Sunday, October 6, 2024

ਵਾਤਾਵਰਣ ਨੂੰ ਬਚਾਉਣ ਲਈ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ – ਜੋਸ਼ੀ

PPN0506201606
ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ) – ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਵੱਛ ਫਿਜ਼ਾ ਵਿਚ ਸਾਹ ਲੈ ਸਕਣ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋੋਸ਼ੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੱਢੀ ਗਈ ਸਾਈਕਲ ਰੈਲੀ ਦੌਰਾਨ ਕੰਪਨੀ ਬਾਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ਼੍ਰੀ ਜੋਸ਼ੀ ਦੇ ਨਾਲ ਉਨਾਂ ਦੇ ਬੇਟੇ ਅਮਿਤ ਜੋਸ਼ੀ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਨਾਵਲਟੀ ਚੌਂਕ ਤੋਂ ਕੰਪਨੀ ਬਾਗ ਤੱਕ ਸਾਈਕਲ ਚਲਾਇਆ ਤੇ ਕੰਪਨੀ ਬਾਗ ਵਿੱਚ ਪੌਦੇ ਲਗਾਏ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਵੇਰੇ ਪਾਰਕਾਂ ਵਿਚ ਸੈਰ ਕਰਨ ਆਉਣ ਵੇਲੇ ਜਾਂ ਜਿੰਮ ਜਾਣ ਵੇਲੇ ਸਾਈਕਲ ਦੀ ਵਰਤੋਂ ਕਰਨ। ਉਨਾਂ ਕਿਹਾ ਕਿ ਜੇਕਰ ਅਸੀਂ ਸਵੇਰੇ ਦੋ ਘੰਟੇ ਹੀ ਸਾਈਕਲ ਅਪਣਾ ਲਈਏ ਤਾਂ ਸਾਨੂੰ ਔਡ-ਈਵਨ ਜਾਂ ਕਿਸੇ ਹੋਰ ਡਰਾਮੇਬਾਜ਼ੀ ਦੀ ਲੋੜ ਨਹੀਂ ਪਵੇਗੀ।ਸ਼੍ਰੀ ਜੋਸ਼ੀ ਨੇ ਇਸ ਮੌਕੇ ਇਹ ਸੰਕਲਪ ਲਿਆ ਕਿ ਜੇਕਰ ਕੋਈ ਐਮਰਜੈਂਸੀ ਨਾ ਹੋਵੇ ਤਾਂ ਉਹ ਵੀ ਸਵੇਰੇ ਸੈਰ ਜਾਂ ਯੋਗਾ ‘ਤੇ ਜਾਣ ਲਈ ਸਾਈਕਲ ਦੀ ਵਰਤੋਂ ਕਰਨਗੇ।
ਉਨਾਂ ਕਿਹਾ ਕਿ ਅੱਜ ਸਾਡੇ ਹੱਥ ਵਿਚ ਹੈ, ਪਰੰਤੂ ਕੱਲ ਨਹੀਂ।ਉਨਾਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕੋਠੀਆਂ, ਕਾਰਾਂ, ਫੈਕਟਰੀਆਂ ਇਕੱਠੀਆਂ ਕਰਨ ਦਾ ਕੋਈ ਫ਼ਾਇਦਾ ਨਹੀਂ ਜੇਕਰ ਅਸੀਂ ਉਹਨਾਂ ਨੂੰ ਸਵੱਛ ਵਾਤਾਵਰਨ ਨਹੀਂ ਦੇ ਸਕੇ।ਕਿਉਂਕਿ ਸਾਹ ਲੈਣ ਲਈ ਉਨਾਂ ਨੂੰ ਸ਼ੁੱਧ ਵਾਤਾਵਰਨ ਦੀ ਲੋੜ ਹੋਵੇਗੀ।ਇਸ ਲਈ ਜ਼ਰੂਰੀ ਹੈ ਕਿ ਅਸੀਂ ਵਾਤਾਵਰਨ ਦੀ ਸੁਰੱਖਿਆ ਦਾ ਸੰਕਲਪ ਲੈਂਦਿਆਂ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਪਾਣੀ ਬਚਾਈਏ।ਉਨਾਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀ ਵਧੀਆ ਉਪਰਾਲੇ ਕਰ ਰਹੇ ਹਨ ਪਰੰਤੂ ਇਸ ਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।ਉਨਾਂ ਦੱਸਿਆ ਕਿ ਸ਼ਹਿਰ ਦੇ ਪਾਰਕਾਂ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਗਏ ਹਨ।ਇਸ ਮੌਕੇ ਆਰ. ਪੀ ਸਿੰਘ ਮੈਣੀ, ਅਨੁੱਜ ਸਿੱਕਾ, ਡਾ. ਸੁਭਾਸ਼ ਪੱਪੀ, ਪੀ. ਐਸ ਭੱਟੀ, ਪ੍ਰਿਤਪਾਲ ਸਿੰਘ ਫ਼ੌਜੀ, ਡਾ. ਯੋਗੇਸ਼ ਅਰੋੜਾ, ਰਵੀ ਗੁਪਤਾ, ਰਾਕੇਸ਼ ਸ਼ਰਮਾ, ਮਨਦੀਪ ਰੰਧਾਵਾ, ਕਰਨਪਾਲ ਸਿੰਘ, ਦਵਿੰਦਰ ਸਿੰਘ ਲਵਲੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply