ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸਿੱਖ ਬੀਬੀਆਂ ਨੂੰ ਦੋਪਹੀਆਂ ਵਾਹਨ ਤੇ ਸਵਾਰੀ ਕਰਦੇ ਹੋਏ ਹੈਲਮਟ ਪਾਉਣ ਨੂੰ ਜਰੂਰੀ ਕਰਨ ਵਾਲੇ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੂੰ ਚਿੱਠੀ ਲਿੱਖ ਕੇ ਹੈਲਮਟ ਤੋਂ ਸਿੱਖ ਬੀਬੀਆਂ ਨੂੰ ਪਹਿਲੇ ਦੀ ਤਰ੍ਹਾਂ ਹੀ ਛੂਟ ਦੇਣ ਦੀ ਬੇਨਤੀ ਕੀਤੀ ਹੈ। ਪਿਛਲੀ ਦਿੱਲੀ ਸਰਕਾਰ ਵਲੋਂ ਨਿਯਮ 115(2) ਦਿੱਲੀ ਮੋਟਰ ਵਹਿਕਲ ਰੂਲ, 1993 ਵਿਚ ਬੀਬੀਆਂ ਨੂੰ ਹੈਲਮਟ ਤੋਂ ਛੂਟ ਦੇਣ ਦੀ ਕੀਤੀ ਗਈ ਸ਼ੋਧ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਇਸ ਮਸਲੇ ਤੇ ਫੈਸਲਾ ਲੈਣ ਲਈ ਵਿਧਾਨਸਭਾ ਯਾਂ ਲੋਕਸਭਾ ਵਿਚ ਜਨਤਾ ਦੇ ਚੁਣੇ ਹੋਏ ਪ੍ਰਤਿਨਿਧੀਆਂ ਵਲੋਂ ਫੈਸਲਾ ਲੈਣ ਦੀ ਵੀ ਹਿਮਾਇਤ ਕੀਤੀ ਹੈ।ਸਿੱਖ ਧਰਮ ਵਿਚ ਟੋਪੀ ਦੇ ਸਿਧਾਂਤ ਨੂੰ ਮਾਨਤਾ ਨਾ ਮਿਲਣ ਦੀ ਜਾਣਕਾਰੀ ਉਪਰਾਜਪਾਲ ਨੂੰ ਚਿੱਠੀ ਰਾਹੀਂ ਦਿੰਦੇ ਹੋਏ ਜੀ.ਕੇ. ਨੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਵਲੋਂ ਆਪਣੇ ਸਿਰਾਂ ਤੇ ਦੁਮਾਲੇ ਸਜਾਉਣ ਅਤੇ ਆਪਣੇ ਮੱਥੇ ਨੂੰ ਚੁੰਨੀ ਨਾਲ ਢੱਕੇ ਹੋਣ ਕਰਕੇ ਬੀਬੀਆਂ ਵਲੋਂ ਹੈਲਮਟ ਨਾ ਪਾਉਣ ਦੀ ਮਜਬੂਰੀ ਵੀ ਜਤਾਈ ਹੈ। ਸਿੱਖ ਬੀਬੀਆਂ ਵਿਚ ਹੈਲਮਟ ਜਰੂਰੀ ਹੋਣ ਦੀ ਖਬਰ ਆਉਣ ਤੋਂ ਬਾਅਦ ਪੈਦਾ ਹੋਏ ਗੁੱਸੇ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਇਸ ਫੈਸਲੇ ਖਿਲਾਫ ਬੀਬੀਆਂ ਵਲੋਂ ਅਵਾਜ਼ ਚੁੱਕਣ ਦੀ ਵੀ ਚੇਤਾਵਨੀ ਦਿੱਤੀ। ਉਪਰਾਜਪਾਲ ਨੂੰ ਸਿੱਖਾਂ ਦੀ ਧਾਰਮਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਸ ਫੈਸਲੇ ਤੇ ਮੁੱੜ ਵਿਚਾਰ ਕਰਨ ਦੀ ਵੀ ਜੀ.ਕੇ. ਨੇ ਬੇਨਤੀ ਕੀਤੀ ਹੈ। ਸਿੱਖ ਬੀਬੀਆਂ ਵਲੋਂ ਆਪਣੀ ਮਰਜੀ ਦੇ ਹਿਸਾਬ ਨਾਲ ਦੋਪਹੀਆਂ ਵਾਹਨ ਚਲਾਉਂਦੇ ਹੋਏ ਹੈਲਮਟ ਪਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਉਪਰਾਜਪਾਲ ਨੂੰ ਇਸ ਫੈਸਲੇ ਲਈ ਸਿੱਖ ਬੀਬੀਆਂ ਦੇ ਵਿਵੇਕ ਤੇ ਛੱਡਣ ਦੀ ਵੀ ਮੰਗ ਕੀਤੀ ਹੈ।