ਨਵੀਂ ਦਿੱਲੀ, (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਦੇ ਮਸਲੇ ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੁਝ ਕਾਂਗਰਸ ਆਗੂਆਂ ਦੀ ਸ਼ਮੁਲੀਅਤ ਹੋਣ ਦੇ ਕਬੂਲਨਾਮੇ ਦੇ ਬਾਅਦ ਸਿੱਖਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੂੰ 72 ਘੰਟੇ ਵਿਚ ਦੋਸ਼ੀਆ ਦੇ ਨਾਂ ਦੱਸਣ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਦੋਸ਼ੀਆਂ ਦੇ ਨਾਂ ਨਾ ਦੱਸਣ ਤੇ ਰਾਹੁਲ ਗਾਂਧੀ ਦੇ ਘਰ ਦਾ ਘੇਰਾਵ ਕਰਣ ਦੀ ਵੀ ਚੇਤਾਵਣੀ ਦਿੱਤੀ ਹੈ। ਦੰਗਾ ਪੀੜਤਾਂ ਦੇ ਜ਼ਖਮਾ ਤੇ ਲੂਣ ਛਿੜਕਣ ਦਾ ਰਾਹੁਲ ਗਾਂਧੀ ਤੇ ਆਰੋਪ ਲਗਾਉਂਦੇ ਹੋਏ ਉਨ੍ਹਾਂ ਨੇ ਬੇਗੁਨਾਹ ਸਿੱਖਾਂ ਦੀ ਕਾਂਗਰਸ ਦੇ ਵੱਡੇ ਆਗੂਆਂ ਜਗਦੀਸ਼ ਟਾਈਟਲਰ, ਸੱਜਨ ਕੁਮਾਰ, ਧਰਮਦਾਸ ਸ਼ਾਸਤ੍ਰੀ ਅਤੇ ਐਚ.ਕੇ.ਐਲ. ਭਗਤ ਦੀ ਅਗਵਾਈ ਹੇਠ ਕਾਂਗਰਸ ਦੇ ਗੁੰਡਿਆ ਵਲੋਂ ਹਜ਼ਾਰਾਂ ਸਿੱਖਾਂ ਦੇ ਕਤਲ ਦਾ ਵੀ ਹਵਾਲਾ ਦਿੱਤਾ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਸਾਬਕਾ ਪ੍ਰੈਸ ਸਕੱਤਰ ਤ੍ਰਿਲੋਚਨ ਸਿੰਘ ਦੇ ਹਵਾਲੇ ਤੋਂ ਆ ਰਹੀਆਂ ਖਬਰਾਂ ਦਾ ਜ਼ਿਕਰ ਕਰਦੇ ਹੋਏ ਜੀ. ਕੇ. ਨੇ ਸਵਾਲ ਪੁੱਛਿਆ ਕਿ ਦਿੱਲੀ ਛਾਂਵਣੀ ਵਿਚ 5000 ਫੋਜੀਆਂ ਦੀ ਮੌਜੂਦਗੀ ਹੋਣ ਦੇ ਬਾਵਜੂਦ ੧੯੮੪ ਵਿਚ ੩ ਦਿਨਾ ਬਾਅਦ ਫੋਜ ਨੂੰ ਮੇਰਠ ਤੋਂ ਇਸ ਕਤਲੇਆਮ ਨੂੰ ਰੋਕਣ ਲਈ ਕਿਉਂ ਬੁਲਾਇਆ ਗਿਆ ਸੀ? ਗਿਆਨੀ ਜੈਲ ਸਿੰਘ ਵਲੋਂ ਰਾਜੀਵ ਗਾਂਧੀ ਨਾਲ ਟੇਲੀਫੋਨ ਰਾਹੀਂ ੨ ਦਿਨ ਤੱਕ ਸੰਪਰਕ ਨਾ ਹੋਣ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਇਸ ਕਤਲੇਆਮ ਨੂੰ ਕਾਂਗਰਸ ਪ੍ਰਯੋਜਿਤ ਅਤੇ ਯੋਜਨਾਬੱਧ ਕਤਲੇਆਮ ਕਰਾਰ ਦੇਣ ਦੇ ਨਾਲ ਹੀ ਕਾਂਗਰਸੀਆ ਵਲੋਂ “ਖੂਨ ਕਾ ਬਦਲਾ ਖੂਨ” ਨਾਅਰੇ ਲਗਾਉਣ ਦਾ ਵੀ ਜਿਕਰ ਕੀਤਾ। ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਕਬੂਲਨਾਮੇ ਦੇ ਬਾਅਦ ਉਨਾਂ ਨੇ ਕਾਂਗਰਸ ਆਗੂਆਂ ਤੋਂ ਸਵਾਲ ਪੁੱਛਿਆ, ਕਿ ਓਹ ਸਿੱਖ ਕੌਮ ਨੂੰ ਇਸ ਸੰਬੰਧ ਵਿਚ ਕੋਈ ਹਰਜਾਨਾ ਦੇਣਾ ਚਾਣਗੇ ਜਿਸ ਨਾਲ ਪੀੜਤ ਪਰਿਵਾਰਾ ਦਾ ਭਲਾ ਹੋ ਸਕੇ? ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਦੀ ਕਾਰਜਸ਼ੈਲੀ ਨੂੰ ਇਸ ਕਤਲੇਆਮ ਦੇ ਦੋਸ਼ੀਆ ਨੂੰ ਸਜਾਵਾਂ ਦੇਣ ਵਿਚ ਅਸਮਰਥ ਦੱਸਦੇ ਹੋਏ ਉਨਾਂ ਨੇ ਵੇਦ ਮਾਰਵਾਹ ਕਮੀਸ਼ਨ ਵਲੋਂ ਦਿੱਲੀ ਪੁਲਿਸ ਦੇ ਵੱਡੇ ਅਫਸਰਾਂ ਦੀ 1984 ਵਿਚ ਭੁਮਿਕਾ ਦੀ ਜਾਂਚ ਦੇ ਦੌਰਾਨ ਕੇਂਦਰ ਦੇ ਦਬਾਵ ਵਿਚ ਜਾਂਚ ਨੂੰ ਰੋਕਣ ਦੀ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਕਤਲੇਆਮ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਸ਼ਾਮਿਲ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 84ਦੇ ਸਿੱਖਾਂ ਦੇ ਮਾਮਲਿਆਂ ਤੇ ਐਸ.ਆਈ.ਟੀ. ਬਣਾਉਣ ਤੇ ਚੁਟਕੀ ਲੈਂਦੇ ਹੋਏ ਸਿਰਸਾ ਨੇ ਕਿਹਾ ਕਿ ਅਗਰ ਕਾਂਗਰਸ ਕੇਜਰੀਵਾਲ ਨੂੰ ਐਸ.ਆਈ.ਟੀ ਨਹੀਂ ਬਣਾਉਣ ਦੇਂਦੀ ਤੇ ਕੇਜਰੀਵਾਲ ਨੁੰ ਸਿੱਖਾਂ ਨਾਲ ਹਮਦਰਦੀ ਵਿਖਾਉਂਦੇ ਹੋਏ ਕਾਂਗਰਸ ਦੇ ਖਿਲਾਫ ਪ੍ਰਦਰਸ਼ਨਾ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਅਨੰਦ, ਜਗਜੀਤ ਸਿੰਘ ਰਿਹਲ, ਗੁਰਮਿੰਦਰ ਸਿੰਘ ਮਠਾਰੂ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਗੁਰਮੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਜਿੰਦਰ ਸਿੰਘ, ਰਵੇਲ ਸਿੰਘ, ਸਤਪਾਲ ਸਿੰਘ, ਹਰਵਿੰਦਰ ਸਿੰਘ ਕੇ.ਪੀ. ਐਮ.ਪੀ.ਐਸ. ਚੱਡਾ, ਚਮਨ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹ, ਕੈਪਟਨ ਇੰਦਰ ਪ੍ਰੀਤ ਸਿੰਘ, ਕੁਲਦੀਪ ਸਿੰਘ ਸਾਹਨੀ, ਦਰਸ਼ਨ ਸਿੰਘ, ਅਤੇ ਜਸਪ੍ਰੀਤ ਸਿੰਘ ਵਿੱਕੀਮਾਨ, ਸੁਰਿੰਦਰ ਪਾਲ ਸਿੰਘ ਉਬਰਾਏ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …