ਕਾਜ਼ੀਕੋਟ ਤੋਂ ਸਰਪੰਚ ਅਤੇ ਸਾਬਕਾ ਸਰਪੰਚਾਂ ਸਮੇਤ 60 ਕਾਂਗਰਸੀ ਪਰਿਵਾਰ ਸ਼ਾਮਿਲ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਚੋਣ ਮੁਹਿੰਮ ਦੌਰਾਨ ਆਮ ਲੋਕਾਂ ‘ਤੇ ਤਾਂ ਕਿ ਸਥਾਨਿਕ ਕਾਂਗਰਸੀ ਆਗੂਆਂ ‘ਤੇ ਵੀ ਆਪਣਾ ਵਿਸ਼ਵਾਸ਼ ਬਿਠਾਉਣ ‘ਚ ਨਾਕਾਮ ਰਿਹਾ। ਹਲਕਾ ਮਜੀਠਾ ਦੇ ਪਿੰਡ ਕਾਜੀਕੋਟ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਦੀਆਂ ਰਜਵਾੜਾਸ਼ਾਹੀ ਆਦਤਾਂ ਤੋਂ ਜਾਣੂ ਲੋਕ ਕੈਪਟਨ ‘ਤੇ ਭਰੋਸਾ ਨਹੀਂ ਕਰ ਰਹੇ ਹਨ ਉੱਥੇ ਸਥਾਨਿਕ ਆਗੂਆਂ ‘ਤੇ ਭਰੋਸਾ ਨਾ ਕਰਕੇ ਉਨ੍ਹਾਂ ਦੇ ਹਲਕਿਆਂ ਵਿੱਚ ਬਾਹਰੋਂ ਲਿਆ ਕੇ ਚੋਣ ਇੰਚਾਰਜ ਲਗਾਏ ਜਾਣ ਕਾਰਨ ਸਥਾਨਿਕ ਆਗੂਆਂ ਵਿੱਚ ਵੀ ਨਿਰਾਸ਼ਾ ਅਤੇ ਗੁੱਸੇ ਦੇ ਆਲਮ ‘ਤੇ ਚੱਲਦਿਆਂ ਕਈ ਸਥਾਨਿਕ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੀ ਕੈਪਟਨ ਦੀ ਚੋਣ ਮੁਹਿੰਮ ਤੋਂ ਆਪਣੇ ਪੈਰ ਪਿਛਾਂ ਨੂੰ ਖਿੱਚਣ ਨਾਲ ਕੈਪਟਨ ਦੇ ਨਾਮੋਸ਼ੀ ਹਾਰ ਨਿਸ਼ਚਿਤ ਹੈ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸੀ ਸਰਕਾਰਾਂ ਨੇ ਦੇਸ਼ ਦੀ ਅੰਗਰੇਜ਼ਾਂ ਤੋਂ ਵੀ ਵੱਧ ਲੁੱਟ ਖਸੁੱਟ ਕੀਤੀ ਹੈ। ਉਸੇ ਕਾਂਗਰਸ ਤਰਫੋਂ ਕੈਪਟਨ ਉਮੀਦਵਾਰ ਹੈ, ਜੋ ਪਟਿਆਲੇ ਵਾਲਿਆਂ ਦੇ ਕਿਸੇ ਕੰਮ ਨਹੀਂ ਆਇਆ ਉਹ ਅੰਮ੍ਰਿਤਸਰ ਦਾ ਕੀ ਸਵਾਰੇਗਾ। ਇਸ ਮੌਕੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ, ਸਾਬਕਾ ਨੰਬਰਦਾਰ ਮੱਖਣ ਸਿੰਘ, ਸਾਬਕਾ ਸਰਪੰਚ ਚੈਂਚਲ ਸਿੰਘ ਸਮੇਤ 60 ਕਾਂਗਰਸੀ ਪਰਿਵਾਰ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਛੱਡਣ ਵਾਲੇ ਆਗੂਆਂ ਨੇ ਕਿਹਾ ਕਿ ਕਾਂਗਰਸ ਵਿੱਚ ਮਿਹਨਤੀ ਵਰਕਰਾਂ ਲਈ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਮਜੀਠੀਆ ਦੀਆਂ ਉਸਾਰੂ ਅਤੇ ਵਿਕਾਸਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਉਣ ਦਾ ਫੈਸਲਾ ਲਿਆ। ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸੁੱਚਾ ਸਿੰਘ, ਹਰਚਰਨ ਸਿੰਘ, ਸੰਤੋਖ ਸਿੰਘ, ਅਮਰਜੀਤ ਕੌਰ, ਸੁਖਵਿੰਦਰ ਕੌਰ (ਸਾਰੇ ਪੰਚ), ਪ੍ਰੀਤਮ ਸਿੰਘ ਫ਼ੌਜੀ, ਖਜ਼ਾਨ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ, ਕੁਲਵੰਤ ਸਿੰਘ, ਮਸਤੂਲ ਸਿੰਘ, ਗੁਰਦੀਪ ਸਿੰਘ, ਸੁਮੀਤ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ , ਲਖਬੀਰ ਸਿੰਘ, ਸੰਤੋਖ ਸਿੰਘ, ਅਤੇ ਮੰਗਲਜੀਤ ਸਿੰਘ ਸ਼ਾਮਿਲ ਸਨ। ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਗੋਲਡੀ, ਭਗਵੰਤ ਸਿੰਘ ਸਿਆਲਕਾ, ਤਲਬੀਰ ਸਿੰਘ ਗਿੱਲ, ਤਰਸੇਮ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਪ੍ਰੋ: ਸਰਚਾਂਦ ਸਿੰਘ, ਗੁਰਮੀਤ ਸਿੰਘ ਭੀਲੋਵਾਲ, ਕਿਰਪਾਲ ਸਿੰਘ ਰਾਮਦਿਵਾਲੀ ਅਤੇ ਚੇਅਰਮੈਨ ਹਰਭਜਨ ਸਿੰਘ ਉਦੋਕੇ ਮੌਜੂਦ ਸਨ।