Monday, July 8, 2024

ਦਮਦਮੀ ਟਕਸਾਲ ਨੇ ਸੰਤ ਭਿੰਡਰਾਂਵਾਲਿਆਂ ਦੇ ਤੀਰ ਤੇ ਸ੍ਰੀ ਸਾਹਿਬ ਵਾਪਸ ਕਰਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ

ਮਹਿਤਾ ਵਿਖੇ ਜੂਨ ’84 ਦੇ ਘੱਲੂਘਾਰੇ ਦੀ ਯਾਦ ਵਿੱਚ 32ਵੇਂ ਸ਼ਹੀਦੀ ਸਮਾਗਮ

PPN0606201611 PPN0606201612

ਮਹਿਤਾ 6 ਜੂਨ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਨੇ 32 ਸਾਲਾਂ ਬਾਅਦ ਅੱਜ ਪਹਿਲੀ ਵਾਰ ਜੂਨ ’84 ਦੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਤੀਰ ਅਤੇ ਤਿੰਨ ਫੁੱਟੀ ਵੱਡੀ ਸ੍ਰੀ ਸਾਹਿਬ ਵਾਪਸ ਕਰਨ ਦੀ ਮੰਗ ਕਰਨ ਤੋਂ ਇਲਾਵਾ ਮਨੁੱਖਤਾ ਲਈ ਕਲੰਕ ਵਜੋਂ ਜਾਣੀ ਜਾਂਦੀ ਉਕਤ ਫੌਜੀ ਕਾਰਵਾਈ ਲਈ ਬਿਨਾ ਦੇਰੀ ਸੰਸਦ ਵਿੱਚ ਮਤਾ ਲਿਆ ਕੇ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕੇਂਦਰ ਸਰਕਾਰ ਨੂੰ ਕਿਹਾ ਹੈ।
ਅੱਜ ਇੱਥੇ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ, ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਜੂਨ ’84 ਦੇ ਹੋਏ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 32ਵੇਂ ਸ਼ਹੀਦੀ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾ ਨਾਲ ਆਪ ਮੁਹਾਰੇ ਉਮੜੇ ਸੰਗਤ ਦੇ ਸੈਲਾਬ ਕਾਰਨ ਸ਼ਹੀਦੀ ਸਮਾਗਮ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ ਫਿੱਕੇ ਪੈ ਗਏ।ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਇਆ।ਉਨ੍ਹਾਂ ਕਿਹਾ ਕਿ ਇਸ ਕਲਗੀਧਰ ਦੇ ਸਪੁੱਤਰ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰਵੀ ਸਦੀ ਵਿੱਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਂਦੇ ਰਹੇ ਸਗੋਂ ਉਹ ਵੀਹਵੀਂ ਸਦੀ ਤੇ ਅੱਜ ਵੀ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਣ ਦੀ ਸਮਰੱਥਾ ਰੱਖਦੇ ਹਨ।ਉਨ੍ਹਾਂ ਕਿਹਾ ਕਿ ਸੰਤਾਂ ਦੀ ਕੁਰਬਾਨੀ ਤੇ ਹੋਰ ਮਹਾਨ ਸਿੰਘ ਦੀਆਂ ਸ਼ਹੀਦੀਆਂ ਦੀ ਬਦੌਲਤ ਦੇਸ਼ ਵਿਦੇਸ਼ ਵਿੱਚ ਅੱਜ ਸਿੱਖ ਰਾਜਭਾਗ ਦੇ ਹਿੱਸੇਦਾਰ ਬਣੇ ਹੋਏ ਹਨ।ਉਨ੍ਹਾਂ ਕਿਹਾ ਕਿ ਕੁੱਝ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੋੜਨ ਦੀ ਸਾਜ਼ਿਸ਼,ਅੰਮ੍ਰਿਤ ਸੰਚਾਰ ਦੀ ਮਰਯਾਦਾ ਉੱਤੇ ਹਮਲੇ ਕਰ ਰਹੇ ਹਨ,ਜਿੰਨਾਂ ਤੋਂ ਸਮੁੱਚੇ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਕੁੱਝ ਉਹ ਲੋਕ ਵੀ ਹਨ ਜੋ ਸਿੱਖੀ ਭੇਸ ਵਿੱਚ ਦੁਨੀਆ ਭਰ ਵਿੱਚ ਸਿੱਖੀ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ।

ਜੈਕਾਰਿਆਂ ਦੀ ਗੂੰਜ ਵਿੱਚ ਮਤੇ ਪਾਸ ਕੀਤੇ ਗਏ

ਸ਼ਹੀਦੀ ਸਮਾਗਮ ਦੇ ਭਾਰੀ ਇਕੱਠ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਮਤੇ ਪਾਸ ਕਰਦਿਆਂ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ‘ਤੇ ਕੀਤੇ ਹਮਲੇ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਿਆਂ ਲਾਸਾਨੀ ਕੁਰਬਾਨੀਆਂ ਕਰਨ ਵਾਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਹਿਯੋਗੀ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਜੀ ਅਤੇ ਅਨੇਕਾਂ ਨਾਮ ਰਸੀਏ ਸ਼ਹੀਦ ਸਿੰਘ ਸਿੰਘਣੀਆਂ ਨੂੰ ਪ੍ਰਣਾਮ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪਾਸ ਕੀਤੇ ਗਏ ਇੱਕ ਮਤੇ ਰਾਹੀ ਘੱਲੂਘਾਰੇ ਸਮੇਂ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸਿੱਖ ਰੈਫਰੰਸ ਲਾਇਬਰੇਰੀ ਦੀਆਂ ਅਨਮੋਲ ਹੱਥ ਲਿਖਤਾਂ, ਸੰਤ ਭਿੰਡਰਾਂਵਾਲਿਆਂ ਦੇ ਤੀਰ, ਸ੍ਰੀ ਸਾਹਿਬ ਤੋਂ ਇਲਾਵਾ ਦਮਦਮੀ ਟਕਸਾਲ ਦੀਆਂ ਗੁਰਬਾਣੀ ਦੀ ਕਥਾ ਦੀਆਂ ਉਹ ਕੈਸੇਟਾਂ ਜੋ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੀਨਾ ਬਸੀਨਾ ਗੁਰਬਾਣੀ ਦੇ ਅਰਥ ਚਲੇ ਆ ਰਹੇ ਸਨ ਨੂੰ ਤੁਰੰਤ ਸਿੱਖ ਕੌਮ ਨੂੰ ਵਾਪਸ ਕਰਨ ਦੀ ਮੰਗ ਰੱਖੀ ਗਈ।

ਦੂਜੇ ਮਤੇ ਵਿੱਚ ਕਾਮਾਗਾਟਾਮਾਰੂ ਦੁਖਾਂਤ ਪ੍ਰਤੀ ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਹਾਊਸ ਅੰਦਰ ਮਤਾ ਪਾਸ ਕਰ ਕੇ ਦੁਨੀਆ ਸਾਹਮਣੇ ਫ਼ਰਾਖ਼-ਦਿਲੀ ਨਾਲ ਸਿੱਖ ਕੌਮ ਤੋਂ ਖਿਮਾ ਯਾਚਨਾ ਕਰਨ ਦੀ ਪ੍ਰਸੰਸਾ ਕੀਤੀ ਗਈ ਤੇ ਭਾਰਤ ਸਰਕਾਰ ਤੋਂ ਵੀ ਉਸੇ ਤਰਜ਼ ‘ਤੇ ’84 ਦੇ ਫੌਜੀ ਹਮਲੇ ਲਈ ਸਮੁੱਚੀ ਸਿੱਖ ਕੌਮ ਤੋਂ ਸੰਸਦ ਵਿੱਚ ਮਤਾ ਲਿਆ ਕੇ ਮੁਆਫ਼ੀ ਮੰਗਣ ਲਈ ਕਿਹਾ ਹੈ।
ਤੀਜੇ ਮਤੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਲਈ ਕੇਂਦਰੀ ਸਿੱਖ ਅਜਾਇਬਘਰ ਵਿਖੇ ਵੱਖਰੇ ਅਤੇ ਢੁਕਵੇਂ ਸਥਾਨ (ਵੱਖਰਾ ਬਲਾਕ) ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ।
ਚੌਥੇ ਮਤੇ ਰਾਹੀਂ ਭਾਰੀ ਇਕੱਠ ਨੇ ਸਿੱਖ ਕੌਮ ਦੇ ਕੇਂਦਰੀ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ, ਉਸ ਦੀ ਪ੍ਰਭੂ ਸਤਾ ਅਤੇ ਪੰਥਕ ਸ਼ਕਤੀ ਨੂੰ ਖੋਰਾ ਲਾਉਣ ਦੀਆਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਭਾਰੀ ਕੋਸ਼ਿਸ਼ਾਂ ਪ੍ਰਤੀ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।
ਪੰਜਵੇ ਮਤੇ ਵਿੱਚ ਗੁਰੂ ਕਾਲ ਤੋਂ ਚਲੀ ਆ ਰਹੀ ਸੰਪਰਦਾਈ ਪਰੰਪਰਾ ਨੂੰ ਮਲੀਆ ਮੇਟ ਕਰਨ ‘ਤੇ ਤੁਲੀਆਂ ਹੋਈਆਂ ਸਿੱਖ ਵਿਰੋਧੀ ਸ਼ਕਤੀਆਂ ਦਾ ਸਫਲਤਾ ਪੂਰਵਕ ਟਾਕਰਾ ਕਰਨ ਵਾਲੀਆਂ ਤੇ ਪੰਥ ਦੇ ਅਸੂਲਾਂ ਤੇ ਸਿਧਾਂਤਾਂ ਦੀ ਖ਼ਾਤਰ ਵੱਡੀਆਂ ਕੁਰਬਾਨੀਆਂ ਦੇਣ ਵਾਲੀਆਂ ਸਿੱਖ ਸੰਪਰਦਾਵਾਂ ਨੂੰ ਆਪਸੀ ਛੋਟੇ ਮੋਟੇ ਵਖਰੇਵਿਆਂ ਨੂੰ ਭੁਲਾ ਕੇ ਸਿੱਖ ਪੰਥ ਦੇ ਵਡਮੁੱਲੇ ਵਿਰਸੇ ਦੀ ਸੰਭਾਲ ਕਰਨ ਅਤੇ ਭਵਿੱਖ ਦੇ ਖ਼ਤਰਿਆਂ ਤੋਂ ਸਿੱਖ ਪੰਥ ਨੂੰ ਸੁਰਖ਼ਰੂ ਰੱਖਣ ਲਈ ਸੁਚੱਜੀ ਰਣਨੀਤੀ ਬਣਾਉਣ ਲਈ ਸਿਰ ਜੋੜ ਬੈਠਣ ਦੀ ਅਪੀਲ ਕੀਤੀ ਗਈ।
ਛੇਵੇਂ ਮਤੇ ਵਿੱਚ ਇਕੱਠ ਨੇ ਲੰਮੇ ਸਮੇਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਿੱਖ ਸੰਘਰਸ਼ ਦੌਰਾਨ ਕੈਦ ਹੋਏ ਸਿੱਖ ਕੈਦੀਆਂ ਨੂੰ ਤੁਰੰਤ ਰਿਹਾ ਕਰਨ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਗਈ।
ਇੱਕ ਹੋਰ ਮਤੇ ਰਾਹੀਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਟਕਸਾਲ ਦੇ ਸਹਿਯੋਗੀ ਪਰਿਵਾਰਾਂ ਨੂੰ ਅੰਦਰੂਨੀ ਵਖਰੇਵਿਆਂ ਨੂੰ ਭੁਲਾ ਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਚਲੀ ਆ ਰਹੇ ਮੂਲ ਸਿਧਾਂਤਾਂ ਦੀ ਰਾਖੀ ਕਰਨ ਨੂੰ ਆਪਣਾ ਫਰਜ਼ ਸਮਝਦਿਆਂ ਹੋਇਆਂ ਇੱਕਮੁੱਠ ਹੋ ਕੇ ਸੰਪਰਦਾਈ ਪਰੰਪਰਾ ਨਾਲ ਚਟਾਨ ਵਾਂਗ ਖੜੇ ਹੋਕੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ ਗਈ।
ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਜੂਨ 84 ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ 48 ਗੁਰਧਾਮਾਂ ‘ਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਕੌਮ ਦਾ ਮਲੀਆਮੇਟ ਕਰਨ ਲਈ ਸੀ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਹਰਮਿੱਤਰ ਸਿੰਘ, ਸਿੰਘ ਸਾਹਿਬ ਪ੍ਰਗਟ ਸਿੰਘ,ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ (ਤਿੰਨੇ, ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਸੰਤ ਸੁਖਚੈਨ ਸਿੰਘ ਧਰਮਪੁਰਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵੱਲੋਂ ਭਾਈ ਮਨਜੀਤ ਸਿੰਘ,ਸੰਤ ਸੰਤੋਖ ਮੁਨੀ ਜੀ, ਸ੍ਰੀ ਮਹੰਤ ਉਦਾਸੀਨ ਵੱਡਾ ਅਖਾੜਾ, ਸੰਤ ਸੁਖਦੇਵ ਸਿੰਘ ਭੁੱਚੋ, ਬਾਬਾ ਨਾਨਕ ਸਿੰਘ ਤੇ ਬਾਬ ਪ੍ਰਤਾਪ ਸਿੰਘ, ਭਾਈ ਅਵਤਾਰ ਸਿੰਘ ਹਿੱਤ, ਸੰਤ ਮੇਜਰ ਸਿੰਘ ਵਾਂ, ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ, ਸੰਤ ਬਾਬਾ ਅਮੀਰ ਸਿੰਘ ਜੀ ਜਵਦੀ, ਸੰਤ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਸੰਤ ਬਾਬਾ ਬੀਰ ਸਿੰਘ ਭੰਗਾਲੀ ਸਾਹਿਬ, ਸੰਤ ਬਾਬਾ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ, ਫੈਡਰੇਸ਼ਨ ਮਹਿਤਾ ਦੇ ਕਾਰਜਕਾਰੀ ਪ੍ਰਧਾਨ ਲਖਬੀਰ ਸਿੰਘ ਸੇਖੋਂ, ਭਾਈ ਅਮਰਬੀਰ ਸਿੰਘ ਢੋਟ, ਭਾਈ ਅਜਾਇਬ ਸਿੰਘ ਅਭਿਆਸੀ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply