਸ ਸੰਬੰਧ ਵਿਚ ਪਾਕਿਸਤਾਨ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ।ਸ਼੍ਰੀ ਕੋਛੜ ਨੇ ਕਿਹਾ ਕਿ ਐਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਲ ਸੰਜੀਦਗੀ ਨਾਲ ਧਿਆਨ ਦਿੰਦਿਆਂ ਪਾਕਿਸਤਾਨ ਨਾਲ ਸਖ਼ਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।