ਅੰਮ੍ਰਿਤਸਰ– 29 ਜਨਵਰੀ ( ਬਿਊਰੋ) – ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਨਾਲ ਸਿੱਖਾਂ ਦਾ ਜੋ ਘਾਣ ਹੋਇਆ ਹੈ, ਉਸ ਤੇ ਮੁਆਫੀ ਮੰਗਣੀ ਜਾਂ ਦੋਸ਼ੀਆਂ ਦੀ ਸ਼ਮੂਲੀਅਤ ਕਬੂਲਣੀ ਇੱਕ ਸਟੰਟ ਤੋਂ ਵਧ ਕੇ ਕੁੱਝ ਨਹੀਂ ਹੈ, ਜਿਸ ਦੀ ਜਥੇਬੰਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਨਾਂ ਕਿਹਾ ਕਿ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਜਿੰਨਾ ਚਿਰ ਸਖਤ ਸਜਾਵਾਂ ਨਹੀਂ ਮਿਲਦੀਆਂ ਉਨ੍ਹਾਂ ਚਿਰ ਸਿੱਖਾਂ ਦੇ ਹਿਰਦੇ ਸ਼ਾਂਤ ਨਹੀਂ ਹੋ ਸਕਦੇ। ਗਿੱਲ ਨੇ ਕਿਹਾ ਕਿ ਚੰਗਾ ਤਾਂ ਇਹ ਹੁੰਦਾ ਕਿ ਰਾਹੁਲ ਗਾਂਧੀ ਇਹ ਕਹਿੰਦੇ ਕਿ ਦਿੱਲੀ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਹੈ, ਉਸ ਦੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਜਲਦ ਸਜਾਵਾਂ ਦਿੱਤੀਆਂ ਜਾਣਗੀਆਂ, ਚਾਹੇ ਉਹ ਕਾਂਗਰਸ ਪਾਰਟੀ ਵਿੱਚ ਮੌਜੂਦਾ ਸਬੰਧਿਤ ਲੀਡਰ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਿਵੇਂ ਭੁੱਲ ਸਕਦੀ ਹੈ ਮਾਸੂਮ ਸਿੱਖਾਂ ਦੇ ਗਲ੍ਹਾਂ ਵਿੱਚ ਟਾਇਰ ਪਾ ਕੇ ਸਾੜਣੇ ਤੇ ਸੋਚੀ ਸਮਝੀ ਸਾਜਿਸ਼ ਨਾਲ ਬੇਤਹਾਸ਼ਾ ਸਿੱਖਾਂ ਦੀ ਨਸਲਕੁੱਸ਼ੀ ਨੂੰ ਕਾਂਗਰਸ ਪਾਰਟੀ ਦੇ ਉਨ੍ਹਾਂ ਲੀਡਰਾਂ ਵੱਲੋਂ ਜਿਹੜੇ ਇਸ ਕਤਲੇਆਮ ਦੇ ਸਿੱਧੇ ਜਿੰਮੇਵਾਰ ਹਨ, ਜਿੰਨ੍ਹਾਂ ਨੂੰ ਲੰਮੇ ਸਮੇਂ ਤੋਂ ਬਚਾਇਆ ਜਾ ਰਿਹਾ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਨਿੱਜੀ ਮੁਫਾਦ ਲਈ ਸਿੱਖਾਂ ਦੀ ਹਮਦਰਦੀ ਹਾਸਲ ਕਰਨੀ ਚਾਹੁੰਦੇ ਹਨ ਪਰ ਸਿੱਖ ਕੌਮ ਅਜਿਹੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹੈ। ਇਸ ਮੌਕੇ ਗੁਰਮਨਜੀਤ ਸਿੰਘ ਗਿੱਲ, ਸੰਦੀਪ ਸਿੰਘ, ਗੁਰਚਰਨ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਸਮੇਤ ਆਈ.ਐਸ.ਓ ਦੇ ਹੋਰ ਨੌਜਵਾਨ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …