ਵਿਸ਼ੇਸ਼
‘ਨਦੀਏ ਨੀ ਨਦੀਏ ਸਰਸਾ ਦੀਆਂ ਨਦੀਏ ,
ਧੀਮੇ ਹੋ ਕੇ ਰਹੀਏ ਨਾ ਹੰਕਾਰ ਵਿਚ ਵਗਇਏ।
ਲੱਗਿਆ ਕਲੰਕ ਵਾਲਾ ਦਾਗ ਤੇਰੇ ਮੱਥੇ,
ਜੁੱਗਾਂ ਤੱਕ ਕਿਸੇ ਨਾ ਮਿਟਾਉਣਾ ਵੈਰਨੇ।
ਕੀਮਤੀ ਗ੍ਰੰਥ ਜਿਹੜੇ ਰੋਹੜ ਕੇ ਤੂੰ ਲੈ ਗਈ,
ਮੁੜ ਕੇ ਨਾ ਹੱਥ ਕਦੇਂ ਆਉਣੇ ਵੈਰਨੈਂ।
‘ਸ਼ਾਇਰ ਦੇ ਦਿਲ ਦੀ ਅਵਾਜ਼’
ਸਿੱਖ ਇਤਿਹਾਸ ਦੀ ਲੰਬੀ ਇਤਿਹਾਸਕ ਸੱਚਾਈ ਹੀ ਹੈ ਕਿ ਦਸ਼ਮੇਸ਼ ਪਿਤਾ ਨੇ ਦੇ ਸ਼ਕਤੀ ਦੀ ਵਰਤੋਂ ਬਾਬਤ ਦਿੱਤੇ ਸਿਧਾਂਤ ਕਿ ਜਦੋਂ ਹਰ ਚਾਰਾ ਨਾਕਾਮ ਰਹੇ ਤਾਂ ਬਲ ਦੀ ਵਰਤੋ ਵਾਜ਼ਬ ਹੈ। ਚਮਕੌਰ ਦੀ ਗੜ੍ਹੀ ਖਾਲ੍ਹੀ ਕਰਨ ਉਪਰੰਤ ਅੱਧੀ ਰਾਤ ਤੋਂ ਬਾਅਦ ਸਰਸਾ ਨਦੀ ਦੇ ਹੜ੍ਹ ਦੇ ਪਾਣੀ ਦੀ ਸ਼ੂਕਦੀ ਦਿਲ ਕੰਬਾਊ ਆਵਾਜ਼ ਅਤੇ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੰਘਾਂ ਅਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਨਿਤਨੇਮ ਕਰਨ ਦਾ ਉਹ ਦ੍ਰਿਸ਼ ਜਦੋਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਦਿਲ ਕੰਬ ਉੱਠਦਾ ਹੈ।ਪਰ ਆਪ ਜੀ ਨੇ ਸਿੰਘਾਂ ਨੂੰ ਦੋ ਹਿੱਸਿਆਂ ਵਿਚ ਵੰਡ, ਇਕ ਨੂੰ ਦੁਸ਼ਮਣ ਮੁਗਲ ਫੌਜਾਂ ਦਾ ਟਾਕਰਾ ਕਰਨ ਅਤੇ ਦੂਜਿਆਂ ਨੂੰ ਸ਼ੂਕਦੀ ਸਰਸਾ ਨਦੀ ਪਾਰ ਕਰਨ ਦਾ ਹੁਕਮ ਕੀਤਾ।ਇਸ ਥਾਂ ਘਮਸਾਨ ਦਾ ਯੁੱਧ ਹੋਇਆ, ਜਿਸ ਵਿਚ ਕਈ ਸਿੰਘ ਲੜ ਕੇ ਸ਼ਹੀਦ ਤੇ ਕਈ ਨਦੀ ਦੀ ਭੇਂਟ ਚੜ੍ਹ ਗਏ, ਰਾਤ ਦੇ ਹਨ੍ਹੇਰੇ ਵਿਚ ਸਾਰਾ ਵਹੀਰ ਖੇਰੂ-ਖੇਰੂ ਹੋ ਗਿਆ ਬਾਕੀ ਦੋ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਜੀ (ਉਮਰ 7 ਤੇ 9 ਸਾਲ) ਦਾਦੀ ਮਾਤਾ ਗੁਜਰ ਕੌਰ ਜੀ ਉਮਰ 83 ਸਾਲ ਸਮੇਤ ਉਰਲੇ ਕੰਢੇ ਦੂਰ ਨਿਕਲ ਗਏ।ਮਾਤਾ ਗੁਜਰੀ ਜੀ ਸਮੇਤ ਰਸੋਈਏ ਗੰਗੂ ਨਾਮੀ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਚਲੇ ਗਏ।ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਸੀ, ਜਿਸ ਨੂੰ ਦੇਖ ਕੇ ਬ੍ਰਾਹਮਣ ਗੰਗੂ ਰਸੋਈਏ ਦੀ ਨੀਯਤ ਖਰਾਬ ਹੋ ਗਈ, ਦੂਜਾ ਇਨਾਮ ਹਾਸਲ ਕਰਨ ਲਈ ਹਕੂਮਤ ਦੇ ਸੂਬੇਦਾਰ ਨੂੰ ਖਬਰ ਕਰ ਦਿੱਤੀ, ਮਾਤਾ ਗੁਜਰੀ ਜੀ ਤੇ ਦੋ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿਤਾ ਤੇ ਸੁਨੇਹਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਪਾਸ ਪਹੁੰਚਾ ਦਿਤਾ।ਨਵਾਬ ਜੋ ਗੁਰੂ ਸਾਹਿਬ ਨੂੰ ਜਿਉਂਦਾ ਪਕੜਨ ਲਈ ਫੌਜਾਂ ਸਮੇਤ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੁੰਮਦਾ ਫਿਰ ਰਿਹਾ ਸੀ, ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਕੈਦੀਆਂ ਦੇ ਰੂਪ ਵਿਚ ਵੇਖ ਕੇ ਬਹੁਤ ਪ੍ਰਸੰਨ ਹੋਇਆ। ਇਨ੍ਹਾਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿਤਾ ਗਿਆ। ਦਸਬੰਰ ਪੋਹ ਦੀ ਬਰਫ ਵਰਗੀ ਠੰਡੀ ਰਾਤ ਨੂੰ ਠੰਡੇ ਬੁਰਜ ਦੇ ਠੰਡੇ ਫਰਸ਼ ‘ਤੇ ਬੈਠੀ ਮਾਤਾ ਗੁਜਰੀ ਜੀ ਆਪਣੇ ਨੰਨੇ- ਨੰਨੇ ਪੋਤਿਆਂ ਨੂੰ ਆਪਣੇ ਸੀਨੇ ਨਾਲ ਘੁੱਟ-ਘੁੱਟ ਗਰਮਾਉਂਦੀ ਤੇ ਚੁੰਮ-ਚੁੰਮ ਤੇ ਸੁਆਣ ਦੇ ਯਤਨ ਕਰਦੀ ਰਹੀ ਤੇ ਨਾਲ ਹੀ ਕਹਿਣ ਲੱਗੀ ਕਿ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਦੇ ਸ਼ੇਰ ਬੱਚੇ ਹੋ ਜਿਸ ਨੇ ਕਦੀ ਈਨ ਨਹੀ ਮੰਨੀ।ਧਰਮ ਦੀ ਖਾਤਰ ਆਪਣੇ ਪਿਤਾ ਨੂੰ ਵੀ ਸ਼ਹੀਦ ਕਰਵਾਉਂਣਾ ਮੰਨ ਲਿਆ, ਦੇਖਿਓ ਕਿਤੇ ਵਜ਼ੀਰ ਖਾਨ ਦੇ ਲਾਲਚ ਭਰੇ ਡਰਾਵੇ ਕਾਰਨ , ਧਰਮ ਵੱਲੋਂ ਕਮਜ਼ੋਰੀ ਨਾ ਦਿਖਾ ਬਹਿਣਾ, ਆਪਣੇ ਪਿਤਾ ਜੀ ਤੇ ਦਾਦਾ ਜੀ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ। ਦਾਦੀ ਪੋਤਿਆਂ ਨੂੰ ਸਮਝਾ ਰਹੀ ਸੀ, ਬੱਚਿਆਂ ਨੂੰ ਠੰਡੇ ਫ਼ਰਸ ਤੇ ਹੀ ਨੀਂਦ ਆ ਗਈ। ਸਵੇਰੇ ਜਦ ਕਚਹਿਰੀ ਲੱਗੀ ਤਾਂ ਸੁਬੇ ਦਾ ਬੁਲਾਵਾਂ ਆ ਗਿਆ, ਦਾਦੀ ਨੇ ਬੱਚਿਆਂ ਨੂੰ ਚੁੰਮਿਆ ਤੇ ਪਿੱਠਾਂ ਤੇ ਹੱਥ ਫੇਰਦੀ ਨੇ ਪਿਆਰੇ ਤੇ ਹੋਣਹਾਰ ਪੋਤਿਆ ਨੂੰ ਸਿਪਾਹੀਆਂ ਨਾਲ ਤੋਰ ਦਿਤਾ। ਕਚਹਿਰੀ ਵਿਚ ਵੜਦਿਆਂ ਹੀ ਗਜ਼ ਕੇ ਫਤਹਿ ਬਲਾਈ ‘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ਵੱਡੇ-ਵੱਡੇ ਦਰਬਾਰੀ ਤੇ ਨਵਾਬ ਇਨ੍ਹਾਂ ਦੀ ਦਲੇਰੀ ਵੇਖ ਕੇ ਕੰਬ ਉਠੇ ਤੇ ਦੰਗ ਰਹਿ ਗਏ। ਸੁੱਚਾ ਨੰਦ ਦਰਬਾਰੀ ਨੇ ਕੜਕ ਕੇ ਕਿਹਾ ਓਇ ਬੱਚਿਓ ਨਵਾਬ ਨੂੰ ਝੁੱਕ ਕੇ ਸਲਾਮ ਕਰੋ, ਅੱਗੋ ਸਾਹਿਬਜ਼ਾਦਿਆਂ ਨੇ ਕੜਕ ਦੀ ਆਵਾਜ਼ ‘ਚ ਉਸੀ ਅੰਦਾਜ਼ ਵਿਚ ਕਿਹਾ ਕਿ ਅਸੀ ਗੁਰੂ ਤੇ ਰੱਬ ਤੋਂ ਬਗੈਰ ਕਿਸੇ ਅੱਗੇ ਸੀਸ ਨਹੀ ਨਿਵਾਉਂਦੇ ਇਹੀ ਸਿਖਿਆ ਸਾਨੂੰ ਪਿਤਾ ਗੁਰੂ ਨੇ ਦਿਤੀ ਹੈ।
ਨਵਾਬ ਵਜ਼ੀਰ ਖਾਨ ਕਹਿਣ ਲੱਗਾ ਕਿ ਓਏ ਤੁਹਾਡਾ ਪਿਤਾ ਤੇ ਤੁਹਾਡੇ ਦੋਵੇਂ ਵੱਡੇ ਵੀਰ ਮਾਰ ਦਿਤੇ ਗਏ ਹਨ।ਤੁਹਾਡੀ ਕਿਸਮਤ ਚੰਗੀ ਹੈ ਕਿ ਜੋ ਮੇਰੇ ਦਰਬਾਰ ਵਿਚ ਜਿਉਦੇ ਪਹੁੰਚ ਗਏ ਹੋ ਇਸਲਾਮ ਧਰਮ ਕਬੂਲ ਕਰ ਲਵੇ।ਤੁਹਾਨੂੰ ਰਹਿਣ ਲਈ ਸੁੰਦਰ ਮਹਿਲ, ਪਹਿਨਣ ਨੂੰ ਰੇਸ਼ਮੀ ਕੱਪੜੇ, ਨੌਕਰ ਚਾਕਰ, ਵੱਡੇ ਵੱਡੇ ਮੁਸਲਮਾਨ ਜਰਨੈਲਾਂ ਦੀਆਂ ਸੁੰਦਰ ਬੇਟੀਆਂ ਨਾਲ ਨਿਕਾਹ। ਸਿੱਖ ਧਰਮ ਅਸਾਂ ਮੂਲੋਂ ਹੀ ਖਤਮ ਕਰ ਦੇਣਾ ਹੈ। ਸਿੱਖ ਨਾਮ ਦੀ ਕੋਈ ਚੀਜ਼ ਅਸਾਂ ਰਹਿਣ ਨਹੀ ਦੇਣੀ ਨਹੀ ਤਾਂ ਕਸ਼ਟ ਦੇ ਕੇ ਮਾਰ ਦਿੱਤੇ ਜਾਓਗੇ।ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਤਾਂ ਜੋ ਅੱਗੋੇ ਤੋਂ ਕੋਈ ਸਿੱਖ ਬਣਨ ਦੀ ਹਿੰਮਤ ਨਾ ਕਰ ਸਕੇ। ਜਿਉਂ ਜਿਉਂ ਸੂਬਾ ਬੋਲਦਾ ਤਿਉਂ-ਤਿਉਂ ਬੱਚੇ ਉਸ ਦੀ ਮੂਰਖਤਾ ਤੇ ਮੁਸਕਰਾਉਂਦੇ ਤੇ ਗੁੱਸੇ ਨਾਲ ਸ਼ਾਹਿਬਜ਼ਾਦਿਆਂ ਦੇ ਚਿਹਰੇ ਲਾਲੋ ਲਾਲ ਹੋ ਗਏ । ਦੋਹਾਂ ਨੇ ਇਕ ਦੂਜੇ ਵੱਲ ਵੇਖਿਆ ਤੇ ਗੱਜ ਕੇ ਉੱਤਰ ਦਿੱਤਾ ਓਏ ਸੂਬਿਆ ਅਸਾਂ ਨੂੰ ਤੂੰ ਜਾਣਦਾ ਨਹੀ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾਂ ਵਾਂਗੂੰ ਕਿਸੇ ਤੋਂ ਡਰਦੇ ਨਹੀ, ਧਰਮ ਦੀ ਖਾਤਰ ਸਾਡੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਅਸੀ ਉਨ੍ਹਾਂ ਦੇ ਪੋਤਰੇ ਹਾਂ। ਉਨ੍ਹਾਂ ਦੀ ਸ਼ਾਨ ਨੂੰ ਜੀਉਂਦੇ ਜੀਅ ਦਾਗ ਨਹੀ ਲੱਗਣ ਦੇਵਾਂਗੇ। ਅੱਠ ਸਾਲਾਂ ਤੇ ਛੇ ਸਾਲਾਂ ਬਹਾਦਰ ਬੱਚਿਆਂ ਦੇ ਮੂੰਹੋ ਇਹ ਸਬਦ ਸੁਣ ਦਰਬਾਰ ਵਿਚ ਚੁੱਪ ਵਰਤ ਗਈ ਜਿਵੇਂ ਸਾਰਿਆਂ ਦੀ ਨਾਨੀ ਮਰ ਗਈ ਹੋਵੇ ।ਨਵਾਬ ਵਜ਼ੀਰ ਖਾਨ ਵੀ ਇਨ੍ਹਾਂ ਦੀ ਦਲੇਰੀ ਤੋਂ ਪ੍ਰਭਾਵਿਤ ਹੋਏ ਬਗੈਰ ਰਹਿ ਨਾ ਸਕਿਆਂ। ਸੁੱਚਾ ਨੰਦ ਬੋਲਿਆ ਇੰਨੀ ਛੋਟੀ ਉਮਰ ਵਿਚ ਰਾਜ ਦਰਬਾਰ ਵਿਚ ਇਤਨੀ ਅੱਗ ਉਗਲ ਸਕਦੇ ਹਨ ਤਾਂ ਵੱਡੇ ਹੋ ਕੇ ਹਕੂਮਤ ਲਈ ਭਾਂਬੜ ਬਾਲ ਦੇਣਗੇ ਹੁਣੇ ਹੀ ਮੱਕੂ ਠੱਪ ਦੇਣਾ ਚਾਹੀਦਾ ਹੈ।ਨਵਾਬ ਉਤੇ ਸੱਚਾ ਨੰਦ ਵਲੋਂ ਸਲਾਹ ਦਾ ਅਸਰ ਤਾਂ ਹੋਇਆ, ਪਰ ਉਹ ਮਾਰਨ ਦੀ ਥਾਂ ਇਸਲਾਮ ਧਰਮ ਵਿੱਚ ਲਿਆਉਣ ਦੇ ਹੱਕ ਵਿਚ ਸੀ, ਉਸ ਦੀ ਖਾਹਿਸ਼ ਸੀ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੁਸਲਮਾਨ ਬਣ ਗਏ।ਗੁੱਸੇ ‘ਤੇ ਕਾਬੂ ਪਾਕੇ ਬੋਲਿਆਂ ਕਿ ਜਾਓ ਦਾਦੀ ਕੋਲ ਤੇ ਕਲ੍ਹ ਆ ਕੇ ਮੇਰੀਆਂ ਗੱਲਾਂ ਦਾ ਸੋਚ ਸਮਝ ਕੇ ਜਵਾਬ ਦੇਣਾ ਸਾਇਦ ਤੁਹਾਡੀ ਦਾਦੀ ਜਾਨ ਦੀ ਰੱਖਿਆ ਲਈ ਮੰਨ ਜਾਵੇ।
ਦਾਦੀ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਸਹੀ ਸਲਾਮਤ ਚਿਹਰਿਆਂ ਤੇ ਲਾਲੀਆਂ ਭੱਖਦੀਆਂ ਵੇਖ ਕੇ ਅਕਾਲ-ਪੁਰਖ ਦਾ ਧੰਨਵਾਦ ਕਰਨਾ ਨਹੀ ਭੁੱਲੀ, ਬੱਚਿਆਂ ਨੂੰ ਗਲਵੱਕੜੀ ਵਿਚ ਲੈ ਕੇ ਪਿਆਰ ਦਾ ਨਿੱਘ ਮਾਣਦਿਆਂ ਕਚਹਿਰੀ ਵਿਚ ਹੂ-ਬੂ-ਹੂ ਗੱਲਬਾਤ ਸੁਣੀ ਤੇ ਬੱਚਿਆਂ ਦੱਸਿਆਂ ਕਿ ਕਿਵੇਂ ਸੁੱਚਾ ਨੰਦ ਵਲੋਂ ਬਲਦੀ ਤੇ ਤੇਲ ਪਾਉਣ ਤੱਕ ਸਾਰੀ ਗੱਲ ਦੱਸੀ।ਦਾਦੀ ਬੋਲੀ ਕਿ ਤੁਹਾਨੂੰ ਕੱਲ੍ਹ ਫਿਰ ਇਸ ਤੋਂ ਵਧੇਰੇ ਲਾਲਚ, ਡਰਾਵੇ ਦਿੱਤੇ ਜਾਣਗੇ, ਧਰਮ ਨੂੰ ਜਾਨਾਂ ਤੋਂ ਵੱਧ ਪਿਆਰਾ ਸਮਝਣਾ, ਦ੍ਰਿੜ ਰਹਿਣਾ, ਕਸ਼ਟ ਦੇਣ ਤਾਂ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਸਾਕਿਆਂ ਨੂੰ ਧਿਆਣਾ। ਭਾਈ ਮਤੀ ਦਾਸ ਤੇ ਭਾਈ ਦਿਆਲੇ ਨੇ ਵੀ ਗੁਰ ਚਰਨਾਂ ਦਾ ਧਿਆਨ ਧਰਦੇ ਹੱਸ-ਹੱਸ ਤਨ ਚਿਰਵਾ ਲਿਆ ਤੇ ਤਨ ਪਾਣੀ ਵਿਚ ਉਬਲ ਲਿਆ ਸੀ।
ਮੈਂ ਵੀ ਤੁਹਾਡੇ ਸਿੱਖੀ ਸਿਦਕ ਦੀ ਕਾਇਮੀ ਲਈ ਗੁਰ ਚਰਨਾਂ ਵਿਚ ਤੇ ਅਕਾਲ ਪੁਰਖ ਅੱਗੇ ਸਿਮਰਨ ਵਿਚ ਜੁੜ ਕੇ ਅਰਦਾਸ ਕਰਦੀ ਰਹਿੰਦੀ ਹਾਂ।ਅਗਲੇ ਦਿਨ ਦੀ ਕਚਹਿਰੀ ਵਿਚ ਪਹਿਲਾਂ ਵਾਂਗੂੰ ਹੀ ਸਭ ਕੁਝ ਹੋਇਆ ਵਧੇਰੇ ਲਾਲਚ, ਡਰਾਇਆ ਧਮਕਾਇਆ ਗਿਆ ਪਰ ਬੱਚੇ ਧਰਮ ਤੋਂ ਡੋਲੇ ਨਹੀ ਵਾਪਸ ਆ ਕੇ ਸਭ ਕੁਝ ਫਿਰ ਦਾਦੀ ਮਾਂ ਨੂੰ ਦੱਸਿਆ।ਤੀਜੇ ਦਿਨ ਕਚਹਿਰੀ ਵੱਲ ਭੇਜਣ ਲਗਿਆਂ ਦਾਦੀ ਮਾਂ ਦੀਆਂ ਅੱਖਾਂ ਅੱਗੇ ਹੋਣ ਵਾਲੇ ਸਾਕੇ ਦੀ ਤਸਵੀਰ ਬਣਦੀ ਜਾ ਰਹੀ ਸੀ। ਅੱਜ ਦਾ ਵਿਛੋੜਾ ਸਦਾ ਦਾ ਵਿਛੋੜਾ ਬਣ ਜਾਣਾ ਹੈ ਪਰ ਤਸੱਲੀ ਸੀ ਕਿ ਮੇਰੇ ਮਾਸੂਮ ਪੋਤੇ ਜਾਨਾਂ ਵਾਰ ਕੇ ਧਰਮ ਦੀ ਰਾਖੀ ਦੀ ਨੀਂਹ ਰੱਖਣਗੇ।
ਬੱਚਿਆਂ ਨੂੰ ਰੱਜ ਕੇ ਗਲਵਕੜੀ ਵਿਚ ਘੁੱਟਿਆ, ਮੱਥੇ ਚੁੰਮੇ ਪਿੱਠਾਂ ਥਪਥਪਾਈਆਂ ਤੇ ਸਿਪਾਹੀਆਂ ਨਾਲ ਤੋਰ ਕੇ ਵਾਪਸ ਠੰਡੇ ਬੁਰਜ ਵਿਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਲੱਗੀ ਵਾਹਿਗੁਰੂ ਦੇ ਦਰ ਜੋਦੜੀਆਂ ਕਰਨ ਹੇ ਅਕਾਲ ਪੁਰਖ ਬੱਚਿਆਂ ਦੇ ਸਿੱਖੀ ਸਿਦਕ ਨੂੰ ਕਾਇਮ ਰੱਖਣ ਵਿਚ ਸਹਾਈ ਹੋਣਾ, ਦਾਤਾ ਹੌਸਲਾ ਤੇ ਸਕਤੀ ਦੇਵੀ ਇਨ੍ਹਾਂ ਮਾਸੂਮ ਗੁਰੂ ਪੁੱਤਰਾਂ ਨੂੰ ਤਾਂ ਜੋ ਇਹ ਕਸਟਾਂ ਦਾ ਸਾਹਮਣਾ ਦਲੇਰੀ ਨਾਲ ਕਰ ਸਕਣ।
ਅੱਜ ਕਲ੍ਹ ਦੇ ਮਾਪੇ ਜੇ ਬੱਚਾ ਕੇਸ ਕਟਵਾ ਕੇ ਘਰੇ ਆ ਜਾਂਦਾ ਹੈ ਤਾਂ ਕੁੱਝ ਕਹਿਣ ਦੀ ਬਜਾਏ ਇਹ ਕਹਿੰਦੇ ਹਨ ਕਿ ਜੇ ਇਸ ਨੇ ਕੁੱਝ ਕਰ ਲਿਆ ਸਾਇਦ ਇਹ ਨਹੀ ਜਾਣਦੇ ਕਿ ਮਰਨਾ ਸੱਚ ਹੈ ਜੀਉਣਾ ਝੂਠ ਤਾਂ ਧੰਨ ਮਾਤਾ ਗੁਜਰ ਕੌਰ ਜਿਸ ਨੇ ਸਾਰਾ ਸਰਬੰਸ ਹੀ ਸਿੱਖ ਧਰਮ ਤੋਂ ਵਾਰ ਦਿੱਤਾ।
ਉਧਰ ਕਚਹਿਰੀ ਵਿਚ ਲਾਲਚ ਡਰ ਡਰਾਵੇ ਦੇਣ ਮਗਰੋਂ ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਬੱਚੇ ਆਪਣੇ ਨਿਸ਼ਚੇ ਤੇ ਅੱਟਲ ਖੜੇ ਹਨ ਤਾਂ ਉਸ ਨੇ ਪੁੱਛਿਆਂ ਭਲਾ ਜੇ ਬੱਚਿਓ ਮੈਂ ਤੁਹਾਨੂੰ ਛੱਡ ਦੇਵਾਂ ਆਜ਼ਾਦ ਕਰ ਦੇਵਾਂ ਆਪਣੀ ਕੈਦ ਤੋਂ ਤਾਂ ਤੁਸੀ ਕੀ ਕਰੋਗੇ।ਬੱਚਿਆਂ ਦਾ ਉੱਤਰ ਸੀ ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠਿਆਂ ਕਰਕੇ ਆਪਣੇ ਪਿਤਾ ਜੀ ਵਾਂਗੂੰ ਜ਼ੁਲਮ ਵਿਰੁੱਧ ਜ਼ਾਲਮ ਦੇ ਖਾਤਮੇ ਲਈ ਲੜਾਂਗੇ, ਤਦ ਤੱਕ ਲੜਦੇ ਰਹਾਂਗੇ। ਜਦ ਤੱਕ ਜ਼ਾਲਮਾਂ ਦਾ ਖਾਤਮਾ ਨਹੀ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀ ਹੋ ਜਾਂਦੇ, ਧਰਮ ਦਾ ਲੜ ਕਦੀ ਵੀ ਨਹੀ ਛੱਡਣਾ।ਤੁਸੀ ਜੋ ਵੀ ਜ਼ੁਲਮ ਕਰ ਸਕਦੇ ਹੋ ਕਰੋ ਸਾਨੂੰ ਧਰਮ ਤੋਂ ਨਹੀ ਡੁਲਾ ਸਕਦੇ।ਨਵਾਬ ਨੇ ਕਾਜ਼ੀ ਵੱਲ ਵੇਖਿਆ, ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਦੀਵਾਰ ਵਿਚ ਚਿਣੇ ਜਾਣ ਦਾ ਹੁਕਮ ਕਰ ਦਿਤਾ। ਕਿਹਾ ਕਿ ਮੈਂ ਇਸਲਾਮੀ ਸ਼ਰ੍ਹਾ ਅਨੁਸਾਰ ਇਹੀ ਸਜ਼ਾ ਨਿਸਚਿਤ ਕਰਦਾ ਹਾਂ। ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਆਖਿਆ ਕਿ ਇਨ੍ਹਾਂ ਦੇ ਪਿਤਾ ਦੀ ਸਜ਼ਾ ਇੰਨ੍ਹਾਂ ਮਾਸੂਮਾਂ ਨੂੰ ਨਹੀ ਮਿਲਣੀ ਚਾਹਿੰਦੀ, ਇਸਲਾਮੀ ਸ਼ਰ੍ਹਾ ਅਨੁਸਾਰ ਉਸ ਨੂੰ ਮਿਲਦੀ ਚਾਹਿੰਦੀ ਹੈ ਦੂਜਿਆਂ ਨੂੰ ਨਹੀ, ਕਾਜ਼ੀ ਬੋਲਿਆ ਕਿ ਇਸਲਾਮੀ ਸ਼ਰ੍ਹਾ ਮੈਂ ਤੈਥੋਂ ਵੱਧ ਜਾਣਦਾ ਹਾਂ, ਸੁੱਚਾ ਨੰਦ ਬੋਲਿਆ ਨਵਾਬ ਸਾਹਿਬ ਸੱਪ ਦੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਫੇਹ ਦੇਣਾ ਚਾੀਹੰਦਾ ਹੈ ਨਹੀ ਤਾਂ ਵੱਡੇ ਹੋ ਕੇ ਡੰਗ ਹੀ ਮਾਰਦੇ ਹਨ।
ਇਸ ਤੋਂ ਬਾਅਦ ਨਵਾਬ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇੰਨ੍ਹਾਂ ਨੂੰ ਦੀਵਾਰ ਵਿਚ ਚਿਣ ਦਿੱਤਾ ਜਾਵੇ ਤੇ ਮਗਰੋਂ ਸੀਸ ਧੜ ਨਾਲੋ ਵੱਖ ਕਰ ਦਿਤਾ ਜਾਵੇ।ਦੋ ਪਠਾਣ ਜੋ ਜਲਾਦਾਂ ਦਾ ਕੰਮ ਕਰਦੇ ਸਨ, ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਨਾ ਸ਼ੁਰੂ ਕਰ ਦਿਤਾ, ਇਨ੍ਹਾਂ ਨੇ ਆਪਣਾ ਧਿਆਨ ਅਕਾਲ ਪੁਰਖ ਦੇ ਚਰਨਾਂ ਵਿਚ ਜੋੜਿਆ, ਦੀਵਾਰ ਉਚੀ ਹੁੰਦੀ ਗਈ ਸਾਹਿਬਜ਼ਾਦੇ ਅਡੋਲ ਖਲੋਤੇ ਰਹੇ, ਕਾਜ਼ੀ ਹੱਥ ਵਿਚ ਕੁਰਾਨ ਸ਼ਰੀਫ ਫੜੀ ਕਹਿ ਰਿਹਾ ਸੀ ਮੁਸਲਮਾਨ ਬਣ ਜਾਵੋ ਹੁਣ ਵੀ ਛੱਡ ਦਿਤੇ ਜਾਵੋਗੇ ।ਦੀਵਾਰ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੇ ਗਲੇ ਤੱਕ ਪਹੁੰਚ ਗਈ ਤਾਂ ਜਲਾਦਾਂ ਨੇ ਪਲਕ ਝੱਪਕਣ ਵਿਚ ਹੀ ਸੀਸ ਧੜ ਨਾਲੋਂ ਵੱਖ ਕਰ ਦਿੱਤੇ।ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਸ਼ਹੀਦੀ ਪਾ ਗਏ ਪਰ ਦਲੇਰ ਬੱਚਿਆਂ ਨੂੰ ਵੀ ਦੁਨੀਆਂ ਦੀ ਕੋਈ ਵੀ ਲਾਲਚ ਜਾਂ ਡਰਾਵਾ ਧਰਮ ਤੋਂ ਡੇਗ ਨਾ ਸਕਿਆਂ। ਮਾਤਾ ਗੁਜਰ ਕੌਰ ਜੀ ਨੂੰ ਜਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਆਪ ਜੀ ਨੇ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਵੀ ਸਿੱਖ ਧਰਮ ਦੇ ਲਈ ਚਾਨਣ ਮੁਨਾਰਾ ਹੈ ਅਤੇ ਸਾਨੂੰ ਪ੍ਰੇਰਨਾ ਦਿੰਦੀ ਹੈ। ਵੇਖਣਾ ਬੱਚਿਓ: ਕਦੀ ਵੀ ਧਰਮ ਦਾ ਸੌਦਾ ਨਾ ਕਰਨਾ ਸਿੱਖੀ ਅਮੋਲਕ ਵਸਤੂ ਹੈੇ। ਦੁਨੀਆਂ ਦੇ ਵੱਡੇ ਤੋ ਵੱਡੇ ਲੋਭ ਲਾਲਚ ਸਿਖ ਬੱਚਿਆਂ ਨੂੰ ਧਰਮ ਪ੍ਰੀਵਰਤਨ ਲਈ ਪ੍ਰੇਰ ਨਹੀ ਸਕਦੇ, ਜੇ ਕਦੇ ਸਿਖ ਬੱਚੇ ਗੁਰਬਾਣੀ ਤੇ ਆਪਣੇ ਸੁਨਹਿਰੀ ਇਤਿਹਾਸ ਤੋਂ ਵਾਕਿਫ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣ ਜਾਣ।
ਅਵਤਾਰ ਸਿੰਘ ਕੈਂਥ
ਜਸ਼ਨ ਕੰਪਿਊਟਰ ਨੇੜੇ ਬੱਸ ਅੱਡਾ ਬਠਿੰਡਾ।
ਮੋ: 9356200120, 9646900120