Thursday, September 19, 2024

ਸਿਮਰਨਜੀਤ ਸਿੰਘ ਮਾਨ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣੇ ਗਏ

DSC01079

ਅੰਮ੍ਰਿਤਸਰ: 1 ਫਰਵਰੀ: (ਨਰਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਲੀਗੇਟ ਇਜਲਾਸ ਮੌਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣ ਲਿਆ ਗਿਆ । ਸ੍ਰ ਮਾਨ ਨੇ ਆਪਣੇ ਅਹਿਦ ਨੂੰ ਦੁਹਰਾਇਆ ਕਿ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਦੋ ਜਹਿਦ ਜਾਰੀ ਰਹੇਗੀ ਅਤੇ ਯਕੀਨ ਵੀ ਦਿਵਾਇਆ ਕਿ ਮੰਜਿਲ ਹੁਣ ਬਹੁਤੀ ਦੂਰ ਨਹੀ ਹੈ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਲੇਠਾ ਇਜਲਾਸ ਅੱਜ ਇਥੇ ਗੁਰੂ ਨਾਨਕ ਭਵਨ ਵਿਖੇ ਖਾਲਸਾਈ ਜਾਹੋ ਜਲਾਲ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਅਤੇ ਖਾਲਿਸਤਾਨ ਜਿੰਦਾਬਾਦ ਦੇ ਅਕਾਸ਼ ਗੂੰਜਾਊ ਨਾਅਰਿਆਂ ਦਰਮਿਆਨ ਨੇਪਰੇ ਚੜ੍ਹਿਆ । ਪਾਰਟੀ ਦੇ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸੰਗਤੀ ਰੂਪ ਵਿਚ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ ਜਦਕਿ ਪਾਰਟੀ ਦੇ ਧਾਰਮਿਕ ਵਿੰਗ ਦੇ ਇਕ ਸੀਨੀਅਰ ਅਹੁੱਦੇਦਾਰ ਪ੍ਰਿੰ: ਹਰਦੀਪ ਸਿੰਘ ਬਾਜਵਾ ਨੇ ਇਜਲਾਸ ਦੀ ਆਰੰਭਤਾ ਦੀ ਅਰਦਾਸ ਕੀਤੀ । ਪਾਰਟੀ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ ਨੇ ਸਾਲ 2013 ਦੀ ਸਲਾਨਾ ਰੋਪਰਟ ਪੜ੍ਹੀ ਜਿਸਨੂੰ ਹਾਜਰ ਡੈਲੀਗੇਟਸ ਨੇ ਜੈਕਿਰਆਂ ਦੀ ਗੂੰਜ ਦਰਮਿਆਨ ਸਵੀਕਾਰ ਕੀਤਾ । ਕੋਈ 500 ਦੇ ਕਰੀਬ ਪੁੱਜੇ ਡੈਲੀਗੇਟਾਂ ਸਾਹਮਣੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਧਿਆਨ ਸਿੰਘ ਮੰਡ ਦੁਆਰਾ ਪੇਸ਼ ਪਹਿਲੇ ਮਤੇ ਵਿਚ ਕਿਹਾ ਗਿਆ ਹੈ ਕਿ
‘ਅੱਜ ਦਾ ਇਹ ਇਤਹਾਸਕ ਇਕੱਠ ਖਾਲਸਾ ਪੰਥ ਦੀ ਰੂਹ, ਉਮੰਗ ਤੇ ਆਸ਼ਿਆਂ ਅਤੇ ਅਕਾਲ ਪੁਰਖ ਦੀ ਆਗਿਆ ਅਧੀਨ ਚਲਾਇਆ ਗਿਆ ਹੈ ਤੇ ਇਸਦੀ ਪ੍ਰਤੀਨਿੱਧਤਾ ਕਰਦਿਆਂ  ਖਾਲਸਾ ਪੰਥ ਦੀ ਅੱਡਰੀ ਨਿਆਰੀ ਤੇ ਵਿਲੱਖਣ ਹਸਤੀ ਤੇ ਇਸਦੀ ਫਲਪੂਰਤੀ ਲਈ ਦੇਸ਼ ਕਾਲ, ਸਿੱਖ ਹੋਮਲੈਂਡ, ਅਥਵਾ ਖਾਲਿਸਤਾਨ ਦੀ ਮੰਜਿਲ ਨੂੰ ਪਹੁੰਚਣ ਤੇ ਪਾ੍ਰਪਤ ਕਰਨ ਲਈ ਵਚਨਬੱਧ ਹੈ। ਸਿੱਖ ਇਕ ਵਖਰੀ ਕੌਮ ਹੈ ਤੇ ਜਨਮਸਿੱਧ ਪ੍ਰਭੂਸਤਾ ਦੀ ਵਾਰਸ ਤੇ ਹੱਕਦਾਰ ਹੈ’।
ਪਾਰਟੀ ਦੇ ਰਾਜਸਥਾਨ, ਉਤਰਾਖੰਡ, ਉਤਰਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ ਸੀਨੀਅਰ ਆਗੂ ਸ੍ਰ ਹਰਦੀਪ ਸਿੰਘ ਡਿੱਬਡਿੱਬਾ ਨੇ ਪੇਸ਼ ਮਤੇ ਵਿਚ ਕਿਹਾ ਕਿ
‘ਖਾਲਸਾ ਪੰਥ ਦੀਆਂ 550 ਸਾਲ ਤੋਂ ਸਥਾਪਿਤ ਧਾਰਮਿਕ ਰਹੁਰੀਤਾਂ ,ਧਰਾਵਾਂ,ਰਹਿਤ ਮਰਿਆਦਾ ,ਪਾਵਨ ਪਵਿਤਰ ਅਸਥਾਨਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਅਪਮਾਨ ਤੇ ਉਲੰਘਣ ਕੀਤਾ ਜਾ ਰਿਹਾ ਹੈ । ਇਨ੍ਹਾਂ ਸੰਸਥਾਵਾਂ ਤੇ ਕਾਬਜ ਧਾੜਵੀਆਂ ਤੋਂ ਨਿਜਾਤ ਪਾਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਸ ਗਲਬੇ ਨੂੰ ਕਤਮ ਕਰਨ ਦਾ ਅਹਿਦ ਦੁਹਰਾਇਆ ਜਾਂਦਾ ਹੈ ‘।
ਪ੍ਰੋ:ਮਹਿੰਦਰ ਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਐਡਵੋਕੇਟ ਸਤਿੰਦਰ ਸਿੰਘ ਦੁਆਰਾ ਪੇਸ਼, ਤੀਸਰੇ ਤੇ ਚੌਥੇ ਤੇ ਪੰਜਵੇਂ ਮਤੇ ਵਿਚ ਕਰਮਵਾਰ ਸਿੱਖ ਸਮਾਜ ਵਿਚੋਂ ਕੁਰੀਤੀਆਂ ਖਤਮ ਕਰਨ, ਆਰਥਿਕ ਅਰਾਜਿਕਤਾ ਖਤਮ ਕਰਨ, ਕਿਸਾਨੀ ਖੁਸ਼ਹਾਲ ਕਰਨ ਤੇ ਭ੍ਰਿਸ਼ਟਾਚਾਰ ਦੇ ਦੈਂਤ ਨੂੰ ਮਾਰ ਮੁਕਾਉਣ ਦਾ ਅਹਿਦ ਦੁਹਰਾਇਆ ਗਿਆ ਹੈ ।
ਛੇਵੇਂ ਤੇ ਆਖਿਰੀ ਮਤੇ ਵਿਚ ਦੇਸ਼ ਦੀ ਵੱਖ ਵੱਖ ਜੇਲ੍ਹਾਂ ਵਿਚ ਨਜਰਬੰਦ ਸਿੱਖਾਂ ਨੂੰ ਤੁਰਮਤ ਰਿਹਾਅ ਕੀਤੇ ਜਾਣ ਦੀ ਮੰਗ ਦੁਹਰਾਈ ਗਈ ਹੈ ।ਹਾਜਰ ਡੈਲੀਗੇਟਾਂ ਵਲੋਂ ਪੇਸ਼ ਮਤਿਆਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੇ ਜਾਣ ਬਾਅਦ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ ਨੇ ਪਾਰਟੀ ਪ੍ਰਧਾਨ ਲਈ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਨਾਮ ਪੇਸ਼ ਕੀਤਾ ਜਿਸਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ ।
ਅਗਾਮੀ ਪੰਜ ਸਾਲਾਂ ਲਈ ਮੁੜ ਪਾਰਟੀ ਪ੍ਰਧਾਨ ਚੁਣੇ ਜਾਣ ਬਾਅਦ ਆਪਣੇ ਸੰਬੋਧਨ ਵਿਚ ਸ੍ਰ ਮਾਨ ਨੇ ਕਿਹਾ ਕਿ ਸਿੱਖ ਅੱਜ ਤੋਂ ਨਹੀ ਗੁਰੂ ਨਾਨਕ ਸਾਹਿਬ ਦੇ ਸਮਂ ਤੋਂ ਹੀ ਵੱਖਰੀ ਕੌਮ ਹੈ ਕਿਉਂਕਿ ਇਸਦੀ ਆਪਣੀ ਵੱਖਰੀ ਗੁਰਮੁਖੀ ਲਿਪੀ ਹੈ ,ਸਭਿਆਚਾਰ ,ਮਰਿਆਦਾ ,ਰੀਤੀ ਰਿਵਾਜ ਵੱਖਰੇ ਹਨ, ਕਦੇ ਲਾਹੌਰ ਦੇਸ਼ ਦੀ ਰਾਜਧਾਨੀ ਸੀ ਲੇਕਿਨ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਬਣੀ । ਛੇਵੇਂ ਪਾਤਸ਼ਾਹ ਨੇ ਘੋੜੇ ਤੇ ਸ਼ਸ਼ਤਰ ਰੱਖਣ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿੱਖ ਨੂੰ ਪਾਤਸ਼ਾਹੀ ਤਾਂ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਜੋ ਬੰਦਾ ਬਾਦਸ਼ਾਹ ਹੋਵੇ, ਉਹ ਆਮ ਆਦਮੀ ਜਾਂ ਗੁਲਾਮ ਬਣਕੇ ਗਧੇ ਦੀ ਸਵਾਰੀ ਕਿਉਂ ਕਰੇ? ਉਨ੍ਹਾਂ ਸਾਫ ਕਿਹਾ ਕਿ 1849 ਵਿੱਚ ਸਿੱਖਾਂ ਤੇ ਅੰਗਰੇਜਾਂ ਦਰਮਿਆਨ ਹੋਈ ਸੰਧੀ ਵਿਚ ਸਿੱਖਾਂ ਦੀ ਬਾਦਸ਼ਾਹਤ ਨੂੰ ਕਬੂਲ ਕੀਤਾ ਹੈ, ਅੰਗਰੇਜਾਂ ਨੇ ਉਹ ਬਾਦਸ਼ਾਹਤ ਕਦੇ ਖਤਮ ਨਹੀ ਕੀਤੀ ਬਲਕਿ ਦੇਸ਼ ਵੰਡ ਸਮੇਂ ਮੁਅੱਤਲ ਹੋਈ ਸੀ । 1946 ਵਿਚ ਸਿੱਖ ਪਾਰਲੀਮੈਂਟ ਨੇ ਖਾਲਿਸਤਾਨ ਦਾ ਮਤਾ ਪੇਸ਼ ਕੀਤਾ ਹੈ ਜੋ ਸਿੱਖ ਬਾਦਸ਼ਾਹਤ ਦਾ ਸਬੂਤ ਹੈ । ਉਨਾਂ ਪਾਰਟੀ ਡੈਲੀਗੇਟਾਂ ਨੂੰ ਕਿਹਾ ਕਿ ਤਕੜੇ ਹੋਕੇ ਕੰਮ ਕਰੋ ਅਸੀਂ ਐਹ ਕਾਂਗਰਸੀਏ, ਭਾਜਪਾਈਏ ਅਤੇ ਕਾਲੀਏ ਢਾਹੁਣੇ ਨੇ, ਫਿਕਰ ਨਾ ਕਰੋ ਜੇ ਕੋਈ ਪਾਰਟੀ ਛੱਡ ਵੀ ਗਿਆ । ਸਾਡੀ ਲੜਾਈ ਤਾਂ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਾਰੀ ਰਹਿਣੀ ਹੈ , ਮੰਜਿਲ ਕਰੀਬ ਹੈ ਇਸ ਲਈ ਮਜਬੂਤ ਹੋਕੇ ਵਿਚਰੋ ਤੇ ਪਾਰਟੀ ਨੂੰ ਮਜਬੂਤ ਕਰੋ ।ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਖਾਲਿਸਤਾਨ ਦਾ ਬਨਣਾ ਪਾਕਿਸਤਾਨ ਤੇ ਚੀਨ ਦੇ ਹੱਕ ਵਿਚ ਹੈ ਕਿਉਂਕਿ ਇਹ ਮੁਲਕ ਤਾਂ ਹੀ ਦੱਖਣੀ ਏਸ਼ੀਆਈ ਖਿੱਤੇ ਵਿਚ ਕਿਸੇ ਸੰਭਾਵੀ ਜੰਗ ਤੋਂ ਬਚ ਸਕਦੇ ਹਨ ਜੇ ਇਥੇ ਖਾਲਿਸਤਾਨ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸਾਲ 2017 ਦੀ ਵਿਧਾਨ ਸਭਾ ਚੋਣਾਂ ਸਮੇਤ ਪੰਜਾਬ ਦੀਆਂ 13, ਹਰਿਆਣਾ ਦੀਆਂ 4 ਤੇ ਚੰਡੀਗੜ੍ਹ ਤੋਂ 1 ਸੀਟ ਤੇ ਲੋਕ ਸਭਾ ਚੋਣ ਲੜਨ ਲਈ ਤਿਆਰੀ ਕਰ ਰਹੀ ਹੈ । ਸ੍ਰ. ਜਸਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਅੰਗਰੇਜੀ ਤੇ ਪੰਜਾਬੀ ਵਿਚ ਆਪਣੀ ਅਖਬਾਰ ਸ਼ੁਰੂ ਕਰ ਰਹੀ ਹੈ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply