Monday, September 16, 2024

ਦੇਸ਼ ਨੂੰ ਡਾਕੂਆਂ ਤੇ ਲੁਟੇਰਿਆਂ ਤੋ ਬਚਾਉਣ ਲਈ ਇੱਕਮੁੱਠ ਹੋਣਾ ਪਵੇਗਾ – ਆਸਲ

PPN150402
ਅੰਮ੍ਰਿਤਸਰ 15  ਅਪ੍ਰੈਲ ( ਸੁਖਬੀਰ ਸਿੰਘ )-  ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਖੱਬੀਆ ਧਿਰਾਂ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਵੱਖ ਵੱਖ ਟੀਮਾਂ ਨੇ ਵਿਧਾਨ ਸਭਾ ਹਲਕਾ ਪੂਰਬੀ ਦੇ ਕਈ ਇਲਾਕਿਆ ਰੇਲਵੇ ਫਾਟਕ ਵਾਲਾ ਬਜਾਰ, ਗੁਰੂ ਨਗਰ, ਸੰਤ ਨਗਰ, ਰਾਮ ਨਗਰ, ਨਵੀ ਅਬਾਦੀ , ਬੱਗੇ ਵਾਲੀ ਪੱਤੀ, ਪ੍ਰੀਤ ਨਗਰ, ਪੱਤੀ ਪਹਾਰਾ, ਪੱਤੀ ਹਰਦਾਸ ਆਧੀਆ ਅਤੇ ਵੇਰਕਾਂ ਬੱਸ ਅੱਡਾ ਵਿੱਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ।
ਕਾਮਰੇਡ ਅਮਰਜੀਤ ਸਿੰਘ ਆਸਲ ਨੇ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਨੇ ਪ੍ਰਾਪਟੀ ਟੈਕਸ ਲਗਾ ਕੇ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਕਿਰਾਏਦਾਰ ਬਣਾ ਦਿੱਤਾ ਹੈ ਜਦ ਕਿ ਕਾਂਗਰਸ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਦੇਸ ਵਾਸੀਆ ਨੂੰ ਤੋਹਫਾ ਦੇ ਕੇ ਲੋਕਾਂ ਨੂੰ ਭੁੱਖ ਮਰੀ ਦਾ ਸ਼ਿਕਾਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਰੁਜਗਾਰ ਮੰਗਦੇ ਨੌਜਵਾਨਾਂ ਦੀਆ ਗ੍ਰਿਫਤਾਰੀਆ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਧੀਆਂ ਦੀ ਰਾਖੀ ਕਰਨ ਵਾਲੇ ਪੰਜਾਬ ਸੂਬੇ ਦੇ ਲੋਕ ਅੱਜ ਆਪਣੀਆ ਧੀਆ ਦੀਆ ਸ਼ਰੇਆਮ ਸੜਕਾਂ ਤੇ ਪੁਲੀਸ ਵੱਲੋਂ ਪੁੱਟੀਆ ਜਾ ਰਹੀਆ ਗੁੱਤਾਂ ਨੂੰ ਲਾਚਾਰ ਹੋਏ ਵੇਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਡਰ, ਭੈਅ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀ ਕੀਤਾ ਸਗੋ ਅਜਿਹੇ ਡਾਕੂਆ ਤੇ ਲੁੱਟੇਰਿਆ ਦਾ ਡੱਟ ਕੇ ਟਾਕਰਾ ਕੀਤਾ ਉਹਨਾਂ ਕਿਹਾ ਕਿ ਜੇਕਰ ਦੇਸ ਨੂੰ ਬਚਾਉਣਾ ਹੈ ਤਾਂ ਸਾਨੂੰ ਇੱਕ ਮੁੱਠ ਹੋ ਕੇ  ਇਹਨਾਂ ਲੁੱਟੇਰਿਆ ਦਾ ਟਾਕਰਾ ਕਰਨਾ ਪਵੇਗਾ।
ਉਹਨਾਂ ਕਿਹਾ ਕਿ ਜੇਕਰ ਅਸੀ ਅੱਜ ਰੁਜਗਾਰ ਦੇ ਸਾਧਨ ਪੈਦਾ ਕਰਕੇ ਆਪਣੇ ਬੱਚਿਆ ਨੂੰ ਰੁਜਗਾਰ ਦੇਣੇ ਹਨ ਅਤੇ ਨਸ਼ਿਆ ਦੇ ਵੱਗਦੇ ਛੇਵੇ ਦਰਿਆ ਨੂੰ ਬੰਦ ਕਰਨਾ ਹੈ ਤਾਂ  ਖੱਬੀਆ ਧਿਰਾਂ ਨੂੰ ਕਾਮਯਾਬ ਕਰਕੇ ਪਾਰਲੀਮੈਂਟ ਵਿੱਚ ਭੇਜਣਾ ਪਵੇਗਾ।  ਕਾਮਰੇਡ ਅਮਰੀਕ ਸਿੰਘ ਜਿਲਾ ਸਕੱਤਰ ਸੀ.ਪੀ.ਐਮ  ਨੇ ਕਿਹਾ ਕਿ ਅਕਾਲੀ ਭਾਜਪਾ ਨੇ ਪੂਰੇ ਦੇਸ ਦਾ ਉਦਾਰੀਕਰਨ, ਵਪਾਰੀਕਰਨ, ਨਿੱਜੀਕਰਨ, ਸਰਕਾਰੀਕਰਨ ਕਰਕੇ ਦੇਸ ਨੂੰ ਮੰਗਤਿਆ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਰ ਜਿੰਨਾ ਅੱਜ ਕਰਜ਼ਾ ਚੜਿਆ ਹੋਇਆ ਹੈ ਉਸ ਦੇ ਵਿਆਜ ਜਿੰਨਾ ਤਾਂ ਇਹਨਾਂ ਕੋਲ ਆਪਣਾ ਬੱਜਟ ਵੀ ਨਹੀ ਹੈ। ਇਸ ਸਮੇਂ ਉਹਨਾਂ ਤੋ ਇਲਾਵਾ ਕਾਮਰੇਡ ਅਵਤਾਰ ਸਿੰਘ, ਸੁੱਚਵੰਤ ਸਿੰਘ, ਜਸਬੀਰ ਸਿੰਘ, ਬਲਬੀਰ ਮੂਧਲ, ਕੁਲਵੰਤ ਸਿੰਘ, ਰਣਧੀਰ ਸਿੰਘ, ਅਜੈ ਕੁਮਾਰ, ਜਗੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply