Monday, July 8, 2024

ਤਖਤ ਸ੍ਰੀ ਹਜੂਰ ਸਾਹਿਬ ਤੋਂ ਨੌਜਵਾਨਾਂ ਦਾ ਹਜੂਰੀ ਪੈਦਲ ਜਥਾ ਸ੍ਰੀ ਹਰਿਮੰਦਰ ਸਾਹਿਬ ਪੁੱਜਾ

ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਕੀਤਾ ਸਨਮਾਨਿਤ

PPN0108201617

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ)- ਸ਼ਚਖੰਡ ਸ੍ਰੀ ਅਬਚਲ ਨਗਰ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਤੋਂ 26 ਨੌਜਵਾਨਾਂ ਦਾ ਇੱਕ ਹਜੂਰ ਪੈਦਲ ਜਥਾ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ।ਇਸ ਜਥੇ ਦੇ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ।ਤਕਰੀਬਨ 39 ਦਿਨਾਂ ਵਿੱਚ 2000 ਕਿਲੋਮੀਟਰ ਦੀ ਆਪਣੀ ਪੈਦਲ ਯਾਤਰਾ ਪੂਰੀ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਬਾਬਾ ਬਿਧੀ ਚੰਦ ਜੀ ਸੰਪਰਦਾਇ ਦੇ ਜਥੇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਸਮੇਂ ਗੱਲਬਾਤ ਕਰਦਿਆਂ ਜਥੇ ਦੇ ਮੁਖੀ ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਉਹ 24 ਜਨ ਸ੍ਰੀ ਹਜੂਰ ਸਾਹਿਬ ਅਰਦਾਸ ਕਰਕੇ ਨੰਦੇੜ ਤੋ ਰਵਾਨਾ ਹੋਏ ਸਨ ਅਤੇ ਮਹਾਰਾਸ਼ਟਰਾ, ਮੱਧ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਤੋਂ ਹੁੰਦੇ ਹੋਏ ਪੰਜਾਬ ਪਹੁੰਚੇ ਹਨ।ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਨੰਦੇੜ ਸਮੇਤ ਮਹਾਰਾਸ਼ਟਰਾ ਵਿੱਚ ਲੰਮੇ ਸਮੇਂ ਤੋਂ ਬਰਸਾਤ ਨਹੀਂ ਸੀ ਹੋ ਰਹੀ ਅਤੇ ਲੋਕ ਬਹੁਤ ਪ੍ਰੇਸ਼ਾਨ ਸਨ ਇਸ ਲਈ ਬਰਸਾਤ ਦੀ ਮੰਗ, ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਿਸ਼ਵ ਵਿੱਚ ਅਮਨ ਤੇ ਭਾਈਚਾਰੇ ਦੀ ਕਾਮਨਾ ਕਰਨ ਅਤੇ ਸਮੂਹ ਸਾਧੂ ਸੰਤਾਂ ਦੀ ਦੇਹ ਅਰੋਗਤਾ ਲਈ ਇਹ ਪੈਦਲ ਯਾਤਰਾ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 2011 ਵਿੱਚ ਉਨਾਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਲੋਂ ਪੈਦਲ ਯਾਤਰ ਕੀਤੀ ਗਈ ਸੀ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤੋਂ ਜਿਆਦਾ ਵੱਡੇ ਪੱਧਰ ‘ਤੇ ਪੈਦਲ ਯਾਤਰਾ ਦਾ ਅਯੋਜਨ ਕੀਤਾ ਜਾਵੇਗਾ। ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਇਸ ਪੈਦਲ ਯਾਤਰਾ ਦੇ ਦੋਰਾਨ ਉਨਾਂ ਨੇ ਮਹਿਸੂਸ ਕੀਤਾ ਹੈ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸਿੱਖ ਨੌਜਵਾਨ ਪਤਿਤ ਹੋ ਕੇ ਸਿੱਖੀ ਤੋਂ ਦੂਰ ਜਾ ਰਹੇ ਹਨ ਇਸ ਲਈ ਉਨਾਂ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਉਨਾਂ ਨੂੰ ਸੁਮੱਤ ਬਖਸ਼ਣ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਨਾ ਸਿਰਫ ਆਪ ਸਿੱਖੀ ਵਿੱਚ ਪਰਪੱਕ ਹੋਣ, ਬਲਕਿ ਹੋਰਨਾਂ ਨੂੰ ਵੀ ਸਿੱਖੀ ਵੱਲ ਪ੍ਰੇਰਣ ।ਉਨਾਂ ਕਿਹ ਕਿ ਇਸ ਜਥੇ ਦੇ ਮੈਂਬਰਾਂ ਵਲੋਂ ਆਪਣਾ ਲੰਗਰ ਆਪ ਤਿਆਰ ਕੀਤਾ ਜਾਂਦਾ ਸੀ ਅਤੇ ਲੰਗਰ ਦਾ ਪੂਰਾ ਸਮਾਨ ਰੱਖਣ ਲਈ ਉਨਾਂ ਦੇ ਨਾਲ ਇੱਕ ਗੱਡੀ ਵੀ ਚੱਲ ਰਹੀ ਸੀ। ਇਸ ਹਜੂਰੀ ਪੈਦਲ ਜਥੇ ਵਿੱਚ ਗਜਿੰਦਰ ਸਿੰਘ ਜਥੇਦਾਰ, ਲੱਖਣ ਸਿੰਘ, ਇੰਦਰਜੀਤ ਸਿੰਘ, ਗੁਰਪ੍ਰਕਾਸ਼ ਸਿੰਘ, ਗੁਰਬਚਨ ਸਿੰਘ, ਸਤਪਾਲ ਸਿੰਘ ਆਦਿ ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply