Monday, July 8, 2024

ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਰਿਹਾ ਵਿਸ਼ੇਸ਼ ਸਹੂਲਤਾਂ – ਡੀ.ਸੀ

ਫਾਜ਼ਿਲਕਾ, 15 ਜੂਨ (ਵਨੀਤ ਅਰੋੜਾ)- ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ (ਮਗਨਰੇਗਾ ਕਿਰਤੀ ਵੱਜੋਂ ਉਸਾਰੀ ਕੰਮਾਂ ਵਿਚ ਸਾਲ ਦੌਰਾਨ 50 ਦਿਨ) ਕੰਮ ਕੀਤਾ ਹੋਵੇ, ਬੋਰਡ ਦਾ ਮੈਂਬਰ ਬਣ ਸਕਦਾ ਹੈ।ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੋਰਡ ਦਾ ਮੈਂਬਰ ਬਣਨ ਲਈ ਕੇਵਲ ਇਕ ਵਾਰ 25 ਰੁਪਏ ਰਜ਼ਿਸਟ੍ਰੇਸ਼ਨ ਫੀਸ ਦੇ ਨਾਲ ਅਰਜੀ ਹਲਕੇ ਦੇ ਸਹਾਇਕ ਕਿਰਤ ਕਮਿਸ਼ਨ, ਕਿਰਤ ਤੇ ਸੁਲਾਹ ਅਫ਼ਸਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਪਵੇਗੀ।ਇਸ ਦੀ ਮੈਂਬਰਸ਼ਿਪ ਚੱਲਦੀ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ੍ਹਾਂ ਕਰਵਾਉਣਾ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਭਲਾਈ ਸਕੀਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ ਲਾਭਪਾਤਰੀਆਂ ਲਈ ਵਿਸ਼ੇਸ਼ ਕਿਰਤ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੋਰਡ ਦੀ ਐਕਸ੍ਰੇਸ਼ੀਆ ਸਕੀਮ ਅਧੀਨ ਲਾਭਪਾਤਰੀਆਂ ਦੀ ਐਕਸੀਡੈਂਟਲ ਮੌਤ ਹੋਣ ਤੇ ਜਾਂ ਪੂਰਨ 100 ਫੀਸਦੀ ਅੰਪਗਤਾ ਦੀ ਸੂਰਤ ਵਿਚ 4 ਲੱਖ ਰੁਪਏ, ਕੁਦਰਤੀ ਮੌਤ ਹੋਣ ਤੇ 3 ਲੱਖ ਰੁਪਏ ਅਤੇ ਅੰਸ਼ਕ ਅੰਪਗਤਾ ਕੇਸਾਂ ਵਿਚ ਹਰੇਕ 1 ਫੀਸਦੀ ਅੰਪਗਤਾ ਲਈ 4000 ਰੁਪਏ ਜੋ ਕਿ 4 ਲੱਖ ਤੱਕ ਜਾ ਸਕਦੀ ਹੈ। ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਡਿਗਰੀ ਕਲਾਸਾਂ ਅਤੇ ਉਚੇਰੀ ਸਿੱਖਿਆ ਲਈ 3000 ਰੁਪਏ ਤੋਂ ਲੈ ਕੇ 70,000 ਰੁਪਏ ਤੱਕ ਦਾ ਸਲਾਨਾ ਵਜੀਫ਼ਾ ਸਕੀਮ ਦਿੱਤੀ ਜਾ ਰਹੀ ਹੈ।ਇਸ ਦੇ ਨਾਲ ਹੀ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪੰਜਾਬ ਰਾਜ ਵਿਚ 9ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਮੁਫ਼ਤ ਸਾਈਕਲ ਦੇਣ ਸਬੰਧੀ ਸਕੀਮ ਹੈ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਲਾਭਪਾਤਰੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਲਈ 50,000 ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਅਤੇ ਲਾਭਪਾਤਰੀ ਦੀ ਦੁਰਘਟਨਾ ਵਿਚ ਮੌਤ ਹੋ ਜਾਣ ਜਾਂ ਪੂਰਨ ਤੌਰ ਤੇ 100 ਫੀਸਦੀ ਅੰਪਗ ਹੋ ਜਾਣ ਦੀ ਸੂਰਤ ਵਿਚ 5 ਲੱਖ ਰੁਪਏ ਦੇ ਬੀਮੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਲਾਭਪਾਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਦੇ ਯੰਤਰ ਲਗਾਉਣ ਲਈ ਕ੍ਰਮਵਾਰ (800, 5000 ਅਤੇ 6000 ਰੁਪਏ) ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ 31 ਹਜ਼ਾਰ ਰੁਪਏ ਦੀ ਸ਼ਗਨ ਸਕੀਮ, ਪੰਜੀਕ੍ਰਿਤ ਇਸਤਰੀ ਕਿਰਤੀ ਆਪਣੇ ਵਿਆਹ ਲਈ ਇਸ ਸਕੀਮ ਦਾ ਲਾਭ ਉਠਾ ਸਕਦੀ ਹੈ।ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ 2 ਹਜ਼ਾਰ ਰੁਪਏ ਐਲ.ਟੀ.ਸੀ.ਦੀ ਸੁਵਿਧਾ (ਹਰ ਦੋ ਸਾਲ ਬਾਅਦ) ਦਿੱਤੀ ਜਾਂਦੀ ਹੈ। ਉਸਾਰੀ ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਅਤੇ ਕ੍ਰਿਆਕ੍ਰਮ ਲਈ ਸਕੀਮ ਵਿਚ 20,000 ਰੁਪਏ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਸਾਰੀ ਕੰਮਾਂ ਵਿਚ ਲੱਗੇ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਨਿਰਧਾਰਤ ਖਤਰਨਾਕ ਬਿਮਾਰੀਆਂ ਦੇ ਇਲਾਜ ਦੇ ਖਰਚੇ ਸਬੰਧੀ 1 ਲੱਖ ਰੁਪਏ ਤੱਕ ਪ੍ਰਤੀ ਪੂਰਤੀ ਬਾਰੇ ਸਕੀਮ ਤੋਂ ਇਲਾਵਾ ਆਰ.ਪੀ.ਐਲ. ਦੇ ਕੰਸਪੈਕਟ ਦੇ ਆਧਾਰ ਤੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਕਿੱਲ ਅਪਗ੍ਰੇਡਸ਼ਨ ਅਤੇ ਵੋਕੇਸ਼ਨਲ ਐਜੂਕੇਸ਼ਨ ਸਕੀਮ, ਕਿਰਤੀਆਂ ਲਈ ਲੇਬਰ ਸ਼ੈੱਡ ਕਮ ਨਾਈਟ ਸ਼ੈਲਟਰ ਤਿਆਰ ਕਰਨ ਦੀ ਸਕੀਮ, ਬੋਰਡ ਦੇ ਲਾਭਪਤਾਰੀਆਂ ਲਈ 60 ਸਾਲ ਦੀ ਉਮਰ ਅਤੇ 3 ਸਾਲ ਦੀ ਮੈਂਬਰਸ਼ਿਪ ਪੂਰੀ ਕਰਨ ਉਪਰੰਤ ਪੈਨਸ਼ਨ ਸਕੀਮ (ਘੱਟੋ ਘੱਟ 12000 ਅਤੇ ਵੱਧ ਤੋਂ ਵੱਧ 25000 ਰੁਪਏ ਪ੍ਰਤੀ ਸਾਲ), ਬੋਰਡ ਦੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਸਕੀਮ ਅਧੀਨ 20 ਹਜ਼ਾਰ ਰੁਪਏ ਤੱਕ ਵਿੱਤੀ ਸਹਾਇਤਾ, ਉਸਾਰੀ ਕੰਮਾਂ ਵਿਚ ਲੱਗੇ ਪੰਜੀਕ੍ਰਿਤ ਲਾਭਪਾਤਰੀ ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21000 ਰੁਪਏ ਅਤੇ ਪੁਰਸ਼ ਲਾਭਪਾਤਰੀ ਨੂੰ 5000 ਰੁਪਏ ਪ੍ਰਤੀ ਬੱਚਾ (ਵੱਧ ਤੋਂ ਵੱਧ ਦੋ ਬੱਚਿਆਂ ਲਈ) ਦੇ ਹਿਸਾਬ ਨਾਲ ਜਣੇਪਾ ਲਾਭ, ਨਿਰਮਾਣ ਕਾਰਜਾਂ ਕਾਰਜਾਂ ਵਿਚ ਕੰਮ ਕਰਦੇ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਿਲੀਕਾਸਿਜ਼ ਅਤੇ ਹੋਰ ਬਿਮਾਰੀਆਂ ਦਾ ਪਤਾ ਲਗਾਉਣ ਲਈ ਮੋਬਾਇਲ ਲੈਬ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ (ਪੁੱਤਰ ਜਾਂ ਪੁੱਤਰੀ) ਦੀ ਸਾਂਭ ਸੰਭਾਲ ਵਾਸਤੇ 20,000 ਰੁਪਏ ਸਲਾਨਾ ਵਿੱਤੀ ਸਹਾਇਤਾ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਟੂਲਜ਼ (ਸੰਦ) ਖਰੀਦਣ ਲਈ 3000 ਰੁਪਏ ਦੀ ਵਿੱਤੀ ਸਹਾਇਤਾ ਬਸ਼ਰਤੇ ਕਿ ਉਸ ਨੇ ਆਰ.ਪੀ.ਐਲ.ਅਧੀਨ ਟ੍ਰੇਨਿੰਗ ਲਈ ਹੋਵੇ, ਲੋੜਵੰਦ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਕੰਮ ਤੇ ਆਉਣ ਜਾਣ ਲਈ ਆਪਣੇ ਇਸਤੇਮਾਲ ਵਾਸਤੇ ਮੁਫ਼ਤ ਸਾਈਕਲ ਸਕੀਮ ਅਤੇ ਪੰਜਾਬ ਹੈਲਥ ਸੁਸਾਇਟੀ ਵੱਲੋਂ ਸਲੱਮ ਏਰੀਆ ਵਿਚ ਚਲਾਏ ਜਾ ਰਹੇ ਹੈਲਥ ਕਿਉਸਿਕ ਵਿਚ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਢਲੀ ਸਹਾਇਤਾ ਸੇਵਾਵਾਂ ਉਪਲਬੱਧ ਕਰਵਾਉਣ ਦੀਆਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਲਈ 22 ਜੂਨ ਨੂੰ ਪੰਜੀਕ੍ਰਿਤ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply