ਅੰਮ੍ਰਿਤਸਰ :1 ਫਰਵਰੀ : ਅਖੌਤੀ ਅੰਗਰੇਜ ਲੇਖਕ ਮਿਸਟਰ ਡਬਲਯੂ.ਐਲ.ਮੈਗਰੇਗਰ ਦੁਆਰਾ ਲਿਖਤ ਵਿਵਾਦਿਤ “ਹਿਸਟਰੀ ਆਫ਼ ਦਾ ਸਿੱਖਸ” ਦੇ ਪ੍ਰਕਾਸ਼ਕ ਆਰ.ਕੇ. ਮਹਿਰਾ ਨੇ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗ ਲਈ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਸੰਗਤਾਂ ਵੱਲੋਂ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਸਤਕ ਦੇ ਪ੍ਰਕਾਸ਼ਕ ਵਿਰੁਧ ਸਖ਼ਤ ਐਕਸ਼ਨ ਲੈਂਦੇ ਹੋਏ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਾੜਨਾ ਕੀਤੀ ਸੀ ਅਤੇ ਇਸ ਪੁਸਤਕ ਸਬੰਧੀ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਪ੍ਰੋਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਮਹਿੰਦਰ ਸਿੰਘ ਗਿੱਲ ਐਡਵੋਕੇਟ ਅਤੇ ਸ. ਪ੍ਰੀਤਪਾਲ ਸਿੰਘ ਲੀਗਲ ਐਡਵਾਈਜ਼ਰ ਸ਼੍ਰੋਮਣੀ ਕਮੇਟੀ ਤੇ ਅਧਾਰਿਤ ਸਬ-ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੇ ਕੋ-ਆਰਡੀਨੇਟਰ ਸ.ਜਗਜੀਤ ਸਿੰਘ ਮੀਤ ਸਕੱਤਰ ਹਨ।
ਇਸ ਵਿਵਾਦਿਤ ਪੁਸਤਕ ਵਿੱਚ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ, ਦੂਸਰੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਰੂਪਾ ਪਬਲੀਕੇਸ਼ਨਜ਼ ਇੰਡੀਆ ਪ੍ਰਾਈਵੇਟ, ਲਿਮਟਿਡ, 7/16 ਅਨਸਾਰੀ ਰੋਡ, ਦਰੀਆ ਗੰਜ, ਨਵੀਂ ਦਿੱਲੀ ਦੀ ਕੰਪਨੀ ਦੇ ਪ੍ਰਕਾਸ਼ਕ ਆਰ.ਕੇ. ਮਹਿਰਾ ਦੇ ਦਸਤਖਤਾਂ ਹੇਠ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤ੍ਰਿਕਾ ਪੁੱਜੀ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ 1846 ਵਿੱਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਵੱਲੋਂ ਪ੍ਰਕਾਸ਼ਤ ਪੁਸਤਕ ਉਨ੍ਹਾਂ ਵੱਲੋਂ ਕਮਿਸ਼ਨ ਬੇਸ ਤੇ ਦੁਬਾਰਾ ਛਾਪੀ ਗਈ ਸੀ, ਪਰ ਕਿਤਾਬ ਵਿੱਚ ਮੌਜੂਦ ਗਲਤੀਆਂ ਨੋਟ ਕਰਵਾਉਣ ਦੇ ਬਾਅਦ ਅਸੀਂ ਮਾਰਕੀਟ ਵਿੱਚੋਂ ਇਹ ਕਿਤਾਬ ਵਾਪਸ ਲੈ ਲਈ ਤੇ ਇਸ ਦੀ ਪ੍ਰਕਾਸ਼ਨਾ ਰੱਦ ਕਰ ਦਿੱਤੀ ਗਈ ਹੈ। ਹੁਣ ਅਸੀਂ ਬਿਨ੍ਹਾਂ ਸ਼ਰਤ ਸਮੁੱਚੇ ਖਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ।
ਸ਼੍ਰੋਮਣੀ ਕਮੇਟੀ ਸਕੱਤਰ ਸ.ਰੂਪ ਸਿੰਘ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਹ ਪੱਤ੍ਰਿਕਾ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ, ਪਰ ਉਨ੍ਹਾਂ ਵੱਲੋਂ ਗਠਿਤ ਕੀਤੀ ਗਈ ਸਬ-ਕਮੇਟੀ ਵਿਵਾਦਿਤ ਪੁਸਤਕ ਸਬੰਧੀ ਘੋਖ-ਪੜਤਾਲ ਕਰ ਰਹੀ ਹੈ। ਸਬ-ਕਮੇਟੀ ਦੀ ਮੁਕੰਮਲ ਰਿਪੋਰਟ ਆਉਣ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …