Friday, July 5, 2024

ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਵਿਸ਼ੇਸ਼ ਕੈਂਪ ਦਾਣਾ ਮੰਡੀ ‘ਚ ਲੱਗੇਗਾ 22 ਜੂਨ ਨੂੰ ਏ.ਡੀ.ਸੀ ਵਿਕਾਸ

PPN1406201606

ਫਾਜ਼ਿਲਕਾ, 14 ਜੂਨ (ਵਨੀਤ ਅਰੋੜਾ)- ਜ਼ਿਲ੍ਹਾ ਫਾਜ਼ਿਲਕਾ ਦੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇੇਸ਼ਨ ਲਈ ਇਕ ਵਿਸੇਸ਼ ਕੈਂਪ 22 ਜੂਨ 2016 ਨੂੰ ਫਾਜ਼ਿਲਕਾ ਦੀ ਅਨਾਜ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿਚ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਵੱਖ ਵੱਖ ਕੰਮਾਂ ਵਿਚ ਲੱਗੇ ਉਸਾਰੀ ਕਿਰਤੀਆਂ ਦੀ ਰਜ਼ਿਸਟ੍ਰੇਸ਼ਨ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ ਨੇ ਕੈਂਪ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਿਰਤੀ ਭਲਾਈ ਬੋਰਡ ਦੀਆਂ ਸਕੀਮਾਂ ਬਾਰੇ ਵੀ ਇਸ ਕੈਂਪ ਵਿਚ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਸਾਰੀ ਕਿਰਤੀ ਭਲਾਈ ਬੋਰਡ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀਆਂ ਦਾ ਬੋਰਡ ਕੋਲ ਰਜਿਸ਼ਟਰਡ ਹੋਣਾ ਲਾਜ਼ਮੀ ਹੈ, ਇਸੇ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਰਾਜ ਮਿਸਤਰੀ, ਇੱਟਾਂ, ਭੱਠੇ, ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ, ਟਾਇਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਉਸਾਰੀ ਕੰਮਾਂ ਨਾਲ ਸਬੰਧਤ ਤਕਨੀਕੀ ਅਤੇ ਕੈਲਰੀਕਲ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਕਾਰਡ ਬਣਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕਾਰਡਾਂ ਤਹਿਤ ਬੋਰਡ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤੋਂ ਇਲਾਵਾ ਹੋਰ ਕਰੀਬ 17 ਕਿਸਮ ਦੀਆਂ ਭਲਾਈ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਵਿਚ ਉਸਾਰੀ ਕਿਰਤੀਆਂ ਦੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵੀ ਭਲਾਈ ਸਕੀਮਾਂ ਤੋਂ ਇਲਾਵਾ ਸਿੱਖਿਆ ਲਈ ਸਕਾਲਰਸ਼ਿਪ ਦਿੱਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਉਸਾਰੀ ਕਿਰਤੀ ਹਾਲੇ ਤੱਕ ਬੋਰਡ ਨਾਲ ਰਜਿਸ਼ਟਰਡ ਨਹੀਂ ਹਨ ਉਹ ਆਪਣਾ ਅਧਾਰ ਕਾਰਡ, 8 ਪਾਸਪੋਰਟ ਸਾਈਜ਼ ਫੋਟੋਆ, 2 ਪਰਿਵਾਰ ਦੀਆਂ ਗਰੁੱਪ ਫੋਟੋਆਂ, ਇਕ ਬੈਂਕ ਖਾਤੇ ਦੀ ਕਾਪੀ ਦੀ ਫੋਟੋ ਸਟੇਟ ਕਾਪੀ ਅਤੇ ਇਕ ਸਵੈ ਘੋਸ਼ਣਾ ਪੱਤਰ ਲੈ ਕੇ ਕੈਂਪ ਵਿਚ ਪੁੱਜਣ ਅਤੇ ਇਸ ਕੈਂਪ ਦਾ ਲਾਭ ਉਠਾਉਣ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਸ. ਹਰਸ਼ਰਨਜੀਤ ਸਿੰਘ ਬਰਾੜ, ਕਿਰਤ ਇੰਸਪੈਕਟਰ ਸ. ਧਰਮ ਸਿੰਘ, ਬੀ.ਡੀ.ਪੀ.ਓ ਫਾਜ਼ਿਲਕਾ ਸ. ਨਿਰਮਲ ਸਿੰਘ, ਬੀ.ਡੀ.ਪੀ.ਓ ਅਬੋਹਰ ਮੈਡਮ ਬਲਜੀਤ ਕੌਰ, ਬੀ.ਡੀ.ਪੀ.ਓ ਜਲਾਲਾਬਾਦ ਸ. ਦਰਸ਼ਨ ਸਿੰਘ ਤੋਂ ਇਲਾਵਾ ਵੱਖ ਵੱਖ ਮਜ਼ਦੂਰ ਯੂਨੀਅਨਾਂ ਦੇ ਆਗੂ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply