Wednesday, July 3, 2024

ਬੈਂਕ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਵਿੱਚ 165 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਬੇੜਾ

PPN1302201622
ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਸਰਪ੍ਰਸਤੀ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ, ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਬੈਂਕ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਗਈ, ਜਿਸ ਦੌਰਾਨ ਲਗਾਏ ਗਏ 227 ਕੇਸਾਂ ਵਿਚੋਂ 165 ਦਾ ਮੌਕੇ ‘ਤੇ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਕੇ ਕੁਲ 7,90,09,788 (ਸੱਤ ਕਰੋੜ ਨੱਬੇ ਲੱਖ ਨੌਂ ਹਜ਼ਾਰ ਸੱਤ ਸੌ ਅਠਾਸੀ) ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਮੈਡਮ ਗਿਰੀਸ਼ ਬਾਂਸਲ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਬੈਂਕਾਂ ਨਾਲ ਸਬੰਧਤ ਮਾਮਲੇ, ਸੈਕਸ਼ਨ 138 ਐਨ. ਆਈ ਐਕਟ, ਵਸੂਲੀ ਮਾਮਲੇ (ਬਕਾਇਆ ਅਤੇ ਪ੍ਰੀ-ਲਿਟੀਗੇਸ਼ਨ ਦੇ ਮਾਮਲੇ) ਸੁਣਵਾਈ ਲਈ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 4 ਬੈਂਚ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚੋਂ ਦੋ ਬੈਂਚ ਅੰਮ੍ਰਿਤਸਰ ਅਤੇ ਇਕ-ਇਕ ਬੈਂਚ ਅਜਨਾਲਾ ਅਤੇ ਬਾਬਾ ਬਕਾਲਾ ਵਿੱਚ ਬਣਾਏ ਗਏ।
ਉਨ੍ਹਾਂ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਅਨਿਲ ਆਰ ਦਵੇ ਦੀ ਇੱਛਾ ਅਨੁਸਾਰ ਹੁਣ ਮੁਲਕ ਭਰ ਵਿਚ ਕਿਸੇ ਨਾ ਕਿਸੇ ਚੋਣਵੇਂ ਵਿਸ਼ੇ ‘ਤੇ ਕੌਮੀ ਲੋਕ ਅਦਾਲਤਾਂ ਹਰੇਕ ਮਹੀਨੇ ਲੱਗਿਆ ਕਰਨਗੀਆਂ ਜਿਸ ਤਹਿਤ ਅਗਲੀ ਕੌਮੀ ਲੋਕ ਅਦਾਲਤ 12 ਮਾਰਚ ਨੂੰ ਲਗਾਈ ਜਾਵੇਗੀ ਜਿਸ ਵਿਚ ਮਾਲ, ਮਨਰੇਗਾ ਅਤੇ ਜ਼ਮੀਨ ਅਧਿਗ੍ਰਹਿਣ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ। ਜਿਸ ਵਿਚ ਲੋਕ ਲਾਭ ਉਠਾ ਕੇ ਆਪਣੇ ਝਗੜਿਆਂ ਦਾ ਸਹਿਮਤੀ ਨਾਲ ਫੈਸਲਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਕੇਸਾਂ ਦੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਦੋਹਾਂ ਧਿਰਾਂ ਨੂੰ ਹੀ ਨਿਆਂ ਮਿਲਦਾ ਹੈ ਅਤੇ ਆਪਸੀ ਸਮਝੌਤੇ ਤਹਿਤ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਉਹ ਭੱਵਿਖ ਵਿਚ ਵੀ ਆਪਣੇ ਕੇਸਾਂ ਦੇ ਲੋਕ ਅਦਾਲਤਾਂ ਰਾਹੀਂ ਨਿਪਟਾਰੇ ਨੂੰ ਪਹਿਲ ਦੇਣ ਕਿਉਂਕਿ ਇਸ ਨਾਲ ਸਸਤਾ ਤੇ ਛੇਤੀ ਨਿਆਂ ਸੰਭਵ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply