ਪੰਜਾਬ ਵਿੱਚ ਰਿਕਾਰਡ 73 ਫੀਸਦੀ ਪੋਲਿੰਗ- ਵੋਟਾਂ ਦੀ ਗਿਣਤੀ 16 ਮਈ ਨੂੰ
ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ/ਸੁਖਬੀਰ ਸਿੰਘ)- ਦੇਸ਼ ਵਿੱਚ ਅੱਜ ਸੱਤਵੇਂ ਗੇੜ ਦੀਆਂ ਪਈਆਂ ਵੋਟਾਂ ਦੌਰਾਨ 89ਸੀਟਾਂ ‘ਤੇ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ।ਪੰਜਾਬ ਦੀਆ ਵੀ ਕੁੱਲ ੧੩ ਸੀਟਾਂ ਤੇ ਵੀ ਅੱਜ ਹੁਣ ਤੱਕ ਦੀ ਸਭ ਤੋਂ ਵੱਧ ੭੩ ਫੀਸਦੀ ਪੋਲਿੰਗ ਹੋਈ, ਜੋ 1967 ਵਿੱਚ ਹੋਈ 71.13 ਫੀਸਦੀ ਪੋਲਿੰਗ ਤੋਂ ਜਿਆਦਾ ਦੱਸੀ ਜਾਂਦੀ ਹੈ। ਅੱਜ ਪਈਆਂ ਵੋਟਾਂ ਦੌਰਾਨ ਵੋਟਰਾਂ ਨੇ ਜਿੰਨਾਂ ਸੀਨੀਅਰ ਆਗੂਆਂ ਦੀ ਕਿਸਮਤ ਦਾ ਫੈਸਲਾ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਉਨਾਂ ਵਿੱਚ ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਰਮਤ ਕੌਰ ਬਾਦਲ, ਪੀ.ਪੀ.ਪੀ.ਪੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ, ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਸ੍ਰੀ ਮਤੀ ਅੰਬਿਕਾ ਸੋਨੀ, ਗੁਰਦਾਸਪੁਰ ਤੋਂ ਭਾਜਪਾ ਦੇ ਵਿਨੋਦ ਖੰਨਾ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਪਟਿਆਲਾ ਤੋਂ ਸ੍ਰੀ ਮਤੀ ਪ੍ਰਣੀਤ ਕੌਰ ਵਰਨਣਯੋਗ ਹਨ। ਅੱਜ ਦੀ ਪੋਲਿੰਗ ਦੌਰਾਨ ਪਟਿਆਲਾ ਦੇ ਰਸੂਲਪੁਰ ਤੋਂ ਕੌਂਸਲਰ ਰਜਿੰਦਰ ਸਿੰਘ ਵਿਰਕ ਵਲੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਧਰਮਵੀਰ ਗਾਂਧੀ ਦੀ ਮਾਰਕੁਟਾਈ ਕੀਤੇ ਜਾਣ ਦੀ ਖਬਰ ਹੈ।
ਅੰਮ੍ਰਿਤਸਰ ਦੇ ਹਲਕਾ ਕੇਂਦਰੀ ‘ਚ ਭਾਜਪਾ ਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਹੋਣ ਦੀ ਖਬਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੇੱਸ਼ੱਕ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦਰਮਿਆਨ ਹੈ, ਲੇਕਿਨ ਆਮ ਆਾਦਮੀ ਪਾਰਟੀ ਦਾ ਵੀ 16 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ਵਿੱਚ ਅਹਿਮ ਯੋਗਦਾਨ ਰਹੇਗਾ।ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੰਸਦੀ ਚੋਣਾਂ 2014 ਛੁੱਟਪੁੱਟ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਸਮਾਪਤ ਹੋ ਗਈਆਂ।ਸੰਸਦੀ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਅਤੇ ਅੱਤ ਸੰਵੇਦਨਸ਼ੀਲ਼ ਬੂਥਾਂ ‘ਤੇ ਬੀ.ਐਸ.ਐਫ ਅਤੇ ਕੇਂਦਰੀ ਸੁਰਖਿਆ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ।ਸਵੇਰੇ ੭ ਵਜੇ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਗਰਮੀ ਦਾ ਪ੍ਰਕੋਪ ਵੱਧ ਜਾਣ ਨਾਲ ਵੋਟਰਾਂ ਦੀ ਗਿਣਤੀ ਘੱਟ ਗਈ, ਪ੍ਰੰਤੂ ਫਿਰ ਵੀ ਵੋਟਾਂ ਪਾਉਣ ਵਾਲਿਆਂ ਦੀ ਆਵਾਜਾਈ ਲੱਗੀ ਰਹੀ। ਅੱਜ ਦੀਆਂ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਇਲਾਵਾ ਔਰਤਾਂ ਵਿੱਚ ਕਾਪੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਪੋਲਿੰਗ ਬੂਥਾਂ ‘ਤੇ ਮਰਦਾਂ ਨਾਲੋ ਜਿਆਦਾ ਔਰਤ ਨਜਰੀ ਪਈਆਂ।ਪਹਿਲੀ ਵਾਰ ਵੋਟ ਦੇ ਹਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਨੂੰ ਵੋਟ ਪਾਉਸ ਦੀ ਰਸੀਦ ਵਜੋਂ ਚੋਣ ਕਮਿਸ਼ਨ ਵਲੋਂ ਸਰਟੀਫੀਕੇਟ ਵੀ ਦਿੱਤੇ ਗਏ ।