Monday, July 8, 2024

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

PPN0606201616

ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ) – ਜੂਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਭਾਰਤੀ ਫੌਜ ਵੱਲੋਂ ਕੀਤੀ ਇਸ ਅਣ-ਮਨੁੱਖੀ ਤੇ ਜ਼ਾਲਮਾਨਾ ਕਾਰਵਾਈ ਦਾ ਡੱਟ ਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਸਿੰਘ ਸ਼ਹੀਦ ਹੋ ਗਏ।ਸ਼ਹੀਦ ਹੋਏ ਉਨ੍ਹਾਂ ਸਿੰਘਾਂ ਦੀ 32ਵੀਂ ਸਾਲਾਨਾ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗ੍ਰੰਥੀ ਗਿਆਨੀ ਰਘਬੀਰ ਸਿੰਘ, ਗਿਆਨੀ ਅਮਰਜੀਤ ਸਿੰਘ ਤੇ ਗਿਆਨੀ ਗੁਰਮਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।

PPN0606201617
ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜੂਨ 1984 ਦੇ ਘੱਲੂਘਾਰੇ ਸਮੇਂ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਸਮੂੰਹ ਸਿੰਘਾਂ/ਸਿੰਘਣੀਆਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਅੱਜ ਖ਼ਾਲਸਾ ਪੰਥ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ ਜਿਨ੍ਹਾਂ ਨੇ ਜੂਨ 1984 ਵਿੱਚ ਕਾਂਗਰਸ ਦੀ ਹਕੁੂਮਤ ਵੱਲੋਂ ਸਾਡੇ ਪਾਵਨ ਅਸਥਾਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਸਮੇਂ ਜੂਝਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।ਉਨ੍ਹਾਂ ਕਿਹਾ ਕਿ ਅੱਜ 32 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਜੂਨ 1984 ਦਾ ਸਾਕਾ ਕੱਲ੍ਹ ਵਾਂਗ ਹੀ ਲੱਗ ਰਿਹਾ ਹੈ।ਜਦ ਸਮੁੱਚੀ ਦੁਨੀਆਂ ਨੂੰ ਪਿਆਰ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦੇਣ ਵਾਲੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸzzੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰਕਰਮਾਂ ਭਾਰਤੀ ਫੌਜ ਦੇ ਟੈਂਕਾਂ ਦੇ ਗੋਲਿਆਂ ਨੇ ਸ਼ਰਧਾਲੂ ਸਿੱਖਾਂ ਦੇ ਖੂਨ ਨਾਲ ਲਥਪੱਥ ਕਰ ਦਿੱਤੀਆਂ ਸਨ।ਸਿੱਖ ਕੌਮ ਦੇ ਸੀਨੇ ਵਿਚ ਲੱਗੇ ਇਹ ਜਖ਼ਮ ਅਜੇ ਵੀ ਅੱਲੇ ਹਨ।ਸਮੇਂ ਦੀ ਕਾਂਗਰਸ ਸਰਕਾਰ ਆਪਣੀ ਕੀਤੀ ਇਸ ਅਤਿ ਘਿਨੌਣੀ ਕਾਰਵਾਈ ਨੂੰ ਭੁੱਲ ਜਾਣ ਲਈ ਦੁਹਾਈ ਦਿੰਦੀ ਹੈ ਪਰ ਇਹ ਉਨ੍ਹਾਂ ਕੌਮਾਂ ਨੂੰ ਪਤਾ ਹੁੰਦਾ ਹੈ ਜਿਨ੍ਹਾਂ ਦੇ ਸਿਰ ਤੋਂ ਇਹ ਹੋਣੀ ਲੰਘੀ ਹੁੰਦੀ ਹੈ। ਉਨ੍ਹਾਂ ਕਿਹਾ ਸਾਨੂੰ ਮਾਣ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਜੀ ਇਸ ਮਹਾਨ ਕੌਮ ‘ਤੇ, ਜਿਨ੍ਹਾਂ ਹਮੇਸ਼ਾਂ ਹੀ ਆਪਣੇ ਮਹਾਨ ਸ਼ਹੀਦਾਂ, ਸੂਰਬੀਰਾਂ, ਯੋਧਿਆਂ ਨੂੰ ਕਦੇ ਨਹੀਂ ਵਿਸਾਰਿਆ।
ਉਨ੍ਹਾਂ ਕਿਹਾ ਕਿ ਅੱਜ 100 ਸਾਲ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾਮਾਗਾਟਾਮਾਰੂ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਦਿਆਂ ਹੋਇਆਂ ਉਸ ਬੱਜ਼ਰ ਗਲਤੀ ਲਈ ਮੁਆਫੀ ਮੰਗੀ ਹੈ, ਜਿਸ ਦੀ ਖ਼ਾਲਸਾ ਪੰਥ ਸ਼ਲਾਘਾ ਕਰਦਾ ਹੈ। ਪ੍ਰੰਤੂ ਸਾਡੇ ਦੇਸ਼ ਦੇ ਹਾਕਮ ਬਹੁ-ਗਿਣਤੀ ਦੇ ਜੋਰ ਨਾਲ ਅੱਜ ਵੀ ਸਾਕਾ ਨੀਲਾ ਤਾਰਾ ਬਾਰੇ ਕੋਈ ਲਫਜ਼ ਕਹਿਣ ਤੋਂ ਗੁਰੇਜ਼ ਕਰ ਰਹੇ ਹਨ, ਜੋ ਕਿ ਸਾਡੇ ਲਈ ਹੋਰ ਵੀ ਦੁਖਦਾਈ ਹੈ।ਉਨ੍ਹਾਂ ਕਿਹਾ ਕਿ ਸਾਨੂੰ ਅੱਜ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਅਤਿਅੰਤ ਜ਼ਰੂਰਤ ਹੈ। ਅੱਜ ਸਿੱਖ ਸਿਧਾਂਤਾਂ ਤੇ ਰਹਿਤ ਮਰਿਯਾਦਾ ਦੇ ਮਸਲਿਆਂ ਬਾਰੇ ਵਾਦ-ਵਿਵਾਦ ਪੈਦਾ ਕਰਕੇ ਸਿੱਖੀ ਦੇ ਦੁਸ਼ਮਣ ਛਾਤਿਰ ਚਾਲਾਂ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਜਿਥੇ ਅਸੀਂ ਪਿਛਲੇ ਸਮੇਂ ਦੌਰਾਨ ਸਰਕਾਰੀ ਜਬਰ, ਅਨਿਆਂ ਅਤੇ ਵਿਤਕਰੇ ਦਾ ਸ਼ਿਕਾਰ ਹੋਏ ਹਾਂ ਉਥੇ ਹੀ ਬੜੇ ਦੁਖ ਦੀ ਗੱਲ ਹੈ ਕਿ ਅੱਜ ਕੌਮ ਆਪਸੀ ਫੁੱਟ ਦਾ ਬੁਰੀ ਤਰਾਂ ਸ਼ਿਕਾਰ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਵਿਰੋਧੀਆਂ ਅਤੇ ਪੰਥ ਦੋਖੀਆਂ ਦੇ ਖਿਲਾਫ਼ ਲੜਾਈ ਲੜਨ ਦੀ ਬਜਾਏ ਭਰਾ ਮਾਰੂ ਜੰਗ ਵੱਲ ਵੱਧ ਰਹੇ ਹਾਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨਿਤਾਪ੍ਰਤੀ ਬੇ-ਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੀਲੀਭੀਤ ਕਾਂਡ ਵਰਗੇ ਦਿਲ ਕੰਬਾਊ ਹਾਦਸੇ ਸਾਨੂੰ ਸਿਰ ਤੋਂ ਪੈਰਾਂ ਤੀਕ ਝੰਜੋੜ ਰਹੇ ਹਨ।ਇਸ ਸਭ ਦੇ ਹਲ ਲਈ ਅਤੇ ਇਨਸਾਫ਼ ਪ੍ਰਾਪਤੀ ਲਈ ਸਾਨੂੰ ਸਾਰਿਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਇਕੱਠਿਆਂ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਭਰਾ ਮਾਰੂ ਜੰਗ ਤੋਂ ਨਿਜਾਤ ਪਾ ਸਕੀਏ।ਉਨ੍ਹਾਂ ਕਿਹਾ ਕਿ ਅੱਜ ਨਾ ਸਾਨੂੰ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਸਤਿਕਾਰ ਦੀ ਚਿੰਤਾ ਹੈ, ਨਾ ਸੰਗਤ-ਪੰਗਤ ਦੇ ਸਿਧਾਂਤ ਨੂੰ ਸਮਝ ਰਹੇ ਹਾਂ ਅਤੇ ਨਾ ਹੀ ਆਪਣੀ ਸ਼ਕਤੀ ਦੇ ਟੁੱਟਣ ਦਾ ਖਤਰਾ ਮਹਿਸੁੂਸ ਕਰ ਰਹੇ ਹਾਂ।ਉਨ੍ਹਾਂ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਉਹ ਆਪਣੀ ਸ਼ਕਤੀ ਨੂੰ ਕੌਮ ਦੇ ਉਜਲੇ ਭਵਿੱਖ ਲਈ ਵਰਤਣ, ਜਿਸ ਨਾਲ ਕੌਮ ਚੜ੍ਹਦੀ ਕਲਾ ਵਿਚ ਹੋਵੇ।
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੁਨੀਆਂ ਤਰੱਕੀ ਦੇ ਰਾਹ ਜਾ ਰਹੀ ਹੈ ਅਤੇ ਸਾਡੀ ਸਹੂਲਤ ਲਈ ਬਹੁਤ ਸਾਧਨ ਸਾਨੂੰ ਮਿਲ ਰਹੇ ਹਨ ਪਰ ਜਿਹੜੀਆਂ ਸਹੂਲਤਾ ਜਾਂ ਸਾਧਨ ਸਾਡੀ ਕੌਮ ਲਈ ਘਾਤਕ ਬਣ ਰਹੀਆਂ ਹਨ ਉਨ੍ਹਾਂ ਨੂੰ ਬੜੇ ਸੰਭਲ ਕੇ ਵਰਤਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ‘ਤੇ ਹੋ ਰਹੇ ਕੂੜ ਪ੍ਰਚਾਰ ਤੁਹਾਨੂੰ ਤੁਹਾਡੇ ਸਿਧਾਂਤ ਜਾਂ ਇਤਿਹਾਸ ਤੋਂ ਹੀ ਨਹੀਂ ਗੁਮਰਾਹ ਕਰ ਰਿਹਾ ਬਲਕਿ ਤੁਹਾਡੇ ਮਨਾ ਵਿਚ ਆਪਣੇ ਗੁਰੂ ਪ੍ਰਤੀ ਸ਼ਰਧਾ ਘਟਾ ਕੇ ਵੱਡੇ-ਛੋਟੇ ਦੇ ਸਤਿਕਾਰ ਵਿਚ ਵੀ ਫਰਕ ਪਾ ਰਿਹਾ ਹੈ। ਜਿਸ ਨਾਲ ਸਾਡੀ ਕੌਮ ਦੇ ਭਵਿੱਖ ਤੇ ਇਕ ਬੜਾ ਵੱਡਾ ਸੁਆਲੀਆ ਨਿਸ਼ਾਨ ਲੱਗ ਜਾਵੇਗਾ ਜਿਸ ਤੋਂ ਬਚਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਗੁਰੂ-ਗ੍ਰੰਥ ਤੇ ਗੁਰੂ-ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ।ਜਿਸ ਨਾਲ ਨਸ਼ੇ, ਪਤਿਤਪੁਣਾ, ਭਰੂਣ-ਹੱਤਿਆ, ਦੇਹਧਾਰੀ ਗੁਰੂ ਡੰਮ- ਪੰਥ ਦੋਖੀਆਂ ਦੀਆਂ ਚਾਲਾਂ ਅਤੇ ਹੋਰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਦੂਰ ਹੋ ਜਾਣਗੀਆਂ।ਆਓ ! ਜੂਨ 1984 ਦਾ ਘੱਲੂਘਾਰਾ ਦਿਵਸ ‘ਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਆਪਣੇ ਸੀਨੇ ਵਿਚ ਵਸਾ ਕੇ ਆਪਣੇ ਅੰਦਰ ਕੌਮੀ ਸਵੈਮਾਣ ਦਾ ਜਜ਼ਬਾ ਪੈਦਾ ਕਰੀਏ। ਇਸ ਸੰਕਲਪ ਸਦਕਾ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਕੀਤਾ ਜਾ ਸਕਦਾ ਹੈ।
32ਵੇਂ ਘੱਲੂਘਾਰਾ ਦਿਵਸ ਦੇ ਸਮਾਗਮ ਸਮੇਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਵਾਰਕ ਮੈਂਬਰਾਂ ਵਿਚੋਂ ਭਾਈ ਤਰਲੋਚਨ ਸਿੰਘ, ਬੀਬੀ ਹਰਮੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਸਤਵੰਤ ਕੌਰ, ਭਾਈ ਚੜ੍ਹਤ ਸਿੰਘ, ਸੂਬੇਦਾਰ ਗੁਰਚਰਨ ਸਿੰਘ ਤੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਿੱਚ ਭਾਈ ਬਲਜਿੰਦਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਮੇਜਰ ਸਿੰਘ ਤੇ ਭਾਈ ਬਲਜਿੰਦਰ ਸਿੰਘ ਆਦਿ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ, ਭਾਈ ਮਨਜੀਤ ਸਿੰਘ, ਸ. ਬਲਵਿੰਦਰ ਸਿੰਘ ਭੂੰਦੜ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਵੀਰ ਸਿੰਘ ਲੋਪੋਕੇ, ਸ. ਵਿਰਸਾ ਸਿੰਘ ਵਲਟੋਹਾ, ਸ. ਹਰਮੀਤ ਸਿੰਘ ਤਰਨਤਾਰਨ, ਸ. ਅਮਰਪਾਲ ਸਿੰਘ ਬੋਨੀ, ਸ. ਰਵਿੰਦਰ ਸਿੰਘ ਬ੍ਰਹਮਪੁਰਾ, ਸ. ਮਨਜੀਤ ਸਿੰਘ ਮੰਨਾ ਬਿਆਸ, ਸ. ਭਗਵੰਤ ਸਿੰਘ ਸਿਆਲਕਾ, ਸ. ਸਰਬਜੀਤ ਸਿੰਘ ਸੋਹਲ, ਸ. ਜਸਬੀਰ ਸਿੰਘ ਘੁੰਮਣ, ਸ. ਮਨਜੀਤ ਸਿੰਘ ਭੋਮਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਸ.ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੌਲਿਆਂਵਾਲੀ, ਤੇ ਸ. ਗੁਰਬਚਨ ਸਿੰਘ ਕਰਮੂੰਵਾਲਾ. ਮੈਂਬਰ ਸ਼ੋ੍ਰਮਣੀ ਕਮੇਟੀ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਹਰਪਾਲ ਸਿੰਘ ਜੱਲ੍ਹਾ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਖੁਸ਼ਵਿੰਦਰ ਸਿੰਘ, ਸ. ਸੁਰਜੀਤ ਸਿੰਘ ਰਾਏਪੁਰ ਅਤੇ ਸ. ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਬਲਬੀਰ ਸਿੰਘ ਬੁੱਢਾ ਦਲ ਵੱਲੋਂ ਬਾਬਾ ਭਗਤ ਸਿੰਘ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਡਾ: ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਰਣਜੀਤ ਸਿੰਘ, ਸ. ਕੇਵਲ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਬਿਜੈ ਸਿੰਘ ਐਡੀ:ਸਕੱਤਰ, ਸ. ਜਗਜੀਤ ਸਿੰਘ, ਸ. ਸਕੱਤਰ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਸੰਤੋਖ ਸਿੰਘ, ਸ. ਚਾਨਣ ਸਿੰਘ, ਸ. ਕੁਲਵਿੰਦਰ ਸਿੰਘ, ਸ. ਹਰਿੰਦਰਪਾਲ ਸਿੰਘ ਤੇ ਸ. ਤਰਵਿੰਦਰ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸz: ਰਘਬੀਰ ਸਿੰਘ ਮੰਡ ਤੇ ਸz: ਮਨਜਿੰਦਰ ਸਿੰਘ ਮੰਡ ਮੈਨੇਜਰ ਸੱਚਖੰਡ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply