ਤਰਸਿੱਕਾ/ਜੰਡਿਆਲਾ ਗੁਰੂ, 28 ਅਪ੍ਰੈਲ (ਸਿਕੰਦਰ ਸਿੰਘ ਖਾਲਸਾ/ਹਰਿੰਦਰਪਾਲ ਸਿੰਘ) – ਰੇਲਵੇ ਫਾਟਕ ਗਹਿਰੀ ਮੰਡੀ (ਜੰਡਿਆਲਾ ਗੁਰੂ) ਦੇ ਨਜ਼ਦੀਕ ਪੈਂਦੀ ਡਰੇਨ ਦੇ ਪੁਲ ਤੋਂ ਟਰਾਲਾ ਡਿੱਗਣ ਕਰਕੇ ਲਗਭਗ 12 ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਇਹ ਟਰਾਲਾ ਬੀਤੀ ਰਾਤ ਨੂੰ ਡਰੇਨ ਦਾ ਪੁਲ ਟੁੱਟਾ ਹੋਣ ਕਰਕੇ ਡਿੱਗ ਪਿਆ। ਜਿਸ ਕਰਕੇ ਇਥੋਂ ਲੰਘਣ ਵਾਲੇ ਵਾਹਨਾਂ ਨੂੰ ਕਾਫੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਡਰੇਨ ਦੇ ਪੁਲ ਦੇ ਕਿਨਾਰੇ ਪਿਛਲੇ ਕਾਫੀ ਸਮੇਂ ਤੋਂ ਟੁੱਟੇ ਹੋਏ ਹਨ। ਜਿਸ ਕਰਕੇ ਆਏ ਦਿਨ ਕੋਈ ਨਾਂ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਇਸ ਪੁਲ ਦੀ ਚੌੜਾਈ ਘੱਟ ਹੋਣ ਕਰਕੇ ਇਥੋਂ ਲੰਘਣ ਲੱਗਿਆਂ ਭਾਰੀ ਮੁਸ਼ਕਿਲ ਹੋ ਜ਼ਾਂਦੀ ਹੈ। ਇਥੇ ਦੱਸਣਯੋਗ ਹੈ ਕਿ ਇਸ ਪੁਲ ਦੇ ਉਪਰੋਂ ਹਰ ਰੋਜ਼ ਦਰਜਨਾਂ ਪਿੰਡਾਂ ਦੇ ਲੋਕ ਲੰਘਦੇ ਹਨ । ਭਾਰੀ ਟਰਾਲੇ ਅਤੇ ਹੋਰ ਚਾਰ ਪਹੀਆ ਵਾਹਨ ਇਥੋਂ ਹਰ ਸਮੇਂ ਲੰਘਦੇ ਰਹਿੰਦੇ ਹਨ। ਜਿਸ ਕਰਕੇ ਇਥੋਂ ਲੰਘਦੇ ਸਮੇਂ ਹਰ ਵੇਲੇ ਸਥਿਤੀ ਡਾਵਾਂਡੋਲ ਬਣੀ ਰਹਿੰਦੀ ਹੈ। ਇਸੇ ਪੁਲ ਦੇ ਰਸਤਿਉਂ ਹੀ ਮਹਿਤਾ ਰੋਡ ਹਾਈਵੇ ਤੇ ਲੋਕ ਆਪਣੇ ਵਾਹਨਾਂ ਰਾਹੀ ਜਾਂਦੇ ਹਨ। ਸਕੂਲ ਜਾਂਦੇ ਬੱਚੇ ਵੀ ਇਥੋਂ ਸਹਿਮੀ ਹੋਈ ਹਾਲਤ ‘ਚ ਲੰਘਦੇ ਹਨ। ਸਥਾਨਕ ਲੋਕਾਂ ਜਿਨਾਂ ‘ਚ ਸਮਾਜ ਭਲਾਈ ਅਤੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਸਰਜਾ, ਡਾ. ਹਰਬੰਸ ਲਾਲ ਬਹਿਲ, ਸੰਦੀਪ ਕੁਮਾਰ ਲੱਕੀ, ਡਾ.ਦਲਬੀਰ ਕੌਰ ਬੀਰੋ, ਤਰਲੋਕ ਕੁਮਾਰ, ਪੰਡਤ ਸੀਤਾ ਰਾਮ, ਸੁਖਦੇਵ ਸਿੰਘ ਮੌਲਾ ਦਸ਼ਮੇਸ਼ ਨਗਰ ਅਤੇ ਨਰਿੰਦਰ ਪਾਲ ਆਦਿ ਨੇ ਜਿਲਾ ਪ੍ਰਸ਼ਾਸਨ ਕੌਲੋਂ ਮੰਗ ਕੀਤੀ ਹੈ ਕਿ ਇਸ ਡਰੇਨ ਦੇ ਪੁਲ ਦੀ ਰੇਲਿੰਗ ਬਣਾਈ ਜਾਵੇ ਅਤੇ ਇਸ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਇਥੇ ਕੋਈ ਹਾਦਸਾ ਨਾਂ ਹੋ ਸਕੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …