ਕਿਲਾ ਗੋਬਿੰਦਗੜ ਅਤੇ ਰਾਮ ਬਾਗ ਵਿਖੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨੂੰ ਝੰਡੀ
ਅੰਮ੍ਰਿਤਸਰ, 1 ਫਰਵਰੀ ( ਪੰਜਾਬ ਪੋਸਟ ਬਿਊਰੋ )-ਅੰਮ੍ਰਿਤਸਰ ਵਿਚ ਸਿਟੀ ਬਸ ਸੇਵਾ ਦੇ ਨਾਲ-ਨਾਲ ਛੇਤੀ ਹੀ ਹੁਣ ਬੀ ਆਰ ਟੀ ਐਸ (ਬੱਸ ਰੇਪਿਡ ਟਰਾਂਜਿਟ ਸਿਸਟਮ) ਸ਼ੁਰੂ ਹੋ ਜਾਣ ਰਿਹਾ ਹੈ, ਜਿਸ ਦਾ ਨੀਂਹ ਪੱਥਰ ਇਸ ਮਹੀਨੇ ਦੇ ਵਿਚ ਰੱਖ ਦਿੱਤਾ ਜਾਵੇਗਾ ਅਤੇ ਅਗਲੇ 2 ਸਾਲ ਤੱਕ ਇਹ ਬੱਸਾਂ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਉਨਾਂ ਐਲਾਨ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਵਿਕਾਸ ਤੇ ਨਵੀਨੀਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਫੈਸਲਾ ਅੱਜ ਇੱਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਬਾਰੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਕੀਤੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ। 491 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦਾ ਹਵਾਲਾ ਦਿੰਦੇ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਿਸਟਮ ਤਹਿਤ ਭੰਡਾਰੀ ਪੁੱਲ ਤੋਂ ਇੰਡੀਆ ਗੇਟ, ਭੰਡਾਰੀ ਪੁਲ ਤੋਂ ਦੁਬਰਜੀ, ਦੁਬਰਜੀ ਬਾਈਪਾਸ ਤੋਂ ਵੇਰਕਾ, ਵੇਰਕਾ ਤੋਂ ਸੈਲੀਬ੍ਰੇਸ਼ਨ ਮਾਲ, ਸੈਲੀਬ੍ਰੇਸ਼ਨ ਮਾਲ ਤੋਂ ਸੰਤ ਸਿੰਘ ਸੁੱਖ ਸਿੰਘ ਚੌਕ, ਫੋਰ ਐਸ ਚੌਕ ਤੋਂ ਕਿਚਲੂ ਚੌਕ ਅਤੇ ਕਿਚਲੂ ਚੌਕ ਤੋਂ ਪੁਰਾਣੇ ਸਦਰ ਥਾਣੇ ਤੱਕ ਬੱਸਾਂ ਚਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਰੂਟ ‘ਤੇ ਚੱਲਣ ਵਾਲੀਆਂ ਬੱਸਾਂ ਲਈ ਵੱਖਰਾ ਟਰੈਕ ਬਣਾਇਆ ਜਾਵੇਗਾ, ਜਿਸ ‘ਤੇ ਕੇਵਲ ਤੇ ਕੇਵਲ ਇਹ ਬੱਸਾਂ ਹੀ ਚੱਲ ਸਕਣਗੀਆਂ।
ਉਪ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਦੇ ਨਾਲ ਹੀ ਸ਼ਹਿਰ ਦੇ ਕੂੜੇ-ਕੜਕਟ ਦੀ ਸਮੱਸਿਆ ਦਾ ਹੱਲ ਕਰਦੇ 72.49 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਹੋਣ ਵਾਲੇ ਸੋਲਿਡ ਵੇਸਟ ਮੈਨਜਮੈਂਟ ਪਲਾਂਟ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਦੀ ਹਦਾਇਤ ਕਰਦੇ ਇਸ ਦਾ ਨੀਂਹ ਪੱਥਰ ਇਸ ਮਹੀਨੇ ਹੀ ਰੱਖਣ ਦਾ ਆਦੇਸ਼ ਦਿੱਤੇ। ਸ. ਬਾਦਲ ਨੇ ਸ਼ਹਿਰ ਵਿਚ ਲੱਗੇ ਬਿਜਲੀ ਦੇ ਖੰਭੇ ਹਟਾ ਕੇ ਤਾਰ ਨੂੰ ਜ਼ਮੀਨਦੋਜ਼ ਕਰਨ ਜਾਂ ਡਿਜਾਈਨਰ ਪੋਲ ‘ਤੇ ਕੇਬਲ ਲਗਾਉਣ ਦੀ ਤਾਕੀਦ ਵੀ ਕੀਤੀ। ਉਨਾਂ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਇਟਾਂ ਦੇ ਪੁਰਾਣੇ ਪੋਲ ਹਟਾ ਕੇ ਨਵੀਂ ਵਿਰਾਸਤੀ ਦਿੱਖ ਵਾਲੇ ਪੋਲ ਲਗਾਏ ਜਾਣਗੇ।
ਕਿਲਾ ਗੋਬਿੰਦਗੜ ਦੇ ਕੰਮ ਦਾ ਜਾਇਜ਼ਾ ਲੈਂਦੇ ਸ. ਬਾਦਲ ਨੇ ਇਸ ਪ੍ਰਾਜੈਕਟ ਨੂੰ ਛੇਤੀ ਸ਼ੁਰੂ ਕਰਨ ਦਾ ਹੁਕਮ ਦਿੰਦੇ ਕਿਹਾ ਕਿ ਇੱਥੇ ਦਰਸ਼ਕਾਂ ਲਈ ਰੋਜ਼ਾਨ ਰੌਸ਼ਨੀ ਅਤੇ ਅਵਾਜ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸ਼ਹਿਰ ਆਉਣ ਵਾਲੇ ਸੈਲਾਨੀ ਪੰਜਾਬ ਦੀ ਵਿਰਾਸਤ ਤੋਂ ਵੀ ਜਾਣੂੰ ਹੋ ਸਕਣ। ਉਨਾਂ ਕਿਲੇ ਵਿਚ ਕੀਤੀ ਜਾ ਰਹੀ ਲਾਇਟਿੰਗ, ਲੈਂਡ ਸਕੇਪਿੰਗ ਅਤੇ ਚੱਲ ਰਹੇ ਹੋਰ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਕੁੱਝ ਸੁਝਾਅ ਵੀ ਦਿੱਤੇ।
ਸ. ਸੁਖਬੀਰ ਸਿੰਘ ਬਾਦਲ ਨੇ ਕੰਪਨੀ ਬਾਗ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਮਿਉਂਸੀਪਲ ਕਾਰਪੋਰੇਸ਼ਨ ਅਤੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇੱਥੇ ਰੋਜ਼ਾਨ ਰੌਸਨੀ ਅਤੇ ਅਵਾਜ਼ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾਬੰਦੀ ਕਰਨ। ਇਸ ਤੋਂ ਇਲਾਵਾ ਸੰਗੀਤਕ ਫੁਹਾਰੇ, ਸੁੰਦਰ ਰੋਸ਼ਨੀਆਂ ਅਤੇ ਵਧੀਆ ਦਰਖਤ ਲਗਾਉਣ ਦਾ ਹੁੱਕਮ ਦਿੰਦੇ ਇੰਨਾਂ ਦੀ ਵਿਰਾਸਤੀ ਦਿੱਖ ਨੂੰ ਸੁਰਜੀਤ ਕਰਨ ਦੀ ਹਦਾਇਤ ਕੀਤੀ। ਜਦ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਰਾਮ ਬਾਗ ਵਿਖੇ ਪੁਰਾਤਤਵ ਵਿਭਾਗ ਵੱਲੋਂ ਖੜ•ੀਆਂ ਕੀਤੀਆਂ ਜਾ ਰਹੀਆਂ ਔਕੜਾਂ ਵੱਲ ਸ. ਬਾਦਲ ਦਾ ਧਿਆਨ ਦਿਵਾਇਆ ਤਾਂ ਉਨਾਂ ਇਹ ਮੁੱਖ ਮੰਤਰੀ ਰਾਹੀਂ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ।
ਮਿਉਂਸੀਪਲ ਕਾਰਪੋਰੇਸ਼ਨ ਦੇ ਦਫਤਰ ਦੀ ਟਾਊਨ ਹਾਲ ਸਥਿਤ ਇਮਾਰਤ ਦੀ ਵਿਰਾਸਤੀ ਦਿੱਖ ਨੂੰ ਸੰਵਾਰਨ ਲਈ 65.5 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਲੈਂਦੇ ਉਪ ਮੁੱਖ ਮੰਤਰੀ ਨੇ ਇੱਥੇ ਸੈਲਾਨੀਆਂ ਲਈ ਵਧੀਆ ਫੂਡ ਕੋਰਟ, ਕਰਾਫਟ ਬਜ਼ਾਰ ਅਤੇ ਓਪਨ ਏਅਰ ਥੀਏਟਰ ਬਨਾਉਣ ਦੇ ਆਦੇਸ਼ ਦਿੱਤੇ।ਉਨਾਂ ਟਾਊਨ ਹਾਲ ਦੇ ਨਾਲ-ਨਾਲ ਹਾਲ ਬਾਜ਼ਾਰ ਦੀਆਂ ਦੁਕਾਨਾਂ ਦੀ ਇਕੋ-ਜਿਹੀ ਦਿੱਖ ਬਨਾਉਣ ਲਈ ਕੀਤੇ ਗਏ ਡਿਜ਼ਾਈਨ ਵੇਖੇ। ਉਨਾਂ ਇਸ ਇਲਾਕੇ ਦੀਆਂ ਖੰਭਿਆਂ ‘ਤੇ ਲਟਕ ਰਹੀਆਂ ਤਾਰਾਂ ਅਤੇ ਲੱਗੀਆਂ ਵੰਨ-ਸੁਵੰਨੀਆਂ ਸਟਰੀਟ ਲਾਈਟਾਂ ਹਟਾਉਣ ਦਾ ਹੁੱਕਮ ਦਿੰਦੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ‘ਤੇ ਇਕ ਸਮਾਨ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ ਇਸ ਲਈ ਵਿਰਾਸਤੀ ਦਿੱਖ ਵਾਲੇ ਵਿਸ਼ੇਸ਼ ਖੰਭੇ ਡਿਜ਼ਾਈਨ ਕਰਵਾਏ ਜਾਣ। ਸ. ਬਾਦਲ ਨੇ ਬਰਾਸਤ ਦੇ ਦਿਨਾਂ ਵਿਚ ਟਾਊਨ ਹਾਲ ਵਿਖੇ ਖੜਦੇ ਪਾਣੀ ਨੂੰ ਕੱਢਣ ਲਈ ਕੀਤੇ ਜਾਣ ਵਾਲੇ ਕੰਮ ਦਾ ਜਾਇਜ਼ਾ ਵੀ ਲਿਆ ਅਤੇ ਇਸ ਦੀ ਜ਼ਿੰਮੇਵਾਰੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਸੌਂਪੀ।
ਸ. ਬਾਦਲ ਨੇ ਜਲੰਧਰ-ਅੰਮ੍ਰਿਤਸਰ ਸੜਕ ਅਤੇ ਸੁਲਤਾਨਵਿੰਡ ਨਹਿਰ ਦੇ ਨਾਲ ਲਗਾਏ ਜਾਣ ਵਾਲੇ ਦਰਖਤਾਂ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਲਈ ਅਤੇ ਇਨਾਂ ਦਰਖਤਾਂ ‘ਤੇ ਸੁੰਦਰ ਰੌਸ਼ਨੀਆਂ ਲਗਾਉਣ ਦੇ ਹੁਕਮ ਦਿੱਤੇ। ਉਨਾਂ ਇਸ ਤੋਂ ਇਲਾਵਾ ਵਾਹਗਾ ਸਰਹੱਦ ‘ਤੇ ਬਣਨ ਵਾਲੀ ਪਾਰਕਿੰਗ ਅਤੇ ਟੂਰਿਜ਼ਮ ਰਿਸੈਪਸ਼ਨ ਸੈਂਟਰ ਬਨਾਉਣ ਦਾ ਕੰਮ ਦਾ ਜਾਇਜ਼ਾ ਲਿਆ।
ਸ. ਬਾਦਲ ਨੇ ਅੱਜ ਮੀਟਿੰਗ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ। ਉਨਾਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣ ਰਹੇ ਪਲਾਜ਼ੇ, ਕਿਲਾ ਗੋਬਿੰਦਗੜ ਅਤੇ ਸੁਲਤਾਨਵਿੰਡ ਨਹਿਰ ਦੇ ਨਾਲ ਚੱਲ ਰਹੇ ਕੰਮਾਂ ਨੂੰ ਮੌਕੇ ‘ਤੇ ਜਾ ਕੇ ਵੇਖਿਆ। ਅੱਜ ਇਸ ਮੌਕੇ ਪ੍ਰਿੰਸੀਪਲ ਸਕੱਤਰ ਪੀ ਐਸ ਔਜਲਾ, ਡਾਇਰੈਕਟਰ ਸੈਰ ਸਪਾਟਾ ਵਿਭਾਗ ਐਨ ਪੀ ਐਸ ਰੰਧਾਵਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਸ੍ਰੀ ਡੀ ਪੀ ਐਸ ਖਰਬੰਦਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।