ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਲਈ ਉਪਹਾਰ-ਹੋਟਲਾਂ ਤੇ ਰੈਸਟੋਰੈਂਟਾਂ ‘ਚ ਮਿਲੇਗਾ 50 ਫੀਸਦੀ ਸਸਤਾ ਖਾਣਾ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਜ਼ਿਲੇ ਭਰ ਵਿਚ ਵੋਟਰ ਜਾਗਰੂਕਤਾ ਮੁਹਿੰਮ ਨੂੰ ਇਕ ਮਿਸ਼ਨ ਵਜੋ ਚਲਾ ਕੇ ਲੋਕਾਂ ਤੇ ਖਾਸਕਰਕੇ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਤਂੋ ਜਾਣੂ ਕਰਵਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਜੋ ਜ਼ਿਲੇ ਭਰ ਵਿਚ ਲੋਕਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ ਹੋਈ ਸੀ, ਉਸ ਨਾਲ ਲੋਕ ਤੇ ਖਾਸਕਰਕੇ ਨੌਜਵਾਨ ਵੋਟ ਦੀ ਮਹੱਤਤਾ ਤੋਂ ਜਾਣੂ ਹੋਏ ਹਨ, ਜਿਸ ਦਾ ਕੱਲ੍ਹ 30 ਅਪਰੈਲ 2014 ਨੂੰ ਵੋਟਾਂ ਵਾਲੇ ਦਿਨ ਉਤਸ਼ਾਹ ਵੇਖਣ ਨੂੰ ਮਿਲੇਗਾ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਲੋਕ ਸਭਾ ਚੋਣਾਂ ਵਿਚ ਜ਼ਿਲ੍ਹੇ ਅੰਦਰ ਵੋਟ ਪ੍ਰਤੀਸ਼ਤ ਨੂੰ ਵੱਧ ਤੋਂ ਵੱਧ ਵਧਾਉਣ ਅਤੇ ਲੋਕਾਂ ਦੀ ਲੋਕਤੰਤਰ ਵਿਚ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਵੋਟਰ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ 10 ਹਜ਼ਾਰ ਸਟਿੱਕਰ, ਇਕ ਹਜ਼ਾਰ ਆਟੋ ਬੈਨਰ ਤੇ ਇਕ ਹਜ਼ਾਰ ਬੱਸਾਂ ਤੇ ਵੋਟਰ ਜਾਗਰੂਕਤਾ ਵਾਲੇ ਬੈਨਰ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਖਾਸਕਰਕੇ 18 ਤੇ 19 ਸਾਲ ਦੇ ਨੌਜਵਾਨਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ 18-19 ਸਾਲ ਦੇ ਕਰੀਬ 37 ਹਜ਼ਾਰ 286 ਨੌਜਵਾਨ ਹਨ ਅਤੇ ਇਨ੍ਹਾਂ ਵੋਟਰਾਂ ਚੋਂ ਜਿਹੜਾ ਵੋਟਰ ਆਪਣੀ ਵੋਟ ਪਾਵੇਗਾ ਉੇਸ ਨੂੰ ਬੂਥ ਲੈਵਲ ਅਫ਼ਸਰ ਵੱਲੋਂ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜਾਰੀ ਕੀਤਾ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ‘ਚ ਵੋਟਾਂ ਪਾਉਣ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਵਾਰ ਵੱਡੀ ਗਿਣਤੀ ‘ਚ ਚੋਣ ਡਿਊਟੀ ‘ਤੇ ਤਾਇਨਾਤ ਸਿਵਲ ਅਤੇ ਪੁਲਿਸ ਕਰਮੀ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਹੋਟਲ ਐਸੋਸੀਏਸ਼ਨ ਅੰਮ੍ਰਿਤਸਰ ਨੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਸ਼ਹਿਰ ਦੇ ਹੋਟਲਾਂ ਤੇ ਰੈਸਟੋਰੈਂਟਾਂ ‘ਚ 50 ਫੀਸਦੀ ਸਸਤਾ ਖਾਣਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਵੋਟਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ 30 ਅਪ੍ਰੈਲ ਤੋਂ 31 ਮਈ ਦਰਮਿਆਨ ਇੱਕ ਰਾਤ ਲਈ ਸ਼ਹਿਰ ਦੇ ਕਿਸੇ ਵੀ ਹੋਟਲ ‘ਚ ਰਿਆਇਤੀ ਦਰ ‘ਤੇ ਰਹਿ ਸਕਦੇ ਹਨ। ਇਸ ਯੋਜਨਾਂ ਦਾ ਲਾਭ ਲੈਣ ਲਈ ਨੌਜਵਾਨ ਵੋਟਰ ਨੂੰ ਪ੍ਰਸੰਸਾਂ ਪੱਤਰ ਦਿਖਾਉਣੇ ਪੈਣਗੇ।