ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ)
ਇੰਡੀਅਨ ਨੈਸ਼ਨਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਨਿਉਜ਼ ਚੈਨਲ ‘ਤੇ ਕਾਂਗਰਸ ਦੇ ਕੁੱਝ ਆਗੁਆਂ ਦੀ 1984 ਸਿੱਖ ਕਤਲੇਆਮ ਵਿਚ ਸ਼ਮੁਲੀਅਤ ਹੋਣ ਦੇ ਦਾਅਵੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਖੁਲਾਸੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ 12000 ਤੋਂ ਵੱਧ ਸਿੱਖ ਗਿਣੀ ਮਿੱਥੀ ਸਾਜਿਸ਼ ਤਹਿਤ ਇਸ ਕਤਲੇਆਮ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਕੀਤੇ ਗਏ ਸਨ।2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਜੀ.ਕ. ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਆਪਣੇ ਆਪ ਨੂੰ ਸਥਾਪਿਤ ਕਰਣ ਵਾਸਤੇ ਕੀਤੀਆਂ ਜਾ ਰਹੀਆਂ ਇਨ੍ਹਾਂ ਘਟੀਆ ਚਾਲਾਂ ਨਾਲ ਕਾਂਗਰਸ ਦਾ ਕੋਈ ਭਲਾ ਨਹੀਂ ਹੋਣ ਵਾਲਾ।
ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕਾਂਗਰਸ ਵਲੋਂ 1984 ਕਤਲੇਆਮ ਦੀ ਜਾਂਚ ਕਰ ਰਹੀ ਸੀ.ਬੀ.ਆਈ ਤੇ ਦਬਾਅ ਪਾਉਣ ਦਾ ਦੋਸ਼ ਲਾਉਂਦੇ ਹੋਏ ਜੀ.ਕ. ਨੇ ਪੁੱਛਿਆ ਹੈ ਕਿ ਅਗਰ ਰਾਹੁਲ ਗਾਂਧੀ ਨੂੰ ਪਤਾ ਸੀ ਕਿ 1984 ਕਤਲੇਆਮ ਵਿਚ ਕਾਂਗਰਸੀ ਆਗੂ ਸ਼ਾਮਲ ਸਨ ਤੇ ਫਿਰ ਕਾਂਗਰਸ, ਮੱਨੁਖੀ ਅਧਿਕਾਰਾਂ ਨੂੰ ਪੈਰਾਂ ਹੇਠਾਂ ਰੌਂਦ ਕੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਵਿਚ ਕਿਉਂ ਲੱਗੀ ਰਹੀ? ਹਾਲਾਂਕਿ ਕਤਲੇਆਮ ਦੇ ਦੋਸ਼ੀ ਦੋ ਵੱਡੇ ਕਾਂਗਰਸੀ ਆਗੂ ਧਰਮ ਦਾਸ ਸ਼ਾਸਤਰੀ ਅਤੇ ਐਚ.ਕੇ.ਐਲ ਭਗਤ ਬਿਨਾ ਕਿਸੇ ਅਦਾਲਤੀ ਪ੍ਰਕ੍ਰਿਆ ਤੋਂ ਪਹਿਲੇ ਹੀ ਆਪਣੀ ਸੁਭਾਵਿਕ ਮੌਤ ਮਰ ਗਏ ਸਨ।
ਰਾਹੁਲ ਗਾਂਧੀ ਵਲੋਂ 1984 ਸਿੱਖ ਕਤਲੇਆਮ ਨੂੰ 2002 ਦੇ ਗੁਜਰਾਤ ਦੰਗਿਆਂ ਨਾਲ ਤੁਲਨਾ ਕਰਨ ਨੂੰ ਗੈਰ ਮੁਨਾਸਿਬ ਕਰਾਰ ਦਿੰਦੇ ਹੋਏ ਉਨਾਂ ਕਿਹਾ ਕਿ ’84 ਵਿਚ 12000 ਸਿੱਖ ਅਜਾਂਈ ਮੌਤ ਮਾਰੇ ਗਏ ਸੀ ਜਦੋ ਕਿ 2002 ਦੇ ਗੁਜਰਾਤ ਦੰਗਿਆਂ ਵਿੱਚ 1100 ਲੋਕਾਂ ਦੀਆਂ ਜਾਨਾਂ ਗਈਆਂ ਸਨ। ਪਰ ਫਿਰ ਵੀ ਗੁਜਰਾਤ ਦੰਗਿਆਂ ਵਿਚ 130 ਵਿਅਕਤੀਆਂ ਨੂੰ ਉਮਰ ਕੈਦ, 10 ਨੂੰ ਫਾਂਸੀ ਅਤੇ ਗੁਜਰਾਤ ਦੀ ਇਕ ਸਾਬਕਾ ਮੰਤਰੀ ਨੂੰ 28 ਸਾਲ ਦੀ ਸਜ਼ਾ ਹੋਈ ਹੈ। ਗੁਜਰਾਤ ਦੰਗਿਆਂ ਵਾਸਤੇ ਸੁਪਰੀਮ ਕੋਰਟ ਵਲੋਂ ਐਸ.ਆਈ.ਟੀ ਬਨਾਉਣ ਅਤੇ 1984 ਵਾਸਤੇ ਨਹੀਂ ਬਨਾਉਣ ਦਾ ਜਿਕਰ ਕਰਦੇ ਹੋਏ ਉਨਾਂ੍ਹ ਨੇ 1984 ਸਿੱਖ ਕਤਲੇਆਮ ਦੇ ਕੁੱਝ ਛੋਟੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਅਤੇ ਵੱਡੇ ਆਗੂਆਂ ਵਲੋਂ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਲ੍ਹੀ ਹਵਾ ਵਿਚ ਘੁੰਮਣ ਦਾ ਵੀ ਹਵਾਲਾ ਦਿੱਤਾ।
ਦਿੱਲੀ ਪੁਲਿਸ ਅਤੇ ਸੀ.ਬੀ.ਆਈ. ਤੇ ਕਤਲੇਆਮ ਦੇ ਮਾਮਲਿਆਂ ਵਿਚ ਐਫ.ਆਈ.ਆਰ ਦਰਜ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਕਾਂਗਰਸ ਪਾਰਟੀ ਤੋਂ ਕਿਸੇ ਮਾਫੀ ਦੀ ਲੋੜ ਨਹੀਂ ਹੈ, ਸਗੋ ਅਸੀਂ ਇਹ ਚਾਹੁੰਦੇ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਦੇ ਹੋਏ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ।
Check Also
ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …