ਸ਼ਹੀਦੀ ਦਿਵਸ ‘ਤੇ ਵਿਸ਼ੇਸ਼

-ਰਾਣਾ ਪਰਮਜੀਤ ਸਿੰਘ
ਪਹਾੜੀ ਰਾਜਿਆਂ ਵਲੋਂ ਗਊ ਤੇ ਗੀਤਾ ਅਤੇ ਮੁਗਲ ਹਾਕਮਾਂ ਵਲੋਂ ਕੁਰਾਨ ਤੇ ਖੁਦਾ ਦੀਆਂ ਚੁੱਕੀਆਂ ਕਸਮਾਂ ਅਤੇ ਦਿੱਤੇ ਗਏ ਭਰੋਸਿਆਂ ਪੁਰ ਵਿਸ਼ਵਾਸ ਕਰਦਿਆਂ ਸਿੱਖਾਂ ਵਲੋਂ ਜ਼ੋਰ ਦਿੱਤੇ ਜਾਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ।ਅਜੇ ਉਹ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣ ਫੌਜਾਂ ਨੇ ਚੁੱਕੀਆਂ ਕਸਮਾਂ ਅਤੇ ਦਿੱਤੇ ਗਏ ਭਰੋਸਿਆਂ ਨੂੰ ਭੁਲਾ ਗੁਰੂ ਸਾਹਿਬ ਪੁਰ ਹਮਲਾ ਕਰ ਦਿੱਤਾ। ਗੁਰੂ ਸਾਹਿਬ ਤੇ ਸਿੱਖ, ਦੁਸ਼ਮਣ-ਫੌਜ ਦੇ ਹਮਲੇ ਦਾ ਜੁਆਬ ਦਿੰਦਿਆਂ ਅਤੇ ਆਤਮ-ਰਖਿਆ ਕਰਦਿਆਂ ਸਰਸਾ ਨਦੀ ਦੇ ਕਿਨਾਰੇ ਤੇ ਆ ਪੁਜੇ। ਇੱਕ ਪਾਸੇ ਸਰਸਾ ਨਦੀ ਠਾਠਾਂ ਮਾਰ ਰਹੀ ਸੀ ਅਤੇ ਦੂਸਰੇ ਪਾਸੇ ਦੁਸ਼ਮਣ ਦਾ ਟਿੱਡੀ ਦਲ ਸਿੱਖਾਂ ਦਾ ਪਿਛਾ ਕਰਦਾ ਅਗੇ ਵਧਦਾ ਚਲਿਆ ਆ ਰਿਹਾ ਸੀ। ਦੁਸ਼ਮਣ ਦਾ ਮੁਕਾਬਲਾ ਕਰਦੇ ਸਿੱਖ ਸਰਸਾ ਨਦੀ ਵਿੱਚ ਠਿਲ੍ਹ ਪਏ।
ਸਰਸਾ ਪਾਰ ਕਰਦਿਆਂ-ਕਰਦਿਆਂ ਜਿੱਥੇ ਕੁੱਝ ਸਿੱਖ ਨਦੀ ਦੇ ਵਹਾ ਦਾ ਸਾਹਮਣਾ ਨਾ ਕਰ ਸਕੇ ਤੇ ਉਸਦੇ ਵਹਾਅ ਵਿੱਚ ਵਹਿ ਗਏ। ਉਥੇ ਹੀ ਗੁਰੂ ਸਾਹਿਬ ਦਾ ਪਰਿਵਾਰ ਵੀ ਵਿੱਛੜ ਗਿਆ। ਇੱਕ ਪਾਸੇ ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਅਤੇ ਗਿਣਤੀ ਦੇ ਸਿੱਖ, ਦੂਸਰੇ ਪਾਸੇ ਗੁਰੂ ਸਾਹਿਬ ਦੇ ਮਾਤਾ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਅਤੇ ਤੀਸਰੇ ਪਾਸੇ ਭਾਈ ਮਨੀ ਸਿੰਘ ਅਤੇ ਮਾਤਾਵਾਂ।
ਦੁਸ਼ਮਣ ਦੀ ਫੌਜ ਲਗਾਤਾਰ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਸੀ। ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ ਅਤੇ ਕੁੱਝ ਸਿੰਘਾਂ ਦੇ ਨਾਲ ਚਮਕੌਰ ਪੁੱਜ ਗਏ ਤੇ ਇਕ ਹਵੇਲੀ ਵਿੱਚ ਜਾ ਡੇਰਾ ਲਾਇਆ। ਪਰਿਵਾਰ ਨਾਲੋਂ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਆਪਣੇ ਘਰ ਲੈ ਆਇਆ। ਥਕਾਵਟ ਨਾਲ ਚੂਰ ਹੋਏ ਮਾਤਾ ਜੀ ਆਪਣੇ ਪੋਤਰਿਆਂ ਨੂੰ ਸੀਨੇ ਨਾਲ ਲਾ ਸੁੱਤੇ ਪਏ ਸਨ ਕਿ ਗੰਗੂ ਨੇ ਰਾਤ ਉਠ, ਮਾਤਾ ਜੀ ਪਾਸ ਜੋ ਵੀ ਗਹਿਣਾ ਤੇ ਧਨ ਆਦਿ ਸੀ, ਚੁਰਾ ਲਿਆ। ਮਾਤਾ ਜੀ ਨੇ ਸਵੇਰੇ ਉੱਠ ਜਦੋਂ ਸਾਰਾ ਸਾਮਾਨ ਗਾਇਬ ਵੇਖ ਗੰਗੂ ਪਾਸੋਂ ਪੁੱਛਿਆ ਤਾਂ ਉਹ ਮਾਤਾ ਜੀ ਨਾਲ ਹੀ ਬਦਕਲਾਮੀ ਕਰਨ ਤੇ ਉਤਰ ਆਇਆ ਤੇ ਉਸ ਨੇ ਮੁਰਿੰਡੇ ਜਾ ਚੌਧਰੀ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਉਸ ਦੇ ਘਰ ਹਨ। ਇਸ ਗਲ ਦਾ ਵਰਣਨ ਅੱਲਾ ਯਾਰ ਖਾਨ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ:
ਬਦਜ਼ਾਤ ਬਦਸਿਫਾਤ ਵੁਹ ਗੰਗੂ ਨਿਮਕ ਹਰਾਮ।
ਟੁਕੜੋਂ ਕੇ ਸਤਿਗੁਰੂ ਕੇ ਜੋ ਪਲਤਾ ਰਹਾ ਮਦਾਮ।
ਦੁਨੀਆ ਪੇ ਅਪਨੇ ਨਾਮ ਕੋ ਬਦਨਾਮ ਕਰ ਗਿਆ।
ਦੁਸ਼ਮਨ ਭੀ ਨਾ ਜੋ ਕਰਤਾ ਵੁਹ ਕਾਮ ਕਰ ਗਿਆ।
ਚੌਧਰੀ ਨੇ ਤੁਰੰਤ ਹੀ ਥਾਣੇਦਾਰ ਤੇ ਸਿਪਾਹੀਆਂ ਨੂੰ ਨਾਲ ਲਿਜਾ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਸਾਹਮਣੇ ਪੇਸ਼ ਕਰਨ ਲਈ, ਸਰਹੰਦ ਲਿਜਾ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ।
ਉਧਰ ਸਾਹਿਬਜ਼ਾਦਿਆਂ ਦੇ ਦਾਦੀ, ਮਾਤਾ ਗੁਜਰੀ ਜੀ ਦੇ ਸਾਹਮਣੇ ਦੁਖਦਾਈ ਘੜੀ ਸੀ। ਉਹ ਜਾਣਦੇ ਸਨ ਕਿ ਦੁਸ਼ਮਣ ਇਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਪੁਰ ਰਹਿਮ ਨਹੀਂ ਕਰੇਗਾ। ਇਨ੍ਹਾਂ ਨੂੰ ਲਾਲਚ ਤੇ ਡਰਾਵੇ ਦੇ ਕੇ ਧਰਮ ਬਦਲਣ ਲਈ ਫੁਸਲਾਣ ਦੀ ਕੌਸ਼ਿਸ਼ ਕਰੇਗਾ। ਜੇ ਇਹ ਨਾ ਮੰਨੇ ਤਾਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏਗਾ।ਪਰ ਮਾਤਾ ਜੀ ਨੇ ਦ੍ਰਿੜ੍ਹਤਾ ਵਿਖਾਈ।ਉਨ੍ਹਾਂ ਸਾਹਿਬਜ਼ਾਦਿਆਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਦੇ ਸਾਕੇ ਸੁਣਾਏ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਧਰਮ ਦੀ ਰੱਖਿਆ ਲਈ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਯੁੱਧ ਕਰਨ ਦੀਆਂ ਘਟਨਾਵਾਂ ਸੁਣਾ ਕੇ ਦ੍ਰਿੜ੍ਹ ਕੀਤਾ ਕਿ ਦੁਸ਼ਮਣ ਉਨ੍ਹਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਮੁਸਲਮਾਨ ਬਣਾਉਣ ਦਾ ਯਤਨ ਕਰੇਗਾ। ਉਨ੍ਹਾਂ ਨੇ ਆਪਣੇ ਸਿੱਖੀ ਪ੍ਰਤੀ ਵਿਸ਼ਵਾਸ ਪੁਰ ਦ੍ਰਿੜ੍ਹ ਰਹਿਣਾ ਹੈ।ਸ਼ਹੀਦੀ ਪ੍ਰਾਪਤ ਕਰਨ ਤੋਂ ਸੰਕੋਚ ਨਹੀਂ ਕਰਨਾ ਹੋਵੇਗਾ।
ਮਾਸੂਮ ਸਾਹਿਜ਼ਾਦਿਆਂ ਨੇ ਆਪਣੀ ਦਾਦੀ ਨੂੰ ਭਰੋਸਾ ਦੁਆਇਆ ਕਿ ਉਹ ਆਪਣੇ ਨਕੜ ਦਾਦਾ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਦਾਦਾ (ਸ੍ਰੀ ਗੁਰੂ ਤੇਗ ਬਹਾਦਰ ਜੀ) ਦੇ ਪਾਏ ਪੂਰਨਿਆਂ ਪੁਰ ਚਲਦਿਆਂ ਸ਼ਹੀਦੀ ਪ੍ਰਾਪਤ ਕਰਨ ਤੋਂ ਕਿਸੇ ਵੀ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣਗੇ। ਕੋਈ ਲਾਲਚ, ਕੋਈ ਡਰ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਤੋਂ ਡੁਲਾ ਨਹੀਂ ਸਕੇਗਾ।
ਨਵਾਬ ਵਜ਼ੀਰ ਖਾਨ ਦੇ ਸਿਪਾਹੀਆਂ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਲਿਜਾ, ਉਸਦੀ ਕਚਹਿਰੀ ਵਿੱਚ ਪੇਸ਼ ਕੀਤਾ। ਸਾਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਕਦਮ ਰਖਦਿਆਂ ਹੀ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ’ ਦਾ ਜੈਕਾਰਾ ਗਜਾ, ਆਪਣੇ ਨਿਡਰ ਹੋਣ ਦਾ ਅਹਿਸਾਸ ਕਰਵਾ ਦਿੱਤਾ। ਨਵਾਬ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਸੁਖੀ ਅਤੇ ਸ਼ਾਨੋ-ਸ਼ੋਕਤ ਭਰਪੂਰ ਜੀਵਨ ਜੀਣ ਦੇ ਕਈ ਸੁਪਨੇ ਵਿਖਾਏ ਅਤੇ ਲਾਲਚ ਦਿੱਤੇ ਪਰ ਕੋਈ ਲਾਲਚ ਉਨ੍ਹਾਂ ਮਾਸੂਮਾਂ ਨੂੰ ਆਪਣੇ ਦ੍ਰਿੜ੍ਹ ਵਿਸ਼ਵਾਸ ਤੋਂ ਡੁਲਾ ਨਾ ਸਕਿਆ। ਜਦੋਂ ਲਾਲਚ ਸਫਲ ਨਾ ਹੋ ਸਕੇ ਤਾਂ ਫਿਰ ਡਰਾਵਿਆਂ ਦਾ ਦੌਰ ਚਲਿਆ। ਇਸ ਵਿੱਚ ਵੀ ਵਜ਼ੀਰ ਖਾਨ ਨੂੰ ਕੋਈ ਸਫਲਤਾ ਨਾ ਮਿਲੀ। ਆਖਰ ਉਨ੍ਹਾਂ ਮਾਸੂਮਾਂ ਨੂੰ ਸ਼ਹੀਦ ਕਰ ਦੇਣ ਬਾਰੇ ਵਿਚਾਰਾਂ ਹੋਣ ਲਗੀਆਂ।
ਇਸ ਦੌਰਾਨ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਨੇ ‘ਆਹ!’ ਦਾ ਨਾਹਰਾ ਮਾਰਿਆ ਤੇ ਮਾਸੂਮਾਂ ਨੂੰ ਸ਼ਹੀਦ ਕੀਤੇ ਜਾਣ ਨੂੰ ਸ਼ਰ੍ਹਾ ਦੇ ਵਿਰੁਧ ਕਰਾਰ ਦਿੱੱਤਾ। ਵਜ਼ੀਰ ਖਾਨ ਨੇ ਉਸਨੂੰ ਉਕਸਾਇਆ ਕਿ ਉਹ ਇਨ੍ਹਾਂ ਮਾਸੂਮਾਂ ਨੂੰ ਕਤਲ ਕਰ ਗੁਰੂ ਗੋਬਿੰਦ ਸਿੰਘ (ਜੀ) ਪਾਸੋਂ ਆਪਣੇ ਭਰਾ ਦੇ ਕਤਲ ਦਾ ਬਦਲਾ ਲੈ ਸਕਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਨਵਾਬ ਸ਼ੇਰ ਮੁਹੰਮਦ ਨੇ ਜਵਾਬ ਦਿੱਤਾ ਕਿ :
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰਖੇ ਖੁਦਾ ਹਮ ਕੋ ਐਸੇ ਪਾਪ ਸੇ।
ਇਸਦੇ ਵਿਰੁੱਧ ਵਜ਼ੀਰ ਖਾਨ ਦੇ ਪੇਸ਼ਕਾਰ ਸੁੱਚਾ ਨੰਦ ਨੇ ਨਵਾਬ ਮਲੇਰ ਕੋਟਲਾ ਦੀ ਗੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਇਹ ਵੀ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਮੁਗਲ ਹਕੂਮਤ ਲਈ ਸਿਰ ਦਰਦ ਬਣ ਜਾਣਗੇ।
ਆਖਰ ਦਰਬਾਰੀਆਂ ਅਤੇ ਕਾਜ਼ੀਆਂ ਦੀ ਸਲਾਹ ਨਾਲ ਵਜ਼ੀਰ ਖਾਨ ਨੇ ਮਾਸੂਮ ਬਚਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦੇਣ ਦਾ ਹੁਕਮ ਦੇ ਦਿੱਤਾ। ਉਸਦੇ ਹੁਕਮ ਤੇ ਅਮਲ ਹੋਇਆ।ਮਾਸੂਮ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਜਦੋਂ ਇਹ ਸਮਾਚਾਰ ਮਾਤਾ ਗੁਜਰੀ ਜੀ ਪਾਸ ਪੁੱਜਾ, ਤਾਂ ਉਨ੍ਹਾਂ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਪੋਤਰਿਆਂ ਨੇ ਆਪਣੇ ਧਰਮ, ਸਿੱਖੀ ਪ੍ਰਤੀ ਵਿਸ਼ਵਾਸ ਪੁਰ ਦ੍ਰਿੜ੍ਹ ਰਹਿੰਦਿਆਂ, ਸ਼ਹਾਦਤ ਨੂੰ ਆਪਣੇ ਗਲੇ ਲਾਉਣ ਤੋਂ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਕੀਤਾ। ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਉਹ ਆਪ ਵੀ ਉਸ ਦੇ ਚਰਨਾਂ ਵਿੱਚ ਜਾ ਬਿਰਾਜੇ।

–ਰਾਣਾ ਪਰਮਜੀਤ ਸਿੰਘ
ਚੇਅਰਮੈਨ
ਧਰਮ ਪ੍ਰਚਾਰ ਕਮੇਟੀ
ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
Punjab Post Daily Online Newspaper & Print Media