Monday, July 1, 2024

ਪਾਣੀਆਂ ਦੇ ਮੁੱਦੇ ‘ਤੇ ਨਿਰਪੱਖ ਸਟੈਂਡ ਲਵੇ ਕੇਂਦਰ – ਪ੍ਰੋ. ਚੰਦੂਮਾਜਰਾ

prem singh chandu majra ..

ਨਵੀਂ ਦਿੱਲੀ, 3 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਐਮਰਜੈਂਸੀ ਦੇ ਸਮੇਂ ਤੋਂ ਹੁੰਦੇ ਆ ਰਹੇ ਧੱਕੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਵਿਧਾਨ ਅਨੁਸਾਰ ਇਸ ਬਾਰੇ ਨਿਰਪੱਖ ਸਟੈਂਡ ਲਵੇ।
ਕੱਲ੍ਹ ਦੇਰ ਸ਼ਾਮ ਲੋਕ ਸਭਾ ਅੰਦਰ ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਮਤੇ ‘ਤੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਪੱਖਪਾਤੀ ਧੱਕਾ ਕਰਦਿਆਂ ਰਾਜਸੀ ਗਜਾਂ ਨਾਲ ਨਾਪ ਕੇ ਫੈਸਲੇ ਕੀਤੇ। ਐਮਰਜੈਂਸੀ ਦੌਰਾਨ ਪੰਜਾਬ ਦੇ ਪਾਣੀਆਂ ਦੀ ਬੇ-ਰਹਿਮੀ ਨਾਲ ਕੀਤੀ ਲੁੱਟ ਲਈ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰ ਸਕਦੇ। ਵਿਧਾਨ, ਸਾਰੀਆਂ ਪਰੰਪਰਾਵਾਂ ਸ਼ਿੱਕੇ ਟੰਗ ਕੇ ਪਾਣੀ ‘ਤੇ ਡਾਕਾ ਮਾਰਿਆ। ਪੰਜਾਬ ਕੋਲ ਤਾਂ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਤੇ ਉਹਨਾਂ ਦੀ ਪਾਰਟੀ ਰਿਪੇਰੀਅਨ ਸਿਧਾਂਤਾਂ ਅਨੁਸਾਰ ਰਾਜ ਦੇ ਅਨਿੱਖੜਵੇਂ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ
ਉਹਨਾਂ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਅੱਜ ਪੰਜਾਬ ਦੇ ਲੋਕ ਇਨਸਾਫ ਲਈ ਕੇਂਦਰ ਸਰਕਾਰ ‘ਤੇ ਆਸ ਲਾਈ ਬੈਠੇ ਹਨ ਕਿ ਪਾਣੀਆਂ ਦੀ ਵੰਡ ਦੇ ਮਸਲੇ ਵਿੱਚ ਕੇਂਦਰ ਨਿਰਪੱਖ ਵਰਤਾਅ ਕਰਕੇ ਦੇਸ਼ ਦੇ ਵਿਧਾਨ, ਮਾਨਤਾਵਾਂ ਤੇ ਕਾਨੂੰਨ ਮੁਤਾਬਕ ਸਪਸ਼ਟ ਸਟੈਂਡ ਲਵੇ ਤਾਂ ਕਿ ਪੰਜਾਬ ਤੇ ਹਰਿਆਣਾ ਵਿਚਕਾਰ ਪਈ ਖਟਾਸ ਦੂਰ ਹੋਵੇ ਤੇ ਲੰਮੇ ਸਮੇਂ ਤੋਂ ਚਲ ਰਿਹਾ ਝਮੇਲਾ ਖ਼ਤਮ ਹੋਵੇ।
ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਪਿੰਡਾਂ ਲਈ ਬਜਟ ਦੌਰਾਨ ਦਿੱਤੀ ਪਹਿਲ ਦੀ ਸ਼ਲਾਘਾ ਕਰਦਿਆਂ ਖਾਸ ਤੌਰ ‘ਤੇ ਕਿਸਾਨ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤੇ ਫੂਡ ਪ੍ਰਸੈਸਿੰਗ ਵਿੱਚ ਐਫ਼.ਡੀ.ਆਈ. ਨੂੰ ਸੌ ਫੀਸਦੀ ਖੁੱਲ੍ਹ ਤੇ ਹੋਰ ਕਈ ਕਿਸਾਨ ਪੱਖੀ ਲੋਕ-ਭਲਾਈ ਫੈਸਲੇ ਲੈ ਲਏ ਹਨ ਪਰ ਅਜੇ ਵੀ ਕਿਸਾਨੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਕਿਹਾ ਕਿ ਖਾਸ ਤੌਰ ‘ਤੇ ਖੇਤੀ ਦੀ ਉਪਜ ਦੇ ਭਾਅ, ਘੱਟੋ ਘੱਟ ਸਹਾਇਕ ਕੀਮਤਾਂ ਨਿਸਚਿਤ ਕਰਨ ਸਮੇਂ ਡਾਕਟਰ ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਤਰਜ ‘ਤੇ ਕਰਜਾ ਮੁਕਤ ਕਰਾਉਣ ਲਈ ਕਾਨੂੰਨ ਬਣਾਉਣ ਅਤੇ ਬਾਸਮਤੀ ਦੇ ਭਾਅ ਚੰਗੇ ਦੇਣ ਲਈ ਬਾਸਮਤੀ ਟ੍ਰੇਡ ਕਾਰਪੋਰੇਸ਼ਨ ਬਣਾਉਣ ਵਰਗੇ ਸੁਝਾਅ ਦਿੱਤੇ।
ਪ੍ਰੋ. ਚੰਦੂਮਾਜਰਾ ਨੇ ਜੋਰ ਦੇ ਕੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੀ ਅਹਿਮੀਅਤ ਸਮਝਦੇ ਹੋਏ ਸਰਹੱਦੀ ਸੂਬਿਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੇ ਪੰਜਾਬ ਵਰਗੇ ਸਰਹੱਦੀ ਸੂਬਿਆਂ ਨੂੰ ਜਿਨ੍ਹਾਂ ਦੀਆਂ ਸੜਕਾਂ, ਫਸਲਾਂ, ਸਕੂਲ, ਇੰਡਸਟ੍ਰੀ ਤਬਾਹ ਹੋ ਜਾਂਦੀ ਹੈ, ਉਹਨਾਂ ਨੂੰ ਵਿਸ਼ੇਸ਼ ਪੈਕੇਜ ਦੇ ਕੇ ਬਾਰਡਰ ਡਿਵੈਲਪਮੈਂਟ ਫੰਡ ਦੇਣ ਦੀ ਲੋੜ ਹੈ। ਉਹਨਾਂ ਸੁਝਾਅ ਦਿੱਤਾ ਕਿ ਸਰਹੱਦ ‘ਤੇ ਲੱਗੀ ਤਾਰ ਦੇ ਦੂਜੇ ਪਾਸੇ ਕਿਸਾਨਾਂ ਦੀ ਜਮੀਨ ਸਰਕਾਰ ਵੱਲੋਂ ਲੀਜ ‘ਤੇ ਲਈ ਜਾਵੇ।
ਪ੍ਰੋ. ਚੰਦੂਮਾਜਰਾ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਬਣੀ ਸਹਿਮਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹੀਦ ਭਗਤ ਸਿੰਘ ਚੰਡੀਗੜ੍ਹ ਏਅਰਪੋਰਟ ਮੁਹਾਲੀ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਤੋਂ ਇਲਾਵਾ ਇਸ ਹਫਤੇ ਦੇ ਅਖ਼ੀਰ ਵਿੱਚ ਖੁੱਦ ਵੀ ਮੁਲਾਕਾਤ ਕਰਨਗੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply