
ਅੰਮ੍ਰਿਤਸਰ, 28 ਨਵੰਬਰ (ਗੁਰਪ੍ਰੀਤ ਸਿੰਘ)- ਪੰਜਾਬੀ ਸ਼ਾਇਰੀ ਵਿੱਚ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਸਮਰੱਥ ਸ਼ਾਇਰ ਰਵਿੰਦਰ ਸਹਿਰਾਅ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਉਹ ਆਪਣੀ ਪਤਨੀ ਸ੍ਰੀਮਤੀ ਨੀਰੂ ਸਹਿਰਾਅ ਨਾਲ ਨਿੱਜੀ ਦੌਰੇ ‘ਤੇ ਮਰਹੂਮ ਸ਼ਾਇਰ ਪਰਮਿੰਦਰਜੀਤ ਹੋਰਾਂ ਦੀ ਧਰਮ ਪਤਨੀ ਸ੍ਰੀਮਤੀ ਸਵਿੰਦਰ ਕੌਰ ਨਾਲ ਅਫਸੋਸ ਪ੍ਰਗਟ ਕਰਨ ਆਏ ਸਨ। ਜਿਸ ਉਪਰੰਤ ਕਥਾਕਾਰ ਦੀਪ ਦਵਿੰਦਰ ਸਿੰਘ ਦੇ ਗ੍ਰਹਿ ਵਿਖੇ ਥੋੜੇ ਸਮੇਂ ਲਈ ਠਹਿਰੇ ਸ੍ਰੀ ਸਹਿਰਾਅ ਨੇ ਪ੍ਰਵਾਸੀ ਜਨ-ਜੀਵਨ, ਸਾਹਿਤ, ਭਾਸ਼ਾ ਅਤੇ ਸਭਿਆਚਾਰ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਸਾਹਿਤਕ ਗੱਲਬਾਤ ਦਾ ਮੁੱਢ ਬੰਨ੍ਹਦਿਆਂ ਆਪਣੇ ਲਿਖੇ ਇੱਕ ਸ਼ੇਅਰ ਕਿ ”ਕਦੀ ਵੀ ਜਾਚ ਨਾ ਆਉਂਦੀ, ਸੰਗਰਾਮਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ, ਲੋਅ ਅੱਖਰਾਂ ਦੀ” ਦੇ ਹਵਾਲੇ ਨਾਲ ਦੱਸਿਆ ਕਿ ਕਵਿਤਾ ਵਿਚਾਰ ਦੀ ਕਵਿਤਾ ਹੋਣੀ ਚਾਹੀਦੀ ਹੈ। ਨਿੱਜਵਾਦ ਵਿੱਚ ਰਹਿ ਕੇ ਅਤੇ ਲੋਕ ਲਹਿਰਾਂ ਨਾਲੋਂ ਟੁੱਟ ਕੇ ਲਿਖੀ ਕਵਿਤਾ ਕਦੀ ਵੀ ਲੋਕਾਂ ਦੇ ਹਾਣ ਦੀ ਕਵਿਤਾ ਨਹੀਂ ਬਣਦੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਜੀਵਨ ਵਿੱਚ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਅਮਰਜੀਤ ਚੰਦਨ ਅਤੇ ਪਾਸ਼ ਵਰਗੇ ਇੰਕਲਾਬੀ ਸ਼ਾਇਰਾਂ ਦੀ ਲੇਖਣੀ ਦਾ ਡੂੰਘਾ ਅਸਰ ਸੀ। ਇਸੇ ਲਈ ਉਨ੍ਹਾਂ ਨੂੰ ਐਮਰਜੈਂਸੀ ਵੇਲੇ ‘ਮੀਸ਼ਾ’ ਵਰਗੇ ਕਾਨੂੰਨ ਤਹਿਤ ਜੇਲ੍ਹ ਜਾਣਾ ਪਿਆ ਸੀ ਅਤੇ ਉਸੇ ਸਮੇਂ ਉਨ੍ਹਾਂ ਆਪਣੀ ਪਲੇਠੀ ਕਾਵਿ-ਪੁਸਤਕ ‘ਚੁਰਾਏ ਪਲਾਂ ਦਾ ਹਿਸਾਬ’ ਪਾਠਕਾਂ ਦੀ ਝੋਲੀ ਪਾਈ ਸੀ। ਪੰਜਾਬ ਅੰਦਰ ਆਏ ਕਾਲੇ ਦੌਰ ਦੇ ਦਿਨਾਂ ਵਿੱਚ ਉਹ ਅਮਰੀਕਾ ਜਾ ਵੱਸੇ ਜਿੱਥੇ ਉਨ੍ਹਾਂ ਮਨੁੱਖੀ ਲੋੜਾਂ ਥੁੜਾਂ ਨੂੰ ਪੇਸ਼ ਕਰਦੀ ਕਵਿਤਾ ਵਿੱਚੋਂ ‘ਜਖਮੀ ਫਲ’, ‘ਰਿਸ਼ਤਾ ਸ਼ਬਦ ਸਲੀਬਾਂ ਦਾ’, ‘ਅੱਖਰਾਂ ਦੀ ਲੋਅ ਅਤੇ ‘ਕਾਗਦ ਕਲਮ ਦਵਾਤ’ ਵਰਗੇ ਕਾਵਿ ਸੰਗ੍ਰਹਿਾਂ ਰਾਹੀਂ ਪੰਜਾਬੀ ਕਵਿਤਾ ਵਿੱਚ ਆਪਣੀ ਪੁਖਤਾ ਛਾਪ ਛੱਡੀ। ਉਨ੍ਹਾਂ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਅਮਰੀਕੀ ਪੰਜਾਬੀ ਕਵਿਤਾ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਵੀ ਪੜ੍ਹਾਈ ਜਾਂਦੀ ਰਹੀ ਹੈ। ਉਹ ਆਪਣੀ ਇਸ ਫੇਰੀ ਦੌਰਾਨ ਆਪਣੀ ਨਜ਼ਦੀਕੀ ਸ਼ਾਇਰ ਮਿੱਤਰ ਡਾ. ਅਮਰੀਸ਼ ਦੇ ਘਰ ਵੀ ਉਨ੍ਹਾਂ ਨੂੰ ਮਿਲਣ ਲਈ ਗਏ। ਇਸ ਸਮੇਂ ਉਨ੍ਹਾਂ ਦੇ ਨਾਲ ਤਰਲੋਚਨ ਸਿੰਘ ਤਰਨ ਤਾਰਨ, ਸ੍ਰੀਮਤੀ ਪਰਮਜੀਤ ਕੌਰ, ਕੁਲਵਿੰਦਰ ਕੌਰ ਅਤੇ ਸਰਬਜੋਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media