ਕੱਥੂਨੰਗਲ, 19 ਮਾਰਚ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਸ਼ਵ ਵਿਆਪੀ ਤੇ ਸਰਵਪ੍ਰਵਾਨਤ ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ‘ਤੇ ਪਹਿਲਾ ਅਧਿਕਾਰ ਪੰਜਾਬ ਦਾ ਹੈ, ਪੰਜਾਬ ਸਰਕਾਰ ਅਤੇ ਅਕਾਲੀ ਦਲ ਦਾ ਇਹ ਦ੍ਰਿੜ੍ਹ ਸੰਕਲਪ ਹੈ ਕਿ ਪੰਜਾਬ ਦੇ ਹਿੱਤਾਂ ਖਿਲਾਫ ਕੋਈ ਵੀ ਫੈਸਲਾ ਮੰਨਜੂਰ ਨਹੀਂ ਹੋਵੇਗਾ ਅਤੇ ਪਾਣੀਆਂ ਸੰਬੰਧੀ ਪੰਜਾਬ ਦਾ ਹੱਕ ਦਿਵਾ ਕੇ ਹੀ ਦਮ ਲਿਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਪਾਣੀ ਦਾ ਇੱਕ ਵੀ ਬੂੰਦ ਜਾਣ ਨਹੀਂ ਦਿੱਤਾ ਜਾਵੇਗਾ।
ਅੱਜ ਇੱਥੇ ਨੇੜਲੇ ਪਿੰਡ ਕੋਟਲਾ ਤਰਖਾਣਾਂ ਵਿਖੇ ਵਿਕਾਸ ਕਾਰਜਾਂ ਲਈ 17 ਲੱਖ ਰੁਪੇ ਦੀ ਗ੍ਰਾਂਟ ਦੇਣ ਆਏ ਸ: ਮਜੀਠੀਆ ਜੋ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਖ਼ਾਤਬ ਹੁੰਦਿਆਂ ਸਵਾਲ ਕੀਤੀ ਕਿ ਰਾਹੁਲ ਅਤੇ ਗਾਂਧੀ ਪਰਿਵਾਰ ਐੱਸ ਵਾਈ ਐਲ ਮੁੱਦੇ ‘ਤੇ ਪੰਜਾਬ ਨਾਲ ਹਨ ਜਾਂ ਪੰਜਾਬ ਦੇ ਉਲਟ ਖੜੇ ਹਨ? ਬਾਰੇ ਆਪਣੀ ਸਥਿਤੀ ਸਪਸ਼ਟ ਕਰੇ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਗਿਰਗਿਟ ਵਾਂਗ ਰੰਗ ਬਦਲਦਾ ਦੋਹਰੀ ਕਿਰਦਾਰ ਦਾ ਵੀ ਪਰਦਾਫਾਸ਼ ਹੋ ਚੁੱਕਿਆ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਪੰਜਾਬ ਦੇ ਪਾਣੀਆਂ ‘ਤੇ ਪੰਜਾਬ ਦੇ ਸਟੈਂਡ ਦੀ ਪ੍ਰੋਰਤਾ ਕਰਦਾ ਹੈ ਤੇ ਜਦ ਉਹ ਦਿਲੀ ਪਹੁੰਚ ਦਾ ਹੈ ਤਾਂ ਆਪਣੇ ਪਹਿਲੇ ਸਟੈਂਡ ਤੋ ਮੁਨਕਰ ਹੋ ਕੇ ਪਾਣੀਆਂ ‘ਤੇ ਰਾਜਨੀਤੀ ਨਾ ਕਰਨ ਦੀ ਨਸੀਹਤ ਦਿੰਦਾ ਹੈ। ਉਹਨਾਂ ਕਿਹਾ ਕਿ ਦੋਗਲੀ ਤੇ ਮੌਕਾਪ੍ਰਸਤੀ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਪੰਜਾਬੀਆਂ ਨੇ ਚੰਗੀ ਤਰਾਂ ਪਹਿਚਾਣ ਲਿਆ ਹੈ ਤੇ ਇਹਨਾਂ ਨੂੰ ਪੰਜਾਬੀ ਕਿਸੇ ਵੀ ਕੀਮਤ ਅਤੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਸ: ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਸਮੇਤ ਕਾਂਗਰਸ ਦੀਆਂ ਪਹਿਲਾਂ ਸਰਕਾਰਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਾਣੀਆਂ ਸੰਬੰਧੀ ਲਏ ਗਏ ਗਲਤ ਫੈਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪਾਣੀਆਂ ਦੇ ਮੁੱਦੇ ‘ਤੇ ਦਲੇਰਾਨਾ ਤੇ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਵਿਧਾਨ ਸਭਾ ਵਿੱਚ ਐੱਸ ਵਾਈ ਐਲ ਦੀ ਕਰੀਬ 4000 ਏਕੜ ਜ਼ਮੀਨ ਕਿਸਾਨਾਂ ਨੂੰ ਮੁਫ਼ਤ ਵਾਪਸ ਕਰਨ ਦਾ ਮਤਾ ਪਾਸ ਕਰਾਇਆ ਹੈ,ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕਰਦਿਆਂ ਰਾਜ ਸਰਕਾਰ ਦੇ ਨਾਲ ਕਾਂਗਰਸੀ ਵਿਧਾਇਕਾਂ ਦਾ ਡੱਟ ਕੇ ਖੜਨਾ ਪੰਜਾਬ ਲਈ ਸੁੱਭ ਸ਼ਗਨ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨਹਿਰ ਸੰਬੰਧੀ ਹਰਿਆਣੇ ਤੋ ਆਈ 192 ਕਰੋੜ ਦੀ ਰਾਸ਼ੀ ਮੋੜਨ ਦਾ ਫੈਸਲਾ ਵੀ ਲਿਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਵੀ ਬੂੰਦ ਪਾਣੀ ਫਾਲਤੂ ਨਹੀਂ ਹੈ ਬਲਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਨਾਤੇ ਪਹਿਲਾਂ ਹੀ ਪਾਣੀ ਦੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਪ੍ਰਤੀ ਬਿਆਨ ‘ਤੇ ਤਿੱਖਾ ਹਮਲਾ ਬੋਲਦਿਆਂ ਸ: ਮਜੀਠੀਆ ਨੇ ਕਿਹਾ ਕਿ ਰਾਹੁਲ ਦੇ ਬਿਆਨ ਵਿੱਚ ਕੋਈ ਸਚਾਈ ਨਹੀਂ ਹੈ। ਉਹਨਾਂ ਕਿਹਾ ਕਿ ਰਾਹੁਲ ਮਨੋਨੀਤ ਅੰਕੜੇ ਪੇਸ਼ ਕਰ ਕੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਤਾਂ ਕਿ ਪੰਜਾਬ ਨੂੰ ਵਿਕਾਸ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਪਖੋ ਪਿੱਛੇ ਸੁੱਟਿਆ ਜਾ ਸਕੇ। ਉਹਨਾਂ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਨੂੰ ਜਦ ਵੀ ਮੌਕਾ ਮਿਲਿਆ ਪੰਜਾਬ ਨਾਲ ਵਿਤਕਰਾ ਹੀ ਕੀਤਾ। ਉਹਨਾਂ ਕਿਹਾ ਕਿ ਗਲਤ ਤੇ ਗੁਮਰਾਹਕੁਨ ਪ੍ਰਚਾਰ ਕਰਕੇ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਾਇਆ ਅਤੇ ਹੁਣ ਰਾਹੁਲ ਸਵੈ ਸਿਰਜਿਤ ਅੰਕੜਿਆਂ ਰਾਹੀ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹਾ ਹੈ।ਇਸ ਮੌਕੇ ਸ: ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਰਪੰਚ ਬਲਵਿੰਦਰ ਸਿੰਘ,ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਡਾ ਤਰਸੇਮ ਸਿੰਘ ਸਿਆਲਕਾ, ਬੀਡੀਓ ਜ਼ੀਨਤ ਖਹਿਰਾ, ਮਨਿੰਦਰ ਸਿੰਘ ਐਕਸੀਅਨ, ਅਮਰਿੰਦਰ ਪਾਲ ਸਿੰਘ ਐਸਡੀਓ, ਸਤਬੀਰ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਦਲਬੀਰ ਸਿੰਘ, ਨੀਰਜ ਕੁਮਾਰ, ਹਰਪਿੰਦਰ ਸਿੰਘ, ਰਾਜਾ ਪੱਪੂ, ਮਨਦੀਪ ਸਿੰਘ ਮੰਨਾ, ਬੂਟਾ ਸਿੰਘ ਤਲਵੰਡੀ ਆਦਿ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …