Friday, November 22, 2024

ਪੰਜਾਬ ਦੀ ਸ਼ਾਂਤੀ ਦੀ ਭੰਗ ਕਰਨ ਦੀਆਂ ਸਾਜਿਸ਼ਾਂ ਨੂੰ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ- ਸੁਖਬੀਰ ਬਾਦਲ

PPN0707201606
ਉੱਪ ਮੁੱਖ ਮੰਤਰੀ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ

ਸੰਦੌੜ, 7 ਜੁਲਾਈ (ਹਰਮਿੰਦਰ ਸਿੰਘ ਭੱਟ) – ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ‘ਤੇ ਹਿਨਾ ਹਵੇਲੀ ਮਲੇਰਕੋਟਲਾ ਵਿਖੇ ਈਦ ਮਿਲਨ ਸਮਾਰੋਹ ਦੌਰਾਨ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦੇਣ ਪਹੁੰਚੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਕਿਸੇ ਕੀਮਤ ‘ਤੇ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ ਅਤੇ ਰਾਜ ਵਿੱਚ ਸਾਰੇ ਧਰਮਾਂ ਦੇ ਮਾਣ ਸਤਿਕਾਰ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਸਰਕਾਰੀ ਤੌਰ ‘ਤੇ ਮਨਾਏ ਜਾਂਦੇ ਹਨ ਅਤੇ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸੀ ਮਿਲਵਰਤਣ ਨਾਲ ਰਹਿੰਦੇ ਹਨ ਅਤੇ ਜਿੱਥੇ ਧਾਰਮਿਕ ਦਿਹਾੜੇ ਇਕਜੁੱਟ ਹੋ ਕੇ ਮਨਾਉਂਦੇ ਹਨ। ਸ. ਬਾਦਲ ਨੇ ਕਿਹਾ ਕਿ ਸਾਰੇ ਧਰਮਾਂ ਦੇ ਸਤਿਕਾਰ ਵੱਜੋਂ ਰਾਜ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਸਰਕਾਰੀ ਤੌਰ ‘ਤੇ ਦੇਸ਼ ਦੇ ਪ੍ਰਮੱਖ ਧਰਮ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਸਕਣ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਹੈ ਜਿਸ ਸਦਕਾ ਰਾਜ ਵਿੱਚ ਵਾਧੂ ਬਿਜਲੀ, ਸੜਕਾਂ, ਸੀਵਰੇਜ਼ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ। ਉਨ੍ਹਾਂ ਕਿਹਾ ਕਿ ਮੁਸਲਿਮ ਅਤੇ ਇਸਾਈ ਭਾਈਚਾਰੇ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ ਰਾਜ ਦੇ ਵੱਡੀ ਆਬਾਦੀ ਵਾਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ 100 ਕਰੋੜ ਰੁਪਏ ਖਰਚ ਕਰਕੇ ਸਰਕਾਰੀ ਤੌਰ ‘ਤੇ ਕਬਰਸਤਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੇ ਨਿਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹਲ ਲਈ ਅਗਲੇ ਮਹੀਨੇ ਦੋ ਦਿਨਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ਼ਾਂ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ ।
ਸ. ਬਾਦਲ ਨੇ ਮਲੇਰਕੋਟਲਾ ਵਿਖੇ ਪਿਛਲੇ ਦਿਨੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਮਾਮਲੇ ਭੜਕਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੀਆਂ ਬਾਹਰਲੀਆਂ ਏਜੰਸੀਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਅਜਿਹੇ ਮਨਸੂਬੇ ਸਫ਼ਲ ਨਹੀ ਹੋਣ ਦਿੱਤੇ ਜਾਣਗੇ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਵਾਲੀਆਂ ਅਜਿਹੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀ ਲਾਉਣਗੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੱਲੋਂ ਪੰਜਾਬ ਵਿੱਚ 25 ਲੱਖ ਨੌਕਰੀਆਂ ਦੇਣ ਦੇ ਐਲਾਨ ‘ਤੇ ਵਿਅੰਗ ਕਰਦਿਆਂ ਕਿਹਾ ਕਿ ਅਜਿਹੇ ਗੁਮਰਾਹਕੁੰਨ ਬਿਆਨ ਦੇਣ ਤੋਂ ਪਹਿਲਾ ਸ੍ਰੀ ਕੇਜ਼ਰੀਵਾਲ ਦੱਸਣ ਕਿ ਪਿਛਲੇ ਦੋ ਸਾਲਾਂ ਵਿੱਚ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਸ. ਬਾਦਲ ਤੋਂ ਪਹਿਲਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਰੇ ਧਰਮਾਂ ਪ੍ਰਤੀ ਸਤਿਕਾਰ ਨੂੰ ਕਾਇਮ ਰੱਖਿਆ ਜਾਂਦਾ ਹੈ ਅਤੇ ਪਿਛਲੇ ਦਿਨੀ ਮਲੇਰਕੋਟਲਾ ਵਿਖੇ ਮਾੜੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸੰਜਮ ਨਾਲ ਕੰਮ ਲਿਆ ਹੈ ਜਿਸ ਲਈ ਮਲੇਰਕੋਟਲਾ ਦੇ ਲੋਕ ਵਧਾਈ ‘ਦੇ ਪਾਤਰ ਹਨ। ਉਨ੍ਹਾਂ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ‘ਤੇ ਪੂਰੇ ਭਾਰਤ ਅੰਦਰ ਵਸੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਸਮੂਹ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾ ਸੀਨੀਅਰ ਅਕਾਲੀ ਆਗੂ ਸ੍ਰੀ ਇਜ਼ਹਾਰ ਆਲਮ ਨੇ ਕਿਹਾ ਕਿ ਈਦ ਦਾ ਇਹ ਤਿਓਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜੇ ਰੱਖਣ ਤੋਂ ਬਾਅਦ ਖੁਦਾ ਦੇ ਸ਼ੁਕਰਾਨੇ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਇਹ ਤਿਉਹਾਰ ਆਪਸੀ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਵੀ ਪ੍ਰਤੀਕ ਹੈ ਅਤੇ ਈਦ-ਉਲ-ਫਿਤਰ ਦਾ ਤਿਓਹਾਰ ਸਾਡੇ ਸਾਂਝੇ ਸਭਿਆਚਾਰ ਦੀ ਸੱਚੀ-ਸੁੱਚੀ ਭਾਵਨਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ, ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾਂ, ਸ. ਇਕਬਾਲ ਸਿੰਘ ਝੂੰਦਾਂ ਹਲਕਾ ਵਿਧਾਇਕ ਅਮਰਗੜ੍ਹ, ਸੀਨੀਅਰ ਅਕਾਲੀ ਆਗੂ ਸ. ਰਜਿੰਦਰ ਸਿੰਘ ਕਾਂਝਲਾਂ, ਨੁਸਰਤ ਇਕਰਾਮ ਖਾਨ ਬੱਗਾ ਸਾਬਕਾ ਮੰਤਰੀ, ਸ. ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਕਰਨ ਘੁਮਾਨ ਸੀਨੀਅਰ ਅਕਾਲੀ ਆਗੂ, ਸ. ਜਸਬੀਰ ਸਿੰਘ ਦਿਓਲ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ. ਜਸਵਿੰਦਰ ਸਿੰਘ ਪ੍ਰਿੰਸ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਮਨਵੇਸ਼ ਸਿੰਘ ਸਿੱਧੂ ਵਿਸ਼ੇਸ ਪ੍ਰਮੱਖ ਸਕੱਤਰ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply