Monday, July 8, 2024

 ਨਾਮਵਰ੍ਹ ਗਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨਾਲ ਰੂਬਰੂ

ਜਨਵਾਦੀ ਲੇਖਕ ਸੰਘ ਵੱਲੋਂ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਾਹਿਤਕ ਸਮਾਗਮਾਂ ਦੀ ਲੜੀ

PPN1901201601
ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਦਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪੰਜਾਬੀ ਜੁਬਾਨ ਦੇ ਨਾਮਵਰ ਗਜਲਗੋ ਸੁਰਿੰਦਰਪ੍ਰੀਤ ਘਣੀਆਂ ਨਾਲ ਰੂਬਰੂ ਕਰਵਾਇਆ ਗਿਆ। ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਮਹਿਮਾਨ ਸ਼ਾਇਰ ਨਾਲ ਜਾਣ ਪਛਾਣ ਕਰਵਾਈ। ਇਸ ਅਦਬੀ ਸਮਾਗਮ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀ ਗਜ਼ਲ ਦੇ ਸ਼ੇੇਅਰ ”ਜ਼ਮੀਨਾਂ ਮਹਿੰਗੀਆਂ ਵਿਕੀਆਂ ਜਮੀਰਾਂ ਸਸਤੀਆਂ ਵਿਕੀਆਂ, ਬੜੀ ਥੋੜ੍ਹੀ ਜਿਹੀ ਕੀਮਤ ‘ਤੇ ਨੇ ਵੱਡੀਆਂ ਹਸਤੀਆਂ ਵਿਕੀਆਂ” ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਸz: ਗੁਰਦਿਆਲ ਸਿੰਘ, ਪ੍ਰੋ: ਅਜਮੇਰ ਔਲਖ, ਰਾਮ ਸਰੂਪ ਅਣਖੀ, ਜਸਵੰਤ ਸਿੰਘ ਕੰਵਲ ਅਤੇ ਡਾ. ਜਸਪਾਲ ਘਈ ਵਰਗੇ ਪ੍ਰੋੜ ਲੇਖਕਾਂ ਦੀ ਸੰਗਤ ਨਾਲ ਉਨ੍ਹਾਂ ਤੇ ਅਦਬੀ ਰੰਗ ਚੜ੍ਹਿਆ ਤੇ ਮਰਹੂਮ ਉਸਤਾਦ ਗਜ਼ਲਗੋ ਜਨਾਬ ਦੀਪਕ ਜੈਤੋਈ ਸਾਹਿਬ ਦੀ ਰਹਿਨੁਮਾਈ ਵਿੱਚ ਉਨ੍ਹਾਂ ਗਜ਼ਲ ਦੀ ਵਿਦਾ ਨੂੰ ਚੁਣਿਆ ‘ਤੇ ਉਸ ਵਿੱਚ ਪ੍ਰਪੱਕਤਾ ਹਾਸਲ ਕੀਤੀ।ਘਣੀਆਂ ਦੇ ਗਜ਼ਲ ਸੰਗ੍ਰਹਿ ”ਹਰਫਾਂ ਦੇ ਪੁਲ” ਦੇ ਹਵਾਲੇ ਨਾਲ ਗੱਲ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਗਲ ਕਰਦਿਆਂ ਦੱਸਿਆ ਕਿ ਸ੍ਰੀ ਘਣੀਆਂ ਨਵੀਂ ਪੀੜ੍ਹੀ ਦੇ ਸ਼ਾਇਰਾਂ ਵਿੱਚ ਉਭਰਵਾਂ ਤੇ ਚਰਚਿਤ ਨਾਮ ਹੈ। ਉਹ ਆਪਣੀ ਸ਼ਾਇਰੀ ਵਿੱਚ ਨਾ ਕੇਵਲ ਸਮਾਜਿਕ ਸਮਰੱਥਾਂ ਨੂੰ ਵੱਖਰੀ ਦ੍ਰਿਸ਼ਟੀ ਤੋਂ ਵੇਖਦਾ ਹੈ, ਬਲਕਿ ਉਨ੍ਹਾਂ ਨੂੰ ਭਾਵੁਕ ਪੱਧਰ ਤੇ ਸੋਧਮਈ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਬੰਬਈ ਤੋਂ ਉਚੇਚੇ ਤੌਰ ਤੇ ਆਏ ਪ੍ਰਸਿੱਧ ਗੀਤਕਾਰ ਸ੍ਰੀ ਮਦਨਪਾਲ ਅਤੇ ਸ੍ਰੀ ਨਿਰਮਲ ਅਰਪਨ ਨੇ ਕਿਹਾ ਕਿ ਸੁਰਿੰਦਰਪ੍ਰੀਤ ਦੀ ਸ਼ਾਇਰੀ ਵਿੱਚ ਵਿਸ਼ਵਾਸ਼ਾਂ, ਸਧਰਾਂ, ਨੋਕਾਂ-ਝੋਕਾਂ, ਰੋਸਿਆਂ ਅਤੇ ਹਾਸਿਆਂ ਦੀ ਕੰਨਸੋਅ ਮਿਲਦੀ ਹੈ। ਪ੍ਰੋ: ਮੋਹਨ ਸਿੰਘ, ਹਰਭਜਨ ਖੇਮਕਰਨੀ ਅਤੇ ਧਰਵਿੰਦਰ ਔਲਖ ਨੇ ਆਪਣੀ ਰਾਏ ਸਾਂਝੀ ਕਰਦਿਆਂ ਕਿਹਾ ਕਿ ਸ਼ਾਇਰ ਮਨੁੱਖੀ ਟੁੱਟਭੱਜ ਅਤੇ ਮਾਨਵੀ ਹੋਂਦ ਦੇ ਖੁਰਨ ਦੀ ਗੱਲ ਕਰਦਿਆਂ ਖੂਬਸੂਰਤ ਬਿੰਬ ਉਸਾਰਦਾ ਹੈ। ਅਸਿਸਟੈਂਟ ਪ੍ਰੋ: ਡਾ. ਮਮਤਾ, ਡਾ. ਪਰਮਜੀਤ ਸਿੰਘ ਬਾਠ ਨੇ ਚਰਚਾ ਅਧੀਨ ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਘਣੀਆ ਹੋਰਾਂ ਦੀ ਕਵਿਤਾ ਪ੍ਰਾਚੀਨ ਅਤੇ ਆਧੁਨਿਕਤਾ ਦੇ ਸੰਕਲਪ ਦੀ ਵਿਆਖਿਆ ਕਰਦੀ ਹੈ। ਜਨਵਾਦੀ ਲੇਖਕ ਸੰਘ ਦੇ ਸਕੱਤਰ ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭਾ ਵੱਲੋਂ ਸਥਾਪਿਤ ਲੇਖਕਾਂ ਨੂੰ ਪਾਠਕਾਂ ਦੇ ਰੂਬਰੂ ਕਰਨ ਦੇ ਸਿਲਸਿਲੇ ਨੂੰ ਨਿਰੰਤਰ ਜਾਰੀ ਰੱਖਣ ਦੇ ਅਹਿਦ ਨੂੰ ਦੁਹਰਾਇਆ। ਇਸ ਸਾਹਿਤਕ ਮਹਿਫਲ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਵਿਸ਼ਵਜੀਤ ਰਾਣਾ, ਜਸਬੀਰ ਸਿੰਘ ਝਬਾਲ, ਕੁਲਵੰਤ ਸਿੰਘ ਅਣਖੀ, ਸ਼ਾਇਰਾ ਰਜਵਿੰਦਰ ਕੌਰ, ਅਜੀਤ ਸਿੰਘ ਨਬੀਪੁਰ, ਜਸਬੀਰ ਕੌਰ, ਦਵਿੰਦਰ ਕੌਰ ਝਬਾਲ, ਕਲਿਆਣ ਅੰੰਮ੍ਰਿਤਸਰੀ, ਸ਼ਾਇਰ ਬੀਰ ਸਿੰਘ, ਜਸਮੋਹਨ ਸਿੰਘ, ਰੁਪਿੰਦਰ ਨਬੀਪੁਰੀ, ਕੰਵਲਦੀਪ ਕੌਰ ਅਤੇ ਮੈਡਮ ਮਮਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply