Tuesday, March 24, 2026

ਦਿੱਲੀ ਕਮੇਟੀ ਦੇ ਅਕਸ ਨੂੰ ਆਪਣੇ ਸਿਆਸੀ ਅਤੇ ਨਿੱਜੀ ਮੁਫਾਦਾਂ ਲਈ ਖਰਾਬ ਨਾ ਕਰਨ ਸਰਨਾ – ਪਰਮਿੰਦਰਪਾਲ

ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਵੇਰਵੇ ਸਹਿਤ ਦਿੱਲੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ

Parminder Pal Singh

ਨਵੀਂ ਦਿੱਲੀ, 11 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਅਤੇ ਸਟਾਫ ਭਲਾਈ ਦੇ ਕਾਰਜਾਂ ਨੂੰ ਬੀਤੇ 28 ਮਹੀਨਿਆਂ ਦੌਰਾਨ ਚੜ੍ਹਦੀ ਕਲਾ ਦੇ ਨਾਲ ਕਰਨ ਦੇ ਬਾਵਜੂਦ ਕਮੇਟੀ ਦੇ ਮਾਲੀ ਹਾਲਾਤਾਂ ਦੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਤੋਂ ਕਈ ਗੁਣਾ ਬਹਿਤਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਰਨਾ ਵੱਲੋਂ ਬਾਰ-ਬਾਰ ਕਮੇਟੀ ਦੇ ਮਾਲੀ ਹਲਾਤਾਂ ਦੇ ਠੀਕ ਨਾ ਹੋਣ ਦੇ ਦਿੱਤੇ ਜਾ ਰਹੇ ਹਵਾਲਿਆਂ ‘ਤੇ ਪ੍ਰਤਿਕ੍ਰਮ ਦਿੰਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਵੱਲੋਂ ਨਵੀਂ ਕਮੇਟੀ ਵੱਲੋਂ ਸ਼ੂਰੂ ਕੀਤੇ ਗਏ ਨਵੇਂ ਪੰਥਕ ਕਾਰਜਾਂ ਤੇ ਸਟਾਫ ਭਲਾਈ ਦੀਆਂ ਸਕੀਮਾਂ ਕਰਕੇ ਕਾਨੂੰਨੀ, ਸਿਆਸੀ ਅਤੇ ਮਾਲੀ ਸਹਿਯੋਗ ਦੇਣ ਦੀ ਕਮੇਟੀ ਵੱਲੋਂ ਚਲਾਈ ਜਾ ਰਹੀ ਲੜੀ ਸਦਕਾ ਦਿੱਲੀ ਦੇ ਸਿੱਖਾਂ ਦਾ ਮਾਣ ਸੰਸਾਰ ਭਰ ਵਿੱਚ ਵਧਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਕਾਰਜਕਾਲ ਦੌਰਾਨ ਕਮੇਟੀ ਦੇ ਸਾਰੇ ਖਰਚਿਆਂ ਦੇ ਭੁਗਤਾਨ ਦੇ ਬਾਵਜੂਦ ਖਾਤਿਆਂ ਵਿੱਚ 2 ਕਰੋੜ ਦੀ ਨਵੀਂ ਐਫ.ਡੀ.ਆਰ. ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਸਰਨਾ ਦੇ ਕਾਰਜਕਾਲ ਦੌਰਾਨ ਕਮੇਟੀ ਅਤੇ ਸਕੂਲ ਸਟਾਫ ਦੇ ਨਾਲ ਕੀਤੀ ਜਾ ਰਹੀ ਮਾਲੀ ਤਸ਼ਦੱਤ ਦੇ ਬੂਰੇ ਦੌਰ ਦਾ ਖਾਤਮਾ ਹੋਣ ਦੀ ਵੀ ਗੱਲ ਕਹੀ। ਸਟਾਫ ਨੂੰ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਿਮਾ ਦੇ ਬਰਾਬਰ ਤਨਖਾਹਵਾਂ ਦੇਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਮੇਟੀ ਚੋਣਾਂ ਤੋਂ ਪਹਿਲੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਅੰਤ੍ਰਿੰਗ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਿਮਾ ਦੀ ਤਨਖਾਹਵਾਂ ਨਾਲ ਤੁਲਨਾਤਮਕ ਅਧਿਅਨ ਕਰਨ ਵਾਸਤੇ ਬਨਾਈ ਗਈ ਕਮੇਟੀ ਦਾ ਵੀ ਉਨ੍ਹਾਂ ਨੇ ਹਵਾਲਾ ਦਿੱਤਾ।
ਸਕੂਲ ਸਟਾਫ ਨੂੰ 1 ਮਈ 2014 ਤੋਂ 6ਵੇਂ ਤਨਖਾਹ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਨਾਲ ਹੀ ਬੀਤੇ 12 ਸਾਲ ਦੇ ਉਕਤ ਮਦ ਵਿੱਚ ਬਕਾਇਆ ਲਗਭਗ 85 ਕਰੋੜ ਰਕਮ ਦੇ ਭੁਗਤਾਨ ਦੀਆਂ ਕੀਸ਼ਤਾਂ ਦੇਣ ਦੀ ਕਮੇਟੀ ਵੱਲੋਂ ਕੀਤੀ ਗਈ ਸ਼ੁਰੂਆਤ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ। ਕਮੇਟੀ ਸਟਾਫ ਦੀਆਂ ਤਨਖਾਹਵਾਂ ਵਿੱਚ 49% ਮਹੰਗਾਈ ਭੱਤਾ, ਬੱਚੇ ਦੀ ਪੜਾਈ ਵਾਸਤੇ ਵਜੀਫੇ ਵਿੱਚ 400% ਤੇ 4% ਘਰ ਕਿਰਾਏ ਵਿੱਚ ਵਾਧਾ ਕਰਨ ਦੇ ਨਾਲ ਹੀ ਸਟਾਫ ਦੀ ਕੁੜੀ ਦੇ ਵਿਆਹ ‘ਤੇ ਸ਼ਗੂਨ ਸਕੀਮ, ਭੇਂਟਾ ਰਹਿਤ ਪਗੜੀਆਂ ਤੇ ਵਰਦੀਆਂ ਦੇਣ ਦੀ ਕੀਤੀ ਗਈ ਸ਼ੁਰੂਆਤ ਕਰਕੇ ਕਮੇਟੀ ਦੇ ਖਰਚਿਆਂ ਵਿੱਚ ਵਾਧਾ ਹੋਣ ਦਾ ਵੀ ਉਨ੍ਹਾਂ ਦਾਅਵਾ ਕੀਤਾ।
ਬਾਬਾ ਬਘੇਲ ਸਿੰਘ ਅਤੇ ਹੋਰ ਸਿੱਖ ਜਰਨੈਲਾ ਵੱਲੋਂ ਕੀਤੀ ਗਈ ਦਿੱਲੀ ਫਤਿਹ ਦੀ ਯਾਦ ਨੂੰ ਮਨਾਉਣ ਵਾਸਤੇ ਕਮੇਟੀ ਵੱਲੋਂ ਲਾਲ ਕਿਲਾ ਮੈਦਾਨ ਵਿਖੇ ਆਯੋਜਿਤ ਕੀਤੇ ਗਏ ਕੌਮਾਂਤਰੀ ਪੱਧਰੀ ਪ੍ਰੋਗਰਾਮਾਂ ਸਣੇ ਸਿੱਖ ਇਤਿਹਾਸ ਨਾਲ ਸਬੰਧਿਤ ਸਾਰੇ ਦਿਹਾੜੇ ਗੁਰਮਤਿ ਸਮਾਗਮਾਂ ਦੇ ਰੂਪ ਵਿੱਚ ਕਮੇਟੀ ਵੱਲੋਂ ਮਨਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਸਦਕਾ ਧਰਮ ਪ੍ਰਚਾਰ ਦੀ ਲਹਿਰ ਦੇ ਪ੍ਰਚੰਡ ਹੋਣ ਦਾ ਵੀ ਉਨ੍ਹਾਂ ਦਾਅਵਾ ਕੀਤਾ।
ਸਰਨਾ ਵੱਲੋਂ 2002 ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਤੋਂ ਪ੍ਰਾਪਤ ਕੀਤੀਆਂ ਗਈਆਂ ਲਗਭਗ 13.5 ਕਰੋੜ ਦੀਆਂ ਐਫ.ਡੀ.ਆਰ. ਦੇ ਮੁਕਾਬਲੇ ਸਰਨਾ ਵੱਲੋਂ 2013 ਵਿੱਚ ਨਵੀਂ ਕਮੇਟੀ ਨੂੰ ਸੌਂਪੀਆਂ ਗਈਆਂ 8 ਕਰੋੜ 88 ਲੱਖ ਦੀਆਂ ਐਫ.ਡੀ.ਆਰ. ਦੀ ਰਕਮ ‘ਤੇ ਵੀ ਉਨ੍ਹਾਂ ਨੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ 11 ਸਾਲਾਂ ਦੌਰਾਨ ਬੈਂਕ ਤੋਂ ਮਿਲਣ ਵਾਲੇ ਸਿਰਫ ਬਿਆਜ ਨੂੰ ਹੀ ਅਗਰ ਐਫ.ਡੀ.ਆਰ ਵਿੱਚ ਜੋੜਿਆਂ ਜਾਂਦਾ ਤੇ ਇਸ ਦੀ ਰਕਮ ਲਗਭਗ 27 ਕਰੋੜ ਮਤਲਬ 200% ਵਧਨੀ ਚਾਹਿਦੀ ਸੀ ਪਰ ਵਾਧੇ ਦੀ ਬਜਾਏ ਇਹ ਰਕਮ ਲਗਭਗ 4 ਕਰੋੜ 70 ਲੱਖ ਮਤਲਬ 35% ਘੱਟ ਗਈ ਹੈ, ਤਾਂ ਕਿ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਸਰਨਾ ਨੇ ਕਥਿਤ ਤੌਰ ‘ਤੇ 32 ਕਰੋੜ ਦਾ ਘੋਟਾਲਾ ਅੰਜਾਮ ਦਿੱਤਾ ਹੈ ?
1984 ਸਿੱਖ ਕਤਲੇਆਮ ਦੀ ਵਿਧਵਾਵਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦਿੱਤੀ ਜਾ ਰਹੀ ਪੈਂਸ਼ਨ ਦੀ ਜਾਣਕਾਰੀ ਦਿੰਦੇ ਹੋਏ ਇਸ ਮਦ ਵਿੱਚ 604 ਬੀਬੀਆਂ ਦਿੱਲੀ ਦੀਆਂ ਅਤੇ 4 ਬੀਬੀਆਂ ਬੋਕਾਰੋਂ ਦੀਆਂ ਸ਼ਾਮਿਲ ਹੋਣ ਦੀ ਵੀ ਉਨ੍ਹਾਂ ਗੱਲ ਕਹੀਂ। ਇਸ ਤੋਂ ਇਲਾਵਾ ਕਾਨਪੁਰ ਦੀਆਂ 31 ਵਿਧਵਾਵਾਂ ਨੂੰ ਕਮੇਟੀ ਵੱਲੋਂ ਇਕਮੁਸਤ ਦਿੱਤੀ ਗਈ ਰਕਮ ਦਾ ਵੀ ਉਨ੍ਹਾਂ ਨੇ ਵੇਰਵਾ ਦਿੱਤਾ। ਸਰਨਾ ਵੱਲੋਂ ਆਪਣੇ ਬਿਆਨਾ ਵਿੱਚ ਕਮੇਟੀ ਦੇ ਬਾਰੇ ਦਿੱਤੇ ਜਾ ਰਹੇ ਤੱਥਾਂ ਨੂੰ ਅੱਧਾ ਸੱਚ ਦੱਸਦੇ ਹੋਏ ਉਨ੍ਹਾਂ ਨੇ ਸਰਨਾ ਨੂੰ ਕੌਮ ਦੀ ਮਾਣਮਤੀ ਜਥੇਬੰਦੀ ਦਿੱਲੀ ਕਮੇਟੀ ਦੇ ਅਕਸ ਨੂੰ ਆਪਣੇ ਨਿਜੀ ਅਤੇ ਸਿਆਸੀ ਮੁਫਾਦਾ ਲਈ ਖਰਾਬ ਨਾ ਕਰਨ ਦੀ ਵੀ ਅਪੀਲ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply