Monday, July 8, 2024

ਪੰਜਾਬ ਸਰਕਾਰ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਦੇਵੇਗੀ ਮੁਫਤ ਕਿੱਤਾਮੁੱਖੀ ਸਿਖਲਾਈ  ਸੇਖਵਾਂ

Sekhwanਬਟਾਲਾ, 11 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਨਵੀਂ ਯੋਜਨਾ ਤਹਿਤ ਹੁਣ ਜੇਲ੍ਹਾਂ ਅੰਦਰ ਕੈਦੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਹੁਨਰਮੰਦ ਕੀਤਾ ਜਾਵੇਗਾ ਤਾਂ ਜੋ ਕੈਦੀ ਜਦੋਂ ਵੀ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਉਣ ਤਾਂ ਉਹ ਸਿਖਿਅਤ ਤੇ ਹੁਨਰਮੰਦ ਕਾਮੇ ਹੋਣ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਵਿਖੇ ਇਸ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾਂ ਤਹਿਤ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਮੁਫਤ ਕਿੱਤਾਮੁੱਖੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਪ੍ਰੋਜੈਕਟ ‘ਤੇ ਰਾਜ ਸਰਕਾਰ ਵੱਲੋਂ 46 ਕਰੋੜ ਰੁਪਏ ਖਰਚ ਕੀਤੇ ਜਾਣਗੇ। ਚੇਅਰਮੈਨ ਜਥੇਦਾਰ ਸੇਖਵਾਂ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮਕਸਦ ਜੇਲ੍ਹਾਂ ‘ਚ ਸਜ਼ਾ ਕੱਟ ਰਹੇ ਕੈਦੀਆਂ ਦੀ ਅਪਰਾਧਿਕ ਮਾਨਸਿਕਤਾ ਨੂੰ ਰਚਨਾਤਮਕ ਮਾਨਸਿਕਤਾ ਵਿੱਚ ਬਦਲਕੇ ਉਨ੍ਹਾਂ ਮੁੜ ਪੈਰਾਂ ਸਿਰ ਖੜ੍ਹੇ ਕਰਨਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਜੇਲ੍ਹਾਂ ਅੰਦਰ ਕੈਦੀਆਂ ਨੂੰ ਮੁਫਤ ਕਿੱਤਾਮੁੱਖੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਰ ਸਾਲ 20 ਹਜ਼ਾਰ ਕੈਦੀਆਂ ਨੂੰ ਜੇਲ੍ਹਾਂ ਅੰਦਰ ਇਹ ਕਿੱਤਾਮੁੱਖੀ ਸਿਖਲਾਈ ਦੇਣ ਦਾ ਟੀਚਾ ਹੈ। ਸ. ਸੇਖਵਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜ੍ਹਾਅ ਤਹਿਤ ਮਨੋਵਿਗਿਆਨੀ ਮਾਹਿਰਾਂ ਦੀਆਂ ਟੀਮਾਂ ਜੇਲ੍ਹਾਂ ਅੰਦਰ ਜਾ ਕੇ ਸਜ਼ਾ ਕੱਟ ਰਹੇ ਕੈਦੀਆਂ ਨੂੰ ਮਾਨਸਿਕ ਤੌਰ ‘ਤੇ ਕਿੱਤਾਮੁੱਖੀ ਸਿਖਲਾਈ ਗ੍ਰਹਿਣ ਕਰਨ ਲਈ ਤਿਆਰ ਕਰਨਗੇ। ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਤਕਨੀਕੀ ਸਿੱਖਿਆ ਬੋਰਡ ਵੱਲੋਂ ਜੇਲ੍ਹਾਂ ‘ਚ ਕੈਦੀਆਂ ਲਈ ਥੋੜ੍ਹੇ ਸਮੇਂ ਅਤੇ ਲੰਮੇ ਸਮੇਂ ਦੇ ਦੋ ਤਰਾਂ ਦੇ ਕੋਰਸ ਚਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ ਦੋ ਸਾਲ ਦੀ ਸਜ਼ਾ ਕੱਟ ਰਹੇ ਕੈਦੀਆਂ ਲਈ ਥੋੜੇ ਸਮੇਂ ਦੇ ਵੱਖ-ਵੱਖ ਕਿੱਤਾਮੁਖੀ ਕੋਰਸ ਹੋਣਗੇ ਜਦਕਿ ਉਮਰ ਕੈਦ ਜਾਂ ਹੋਰ ਲੰਮੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਲੰਮੇ ਸਮੇਂ ਦੇ ਕਿੱਤਾਮੁੱਖੀ ਕੋਰਸ ਕਰਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੇਲ੍ਹ ‘ਚ ਕਿੱਤਾਮੁੱਖੀ ਕੋਰਸ ਮੁਕੰਮਲ ਕਰਨ ‘ਤੇ ਕੈਦੀਆਂ ਨੂੰ ਰਾਜ ਸਰਕਾਰ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ ਜੋ ਕਿ ਭਵਿੱਖ ਉਨ੍ਹਾਂ ਲਈ ਰੁਜ਼ਗਾਰ ਪ੍ਰਾਪਤੀ ਲਈ ਸਹਾਈ ਹੋਣਗੇ। ਚੇਅਰਮੈਨ ਜਥੇਦਾਰ ਸੇਖਵਾਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜਿਥੇ ਜੇਲ੍ਹਾਂ ‘ਚ ਕੈਦੀਆਂ ਨੂੰ ਮੁਫਤ ਕਿੱਤਾਮੁੱਖੀ ਸਿਖਲਾਈ ਦਿੱਤੀ ਜਾਵੇਗੀ ਉਥੇ ਜੇਲ੍ਹਾਂ ‘ਚ ਵਿਸ਼ੇਸ਼ ਪ੍ਰੋਡਕਸ਼ਨ ਸੈੱਲ ਵੀ ਸਥਾਪਤ ਕੀਤੇ ਜਾਣਗੇ ਤਾਂ ਜੋ ਲੰਮੀ ਸਜ਼ਾ ਭੁਗਤ ਰਹੇ ਕੈਦੀ ਕਿੱਤਾਮੁੱਖੀ ਸਿਖਲਾਈ ਹਾਸਲ ਕਰਕੇ ਇਨ੍ਹਾਂ ਪ੍ਰੋਡਕਸ਼ਨ ਸੈੱਲਾਂ ‘ਚ ਨੌਕਰੀ ਕਰਕੇ ਕਮਾਈ ਕਰ ਸਕਣ। ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਆਉਂਦੇ ਕੁਝ ਦਿਨਾਂ ‘ਚ ਇਸ ਯੋਜਨਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply