ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੈਨੇਡਾ ਦੇ ਦੌਰੇ ‘ਤੇ ਗਏ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਨੇ ਬਰਿੰਮਟਨ ਵਿਚ ਟਰਾਂਟੋ ਦੇ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਚਹਿਲ ਦੇ ਫਾਰਮ ਹਾਊਸ ਉਪਰ ਪ੍ਰਵਾਸੀ ਪੰਜਾਬੀਆਂ ਨਾਲ ਨੁੱਕੜ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਪੰਜਾਬ ਦੇ ਭਲੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਦੀ ਮੰਗ ਕੀਤੀ ਹੈ। ਰਾਣਾ ਗੁਰਜੀਤ ਸਿੰਘ ਸੋਢੀ ਐਮ. ਐਲ. ਏ. ਕਪੂਰਥਲਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ, ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਤ੍ਰਿਪਤ ਬਾਜਵਾ ਵਿਧਾਇਕ ਗੁਰਦਾਸਪੁਰ, ਅੰਗਦ ਸੈਣੀ ਨਵਾਂ ਸ਼ਹਿਰ, ਸੁਖਪਾਲ ਸਿੰਘ ਭੁੱਲਰ (ਤਰਨਤਾਰਨ), ਸੁਖਵਿੰਦਰ ਸਿੰਘ ਸੁੱਖ ਸਰਕਾਰੀਆ (ਵਿਧਾਇਕ ਰਾਜਾਸਾਂਸੀ) ਅਤੇ ਹਰਮੰਦਰ ਸਿੰਘ ਗਿੱਲ (ਹਲਕਾ ਪੱਟੀ) ਆਦਿ ਨੇ ਐਨ. ਆਰ. ਆਈਜ਼. ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿਚ ਵਧੀਆ ਪ੍ਰਸ਼ਾਸ਼ਨ ਦੇ ਸਕਦੇ ਹਨ ਅਤੇ ਉਹ ਐਨ. ਆਰ. ਆਈਜ਼ ਦੀਆਂ ਸਮੂਹ ਮੁਸ਼ਕਿਲਾਂ ਹੱਲ ਕਰਨ ਲਈ ਬਚਨਵੱਧ ਹਨ। ਇਸ ਲਈ 2017 ਦੀਆਂ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਨਾਉਣ ਲਈ ਪ੍ਰਵਾਸੀ ਪੰਜਾਬੀ ਸਾਥ ਨਿਭਾਉਣ। ਉਨ੍ਹਾਂ ਕਿਹਾ ਕਿ ਸਿਰਫ ਕੈਪਟਨ ਸਾਹਿਬ ਹੀ ਪੰਜਾਬ ਵਿਚਲੇ ਭੂ-ਮਾਫੀਆ, ਡਰੱਗ ਮਾਫੀਆ ਅਤੇ ਰਿਸ਼ਵਤਖੋਰ ਅਫਸਰ/ਮੁਲਾਜ਼ਮਾਂ ਖਿਲਾਫ ਸਖਤ ਫੈਸਲੇ ਲੈ ਕੇ ਉਨ੍ਹਾਂ ਨੂੰ ਠੱਲ ਪਾ ਸਕਦੇ ਹਨ। ਉਨ੍ਹਾਂ ਪ੍ਰਵਾਸੀ ਪੰਜਬੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਆਪਣੀ ਮਿਹਨਤ ਸਦਕੇ ਕੈਨੇਡਾ ਦੀ ਪਾਰਲੀਮੈਂਟ ਵਿਚ ਸਿਆਸਤ ਦੇ ਝੰਡੇ ਗੱਡੇ ਹਨ। ਕਾਰੋਬਾਰੀ ਹਰਪ੍ਰੀਤ ਸਿੰਘ ਚਹਿਲ ਨੇ ਸਮੂਹ ਵਿਧਾਇਕਾਂ ਦਾ ਕੈਨੇਡਾ ਆਉਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਪਾਲ ਰੰਧਾਵਾ, ਜਗਮੋਹਨ ਲੰਬੜ, ਕਾਕਾ ਲਹਿਰਾ ਮੁਹੱਬਤ, ਰੋਣ ਚੱਠਾ, ਪਰਮਿੰਦਰ ਢਿੱਲੋਂ, ਜਗਦੀਪ ਰੁਪਾਣਾ ਤੇ ਪਾਲ ਸੰਧੂ ਆਦਿ ਸਮੇਤ ਵੱਡੀ ਗਿਣਤੀ ਪੰਜਾਬੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media