Monday, December 23, 2024

ਸਿਰਸਾ ਸਾਧ ਮੁਆਫੀ ਮਾਮਲਾ – ਪੰਥਕ ਜਥੇਬੰਦੀਆਂ ਵਲੋਂ 30 ਸਤੰਬਰ ਨੂੰ ਪੰਜਾਬ ਬੰਦ ਅਤੇ ਦਿਵਾਲੀ ‘ਤੇ ਸਰਬਤ ਖਾਲਸਾ

ਪੰਥਕ ਜਥੇਬੰਦੀਆਂ ਦੇ ਇੱਕਠ ‘ਚ ਜਥੇਦਾਰਾਂ ਦਾ 24 ਸਤੰਬਰ ਦਾ ਫੈਸਲਾ ਮੂਲੋਂ ਰੱਦ
ਸਰਬਤ ਖਾਲਸਾ ਲਈ ਆਨ ਲਾਈਨ ਪਟੀਸ਼ਨਾਂ ਜ਼ਿਆਦਾ ਕਾਰਗਾਰ – ਡਾ: ਢਿਲੋਂ

PPN2709201501

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਦੇ ਦੋਸ਼ੀ ਡੇਰਾ ਸਿਰਸਾ ਮੁੱਖੀ ਨੂੰ ਪੰਜ ਜਥੇਦਾਰਾਂ ਵਲੋਂ ਮੁਆਫੀ ਦਿੱਤੇ ਜਾਣ ਤੋਂ ਪੈਦਾ ਹੋਏ ਹਾਲਾਤਾਂ ‘ਤੇ ਵਿਚਾਰਾਂ ਕਰਨ ਵੱਖ ਵੱਖ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਨੇ ਸਰਬਸੰਮਤੀ ਨਾਲ ਜਥੇਦਾਰਾਂ ਦੇ 24 ਸਤੰਬਰ 2015 ਦੇ ਗੁਰਮਤੇ ਨੂੰ ਰੱਦ ਕਰਦਿਆਂ, ਇਸ ਫੈਸਲੇ ‘ਤੇ ਰੋਸ ਪ੍ਰਗਟ ਕਰਨ ਲਈ 30 ਸਤੰਬਰ ਨੂੰ ਪੰਜਾਬ ਬੰਦ ਅਤੇ ਬੰਦੀ ਛੋੜ ਦਿਵਸ (ਦਿਵਾਲੀ) ‘ਤੇ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕੀਤਾ ਹੈ ।ਸਥਾਨਕ ਚਮਰੰਗ ਰੋਡ ਸਥਿਤ ਇੱਕ ਪੈਲੇਸ ਵਿੱਚ ਅਯੋਜਿਤ ਕੀਤੇ ਗਏ ਪੰਥਕ ਇੱਕਠ ਵਿੱਚ ਸਿੱਖ ਸਿਧਾਤਾਂ ਦੇ ਜਾਣਕਾਰ ਵਿਦਵਾਨ, ਸਿੱਖ ਚਿੰਤਕ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ, ਯੂਨਾਇਟਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਗਰੁੱਪ), ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ), ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ), ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ), ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਮਦਮੀ ਟਕਸਾਲ (ਸੰਗਰਾਵਾਂ), ਅਖੰਡ ਕੀਰਤਨੀ ਜਥਾ (ਭਾਈ ਬਖਸੀਸ਼ ਸਿੰਘ), ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ, ਸਿੱਖ ਯੂਥ ਫਰੰਟ, ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਯੂਥ ਇਕਾਈ ਤੋਂ ਇਲਾਵਾ ਵੱਖ ਵੱਖ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਸੰਪਰਦਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ।

PPN2709201502
ਪੰਥਕ ਸੇਵਾ ਲਹਿਰ ਦੇ ਨੁਮਾਇੰਦੇ ਬਾਬਾ ਹਰਦੀਪ ਸਿੰਘ ਚਾਂਦਪੁਰੀ ਵਲੋ ਸਮਾਗਮ ਦੀ ਆਰੰਭਤਾ ਕੀਤੀ ਅਰਦਾਸ ਤੇ ਪੰਜ ਜੈਕਾਰੇ ਗਜਾਏ ਜਾਣ ਨਾਲ ਹੋਈ ।ਪੰਥਲ ਮੈਗਜੀਨ ਵੰਗਾਰ ਦੇ ਸੰਪਾਦਕ ਸ੍ਰ ਬਲਜੀਤ ਸਿੰਘ ਖਾਲਸਾ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਡੇਰਾ ਮੁਖੀ ਵਲੋਂ ਸਾਲ 2007 ਵਿੱਚ ਕੀਤੀ ਗਈ ਬੱਜਰ ਭੁੱਲ ਦੇ ਪਿਛੋਕੜ ਅਤੇ 8 ਸਾਲ ਬਾਅਦ ਭੇਜੇ ਸਪੱਸ਼ਟੀਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਡੇਰਾ ਵਾਕਿਆ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤਾਂ ਪਹਿਲਾਂ ਆਪਣਾ ਨਾਮ ਬਦਲੇ ਕਿਉਂਕਿ ਸ਼ਬਦ ਸੱਚਾ ਸੌਦਾ ਸਾਹਿਬ ਸ੍ਰੀ ਗਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਛੇਤੀ ਹੀ ਸਰਬਤ ਖਾਲਸਾ ਬੁਲਾ ਕੇ ਹੁਣ ਤੀਕ ਜਥੇਦਾਰਾਂ ਵਲੋਂ ਕੀਤੇ ਸਾਰੇ ਹੀ ਵਿਵਾਦਤ ਫੈਸਲੇ ਰੱਦ ਕੀਤੇ ਜਾਣ ਅਤੇ ਭਵਿੱਖ ਵਿੱਚ ਕੌਮ ਦੀ ਅਗਵਾਈ ਲਈ ਇੱਕ ਸਾਂਝੀ ਸੁਪਰੀਮ ਕੌਂਸਲ ਗਠਿਤ ਕੀਤੇ ਜਾਣ ਦਾ ਸੁਝਾਅ ਦਿੱਤਾ।ਪ੍ਰਸਿੱਧ ਸਿੱਖ ਵਿਦਵਾਨ ਅਤੇ ਸਿੱਖ ਚਿੰਤਕ ਡਾ: ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਇਕ ਸੰਸਥਾ ਹੈ ਅਤੇ ਇਸ ਦੀ ਸਾਂਭ ਸੰਭਾਲਣ ਵਾਲੇ ਜਥੇਦਾਰ ਗਲਤ ਫੈਸਲੇ ਲੈ ਸਕਦੇ ਹਨ, ਪਰ ਅਕਾਲ ਤਖਤ ਕਦੀ ਗਲਤ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਫੈਸਲੇ ਬੀਤੇ ਕੁੱਝ ਸਾਲਾ ਤੋਂ ਲੈ ਰਹੇ ਹਨ, ਉਹ ਭਾਵੇ ਨਾਨਕਸ਼ਾਹੀ ਕੈਲੰਡਰ ਬਾਰੇ ਹੋਵੇ, ਬਾਦਲ ਨੁੰ ਫਖਰ ਏ ਕੌਮ ਦਾ ਖਿਤਾਬ ਦੇਣ ਦਾ ਹੋਵੇ ਜਾਂ ਸੌਦਾ ਸਾਧ ਦੇ ਮਾਮਲੇ ਦਾ ਫੈਸਲਾ ਸਭ ਕੁੱਝ ਇਕ ਸੋਚੀ ਸਮਝੀ ਸਾਜਿਸ਼ ਤਹਿਤ ਆਰ.ਐਸ.ਐਸ ਵਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਿੱਖਾਂ ਦੀ ਅਲੱਗ ਹਸਤੀ ਹੀ ਖਤਮ ਕਰ ਦਿੱਤੀ ਜਾਵੇ।ਡਾ: ਢਿਲੋਂ ਨੇ ਸੁਝਾਅ ਦਿੱਤਾ ਕਿ ਮੌਜੂਦਾ ਹਾਲਾਤਾਂ ਵਿੱਚ ਅਤੇ ਸਿੱਖਾਂ ਦੀ ਹਰ ਦੇਸ਼ ਵਿੱਚ ਵਸੋਂ ਹੋਣ ਕਾਰਣ ਇਕ ਸ਼ਕਤੀਸ਼ਾਲੀ ਸਰਬੱਤ ਖਾਲਸਾ ਨਹੀ ਬੁਲਾਇਆ ਜਾ ਸਕਦਾ।ਇਸ ਲਈ ਇਕ ਆਨ-ਲਾਈਨ ਪਟੀਸ਼ਨ ਰਾਹੀਂ ਕੌਮੀ ਮਸਲਿਆਂ ਬਾਰੇ ਵਿਸ਼ਵ ਭਰ ਦੇ 50-60 ਲੱਖ ਸਿੱਖਾਂ ਦੀ ਰਾਏ ਲਈ ਜਾ ਸਕਦੀ ਹੈ, ਇਹੀ ਸਾਡਾ ਸਰਬੱਤ ਖਾਲਸਾ ਹੋਵੇਗਾ ।ਇਸੇ ਪਟੀਸ਼ਨ ਰਾਹੀਂ ਬਾਦਲ ਅਤੇ ਉਸ ਦੇ ਜਥੇਦਾਰਾਂ ਨੂੰ ਪੰਥ ਚੋਂ ਛੇਕਿਆ ਜਾ ਸਕਦਾ ਹੈ।
ਇੰਟਰਨੈਸ਼ਨਲ ਸੰਤ ਸਮਾਜ ਦੇ ਬਾਬਾ ਲਾਲ ਸਿੰਘ ਭੀਖੀ ਨੇ ਕਿਹਾ ਕਿ ਮੌਜੂਦਾ ਫੈਸਲੇ ਅਨੁਸਾਰ ਜਥੇਦਾਰਾਂ ਨੇ ਕੌਮ ਨਾਲ ਇੱਕ ਮਜ਼ਾਕ ਕੀਤਾ ਹੈ।ਜਿਸ ਰਾਹੀਂ ਡੇਰਾ ਸਿਰਸਾ ਮੱਖੀ ਨੇ ਕੋਈ ਮੁਆਫੀ ਨਹੀ ਮੰਗੀ ਬਲਕਿ ਜਥੇਦਾਰਾਂ ਨੇ ਡੇਰਾ ਮੁੱਖੀ ਤੋਂ ਮੁਆਫੀ ਮੰਗੀ ਹੈ।ਬਾਬਾ ਲੀਡਰ ਸਿੰਘ ਫੈਸਲਾਬਾਦ ਵਾਲਿਆਂ ਦੇ ਨੁਮਾਇੰਦੇ ਬਾਬਾ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਤਾਂ ਜਾਣਦੇ ਹਾਂ ਕਿ ਦਸਮ ਪਾਤਸ਼ਾਹ ਨੇ ਸਿੱਖੀ ਮਾਰਗ ਦੇ ਰਾਹ ਵਿੱਚ ਰੋੜਾ ਬਨਣ ਵਾਲੇ ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਸਾੜਿਆ ਸੀ, ਅਤੇ ਅੱਜਕਲ੍ਹ ਦੇ ਮਸੰਦਾਂ ਬਾਰੇ ਵੀ ਸੋਚਣਾ ਪਵੇਗਾ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇੱਕਲਾ ਸਿੱਖ ਬਣ ਕੇ ਨਹੀ ਬਲਕਿ ਸਿੰਘ ਬਣ ਕੇ ਵੀ ਜੀਣਾ ਪਵੇਗਾ।ਦਮਦਮੀ ਟਕਸਾਲ ਮਹਿਤਾ ਦੇ ਨੁਮਾਇੰਦੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿ ਐਸਾ ਪ੍ਰੋਗਰਾਮ ਉਲੀਕੇ ਜਾਣ ਤੇ ਜੋਰ ਦਿੱਤਾ ਜਿਸ ਤਹਿਤ ਤੁਰੰਤ ਜਥੇਦਾਰਾਂ ਦਾ ਮੌਜੂਦਾ ਫੈਸਲਾ ਰੱਦ ਕਰਦਿਆਂ ਉਨ੍ਹਾ ਨੂੰ ਅਹੁੱਦਿਆਂ ਤੋਂ ਵੀ ਵੱਖ ਕੀਤਾ ਜਾ ਸਕੇ।ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਨੁਮਾਇੰਦੇ ਭਾਈ ਹਰਮਿੰਦਰ ਸਿੰਘ ਦਿੱਲੀ ਨੇ ਜੋਰ ਦਿੱਤਾ ਕਿ ਸਮੁੱਚਾ ਪੰਥ ਇਕ ਪਲੇਟ ਫਾਰਮ ਤੇ ਇੱਕਠਾ ਹੋਵੇ ਕਿਉਂਕਿ ਇਹੀ ਇੱਕ ਤਰੀਕਾ ਹੈ ਜਿਸ ਨਾਲ ਜੇਲ੍ਹਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ ਹੈ ।ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਸਿਧਾਤਾਂ ਅਨੁਸਾਰ ਗੁਰੂ ਵੀਹ ਵਿਸਵੇ ਹੈ ਤੇ ਸੰਗਤ 21 ਬਿਸਵੇ।ਇਸ ਲਈ ਜਥੇਦਾਰ ਅਗਰ ਕੋਈ ਫੈਸਲਾ ਕੌਮ ਦੇ ਹਿੱਤਾਂ ਜਾਂ ਸਿੱਖ ਸਿਧਾਤਾਂ ਦੇ ਉਲਟ ਕਰਦੇ ਹਨ ਤਾਂ ਸੰਗਤ ਲਾਹ ਸਕਦੀ ਹੈ ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜਥੇਦਾਰਾਂ ਨੇ ਅਜੇ ਤੀਕ ਉਹੀ ਕੰਮ ਕੀਤੇ ਹਨ, ਜੋ ਬਾਦਲ ਨੂੰ ਚੰਗੇ ਲੱਗਦੇ ਸਨ ।ਲੇਕਿਨ ਜੋ ਕੰਮ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਜਥੇਦਾਰਾਂ ਨੇ ਅੰਜ਼ਾਮ ਦਿੱਤਾ ਹੈ, ਉਹ ਆਰ.ਐਸ.ਐਸ ਦੇ ਹੁਕਮਾਂ ਅਨੁਸਾਰ ਹੋਇਆ ਹੈ ।ਉਨ੍ਹਾ ਕਿਹਾ ਜੇਕਰ ਭਾਜਪਾ ਤੇ ਆਰ.ਐਸ.ਐਸ ਸੌਦਾ ਸਾਧ ਨੂੰ ਬਰੀ ਕਰਵਾ ਸਕਦੀ ਹੈ ਤਾਂ ਜੇਲ੍ਹਾਂ ਵਿੱਚ ਬੰਦ ਨੌਜੁਆਨ ਵੀ ਬਰੀ ਹੋ ਸਕਦੇ ਹਨ, ਸਿਰਫ ਜਰੂਰਤ ਹੈ ਏਕੇ ਦੀ ।ਸ੍ਰ. ਮਾਨ ਨੇ ਪੂਰੀ ਇਕੱਤਰਤਾ ਵਲੋਂ ਐਲਾਨ ਕੀਤਾ ਕਿ ਸੌਦਾ ਸਾਧ ਨੂੰ ਬਰੀ ਕੀਤੇ ਜਾਣ ਦੇ ਰੋਸ ਵਜੋਂ 30 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ, ਸੌਦਾ ਸਾਧ ਮਾਮਲੇ ਵਿੱਚ ਜਥੇਦਾਰਾਂ ਵਲੋਂ ਕੀਤਾ ਫੈਸਲਾ ਪੂਰੀ ਤਰਾਂ ਰੱਦ ਕੀਤਾ ਜਾਂਦਾ ਹੈ ਅਤੇ ਬੰਦੀ ਛੋੜ ਦਿਵਸ ਵਾਲੇ ਦਿਨ ਦੇਸ਼ ਵਿਦੇਸ਼ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਰੱਬਤ ਖਾਲਸਾ ਸੱਦਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵਲੋਂ ਸ੍ਰ. ਬਲਦੇਵ ਸਿੰਘ ਸਿਰਸਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵਰਨ ਸਿੰਘ ਰਤੀਆ, ਏਕ ਨੂਰ ਖਾਲਸਾ ਫੌਜ ਵਲੋਂ ਭਾਈ ਲਖਬੀਰ ਸਿੰਘ, ਅਖੰਡ ਕੀਰਤਨੀ ਜਥਾ ਵਲੋਂ ਭਾਈ ਪ੍ਰਣਾਮ ਸਿੰਘ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਭਾਈ ਸੁਖਰਾਜ ਸਿੰਘ ਵੇਰਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਮਨਜੀਤ ਸਿੰਘ, ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਦਿੱਲੀ ਅਕਾਲੀ ਦਲ ਸਰਨਾ ਗਰੁੱਪ ਵਲੋਂ ਮਨਿੰਦਰ ਸਿੰਘ ਧੁੰਨਾ, ਜਗਜੀਤ ਸਿੰਘ ਗਾਬਾ, ਵੱਸਣ ਸਿੰਘ ਜੱਫਰਵਾਲ, ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਵਲੋਂ ਬਾਬਾ ਦਵਿੰਦਰ ਸਿੰਘ, ਬਾਬਾ ਬੀਰ ਸਿੰਘ, ਬਾਬਾ ਹਰਦੀਪ ਸਿੰਘ ਚਾਂਦਪੁਰੀ, ਸ਼ਸਪਾਲ ਸਿੰਘ ਮੀਰਾਂ ਕੋਟ ਨੇ ਵੀ ਵਿਚਾਰ ਰੱਖੇ।ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਬੀਬੀ ਚੱਠਾ, ਬੀਬੀ ਕੁਲਵੰਤ ਕੌਰ, ਕਰਮ ਸਿੰਘ ਭੋਈਆਂ, ਬਲਵਿੰਦਰ ਸਿੰਘ ਝਬਾਲ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ, ਪਰਮਜੀਤ ਸਿੰਘ ਗੋਰੇਨੰਗਲ, ਸਿੱਖ ਯੂਥ ਫਰੰਟ ਦੇ ਪਪਲਪ੍ਰੀਤ ਸਿੰਘ, ਸ਼ਰਨਜੀਤ ਸਿੰਘ ਰਟੌਲ, ਸ੍ਰ. ਮਹਿੰਦਰ ਸਿੰਘ ਰੰਧਾਵਾ, ਰਾਜੀਵ ਸਿੰਘ, ਬਾਬਾ ਗੁਰਬਚਨ ਸਿੰਘ ਨਿਹੰਗ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ, ਬਾਬਾ ਹਰੀ ਸਿੰਘ ਜੀਰੇ ਵਾਲਿਆਂ ਦੇ ਸਿੰਘ, ਪੀ.ਪੀ.ਪੀ ਆਗੂ ਸਰਵਣ ਸਿੰਘ ਧੁੰਨ, ਨਵਦੀਪ ਸਿੰਘ,੍ਰ ਰਣਜੀਤ ਸਿੰਘ, ਸ੍ਰ ਜੱਸਾ ਸਿੰਘ ਮੰਡਿਆਲਾ, ਕੁਲਬੀਰ ਸਿੰਘ ਗੰਡੀਵਿੰਡ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਮੇਜਰ ਸਿੰਘ, ਭਾਈ ਗੁਰਨਾਮ ਸਿੰਘ ਬੰਡਾਲਾ, ਬਲਵਿੰਦਰ ਸਿੰਘ ਕਾਲਾ, ਸਰਪੰਚ ਹਰਜਿੰਦਰ ਸਿੰਘ ਭੱਟੀ, ਸਿੱਖ ਯੁਥ ਵੈਲਫੇਅਰ ਜੰਡਿਆਲਾ ਦੇ ਗੁਰਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply