ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੈਵੀ ਸਭਿਅਤਾ ਦੇ ਵਿਗਾਸ ਦਾ ਗੁਰੂ ਖਾਲਕ- ਭਾਈ ਦਵਿੰਦਰਪਾਲ ਸਿੰਘ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) ਗੁਰੂ ਜੋਤਿ ਦੇ ਪ੍ਰਕਾਸ਼ ਦੀਆਂ ਦੈਵੀ ਰਮਜ਼ਾਂ ਨੂੰ ‘ਰੈਵੀਲੇਸ਼ਨ’ ਦੀਆਂ ਵਿਸ਼ਵ ਨਾਮ ਪਰੰਪਰਾਵਾਂ ਦੇ ਪਿਛੋਕੜ ਅਤੇ ਉਸ ਦੁਆਰਾ ਲੌਕਿਕ ਸਭਿਆਚਾਰਕ ਗਿਆਨ ਸਰੰਚਨਾ ਨੂੰ ਵਿਚ ਸ਼ਾਮਿਲ ਜਾਣਦਿਆਂ ਹੀ ਠੀਕ ਰੂਪ ਵਿਚ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬਾਨਾਂ ਦੇ ਇਸ ਧਰਤੀ ‘ਤੇ ਪ੍ਰਗਟ ਹੋਣ ਦਾ ਗਿਆਨ ਸ਼ਾਸਤਰੀ ਪਰਿਪੇਖ ਉਸਾਰਨ ਲਈ ਏਸ਼ੀਆਈ ਸਭਿਆਚਾਰਾਂ ਨੂੰ ਆਪਣਾ ਮੌਲਿਕ ਖੋਜ ਪ੍ਰਬੰਧ ਸਿਰਜਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਗੁਰੂ-ਕਾਲ ਨਾਲ ਸਬੰਧਤ ਤਮਾਮ ਲਿਖਤਾਂ ਨੂੰ ਕੁੱਲ ਵਿਸ਼ਵ ਦਰਸ਼ਨ ਅਤੇ ਅਧਿਆਤਮ ਦੀ ਰੌਸ਼ਨੀ ਵਿਚ ਮੁੜ ਪੜ੍ਹਿਆ, ਵਿਸ਼ਲੇਸ਼ਿਤ, ਸੰਯੋਜਿਤ ਅਤੇ ਲਿਖਿਆ ਜਾਣਾ ਚਾਹੀਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਡਾ. ਗੁਲਜ਼ਾਰ ਸਿੰਘ ਕੰਗ ਨੇ ਕੀਤਾ।ਪ੍ਰਕਾਸ਼ ਪੁਰਬ ਸਮਾਗਮ ਦਾ ਆਰੰਭ ਯੂਨੀਵਰਸਿਟੀ ਵਿਦਿਆਰਥੀਆਂ ਤੋਂ ਇਲਾਵਾ ਸੂਰਮਾ ਸਿੰਘ ਆਸ਼ਰਮ (ਚੀਫ ਖਾਲਸਾ ਦੀਵਾਨ, ਸ੍ਰੀ ਅੰਮ੍ਰਿਤਸਰ) ਦੇ ਕੀਰਤਨੀ ਜਥੇ ਵੱਲੋਂ ਆਦਿ ਕੀਰਤਨ ਪਰੰਪਰਾ ਅਨੁਸਾਰ ਤੰਤੀ ਸਾਜ਼ਾ ਦੁਆਰਾ ਕੀਰਤਨ ਗਾਇਨ ਕੀਤਾ ਗਿਆ। ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਹਾਇਕ ਪ੍ਰੋਫੈਸਰ, ਸ੍ਰੀ ਪ੍ਰਭਾਕਰ ਕਸ਼ਯਪ ਵੱਲੋਂ ਸ਼ਾਸਤਰੀ ਸੰਗੀਤ ਪਰੰਪਰਾ ਵਿਚ ਗੁਰਬਾਣੀ ਕੀਰਤਨ ਦਾ ਗਾਇਨ ਕੀਤਾ ਗਿਆ। ਪ੍ਰਸਿੱਧ ਕਥਾਵਾਚਕ ਭਾਈ ਦਵਿੰਦਰਪਾਲ ਸਿੰਘ ਨੇ ਪਰੰਪਰਾਗਤ ਕਥਾ ਦੀ ਦਿੱਬਤਾ ਅਤੇ ਮੌਲਿਕਤਾ ਬਾਰੇ ਵਿਚਾਰ ਪੇਸ਼ ਕੀਤੇ।
ਡਾ. ਕੰਗ ਨੇ ਕਿਹਾ ਗੁਰੂ ਸਾਹਿਬ ਨੇ ਸੋਢੀ ਬੰਸ ਵਿਚ ਲਾਹੌਰ ਦੀ ਚੂਨਾ ਮੰਡੀ ਵਿਖੇ ਅਵਤਾਰ ਧਾਰਨ ਕੀਤਾ ਜੋ ਏਸ਼ੀਆਈ ਸਭਿਅਤਾ ਦੇ ਪੁਰਾਤਨ ਸ਼ਹਿਰਾਂ ਦੀ ਸਾਂਝੀ ਕਲਚਰਲ ਐਂਥਰੋਪਾਲਿਜੀ ਦਾ ਪ੍ਰਤੀਕ ਹੈ, ਜਿਸ ਨੂੰ ਗੁਰੂ ਜੋਤਿ ਨੇ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਨਾਲ ਸ਼ਬਦ ਦੀ ਸੇਵਾ ਵਿਚ ਪਲਟ ਦਿੱਤਾ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਪਿੱਛੇ ਵਣਜ ਦੇ ਵਿਸਮਾਦੀ ਮਾਡਲ ਦਾ ਗਿਆਨ ਸਿਰਜਣਾ ਚਾਹੀਦਾ ਹੈ ਜੋ ਕਿ ਮੌਜੂਦਾ ਆਰਥਿਕਤਾ ਅਤੇ ਵਣਜ ਦੇ ਸਗਲੇ ਵਰਤਾਰੇ ਨੂੰ ਜ਼ਿੰਦਗੀ ਦੀ ਪ੍ਰਤਪਾਲਣਾ ਵਿਚ ਯਤਨਸ਼ੀਲ ਰੱਖਣ ਲਈ ਪੁਸ਼ਤਪਨਾਹ ਬਣੇਗਾ।
ਭਾਈ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਕਥਾ, ਜੀਵਨ ਦੇ ਗਿਆਨ ਦੀ ਸਗਲੀ ਉਚਾਈ ਨੂੰ ਅਧਿਆਤਮਕ ਅਭਿਆਸ ਦੁਆਰਾ ਅਨੁਭਵੀ ਸੰਜਮ ਵਿਚ ਪਲਟਦੀ ਹੋਈ ਉਸਦੀ ਸਰਲਤਾ ਅਤੇ ਵਿਹਾਰਕਤਾ ਬਣਾਉਂਦੀ ਹੈ। ਗੁਰੂ ਸਾਹਿਬ ਵੱਲੋਂ ਥੜ੍ਹੇ ਢਵਾਉਣ ਵਾਲੀ ਸਾਖੀ ਰਮਜ਼ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਨੇ ਤਖਤ ਨਾਲ ਜੁੜੇ ਮੱਧਕਾਲੀਨ ਸੱਤਾ ਕੇਂਦਰਤ ਆਦਰਸ਼ਾਂ ਤੋਂ ਮੁਕਤ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ, ਸ਼ਹਾਦਤ ਅਤੇ ਮੀਰੀ-ਪੀਰੀ ਦੇ ਗੁਰੂ-ਕ੍ਰਿਤਾਂ ਦੇ ਪ੍ਰਗਟਣ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਸਥਾਪਨਾ ਨਾਲ ਗੁਰੂ ਨੇ ਪ੍ਰਕ੍ਰਿਰਤਕ ਰਹੱਸ ਵਾਲੇ ਸੋਮਿਆਂ ਦੁਆਲੇ ਸਭਿਅਤਾ ਦੇ ਵਿਕਾਸ ਨੂੰ ਵਿਗਾਸ ਵੱਲ ਤੋਰਦਿਆਂ ਸਰੋਵਰ ਰਾਹੀਂ ਦੈਵੀ ਸਭਿਅਤਾ ਦੇ ਵਿਗਾਸ ਦਾ ਆਪਣਾ ਖਾਲਕ ਪ੍ਰਗਟ ਕੀਤਾ ਹੈ।
Punjab Post Daily Online Newspaper & Print Media