Monday, July 8, 2024

ਪ੍ਰਪੱਕ ਕ੍ਰਾਂਤੀਕਾਰੀ ਸੀ ਸ਼ਹੀਦ ਊਧਮ ਸਿੰਘ ਸੁਨਾਮ

ਸ਼ਹੀਦੀ ਦਿਵਸ ,ਤੇ ਵਿਸ਼ੇਸ਼

Udham SIngh Shaheed
ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਸੂਰਮਿਆਂ ਨੇ ਜਾਤ-ਪਾਤ, ਧਰਮ, ਰੰਗ, ਨਸਲ ਭੁੱਲ ਕੇ ਕੁਰਬਾਨੀਆਂ ਦਿੱਤੀਆਂ ਸਨ।ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕਰਨ ਵਾਲੇ ਉਹਨਾਂ ਯੋਧਿਆਂ ਨੂੰ ਭਾਰਤ ਦੇ ਲੋਕ ਅੱਜ ਵੀ ਸੀਸ ਨਿਵਾਂਉਦੇ ਹਨ।ਅਜਿਹੇ ਹੀ ਜਾਤ-ਪਾਤ, ਧਰਮ, ਰੰਗ ਅਤੇ ਨਸਲ ਦੇ ਵਿਖਰੇਵੇਂ ਤੋਂ ਉੱਪਰ ਦੀ ਸੋਚ ਰੱਖਣ ਵਾਲੇ ਸ਼ਹੀਦ ਸਨ ਸ਼ਹੀਦ ਉੱਧਮ ਸਿੰਘ ਜੀ ਸੁਨਾਮ।ਉਹਨਾਂ ਨੇ 13 ਅਪ੍ਰੈਲ 1919 ਨੂੰ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਲੰਡਨ ਵਿੱਚ ਜਾ ਕੇ ਲਲਕਾਰ ਕੇ ਮਾਰਿਆ ਸੀ ।
ਸ਼ਹੀਦ ਉੱਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜ਼ਿਲਾ੍ਹ ਸੰਗਰੂਰ (ਉਸ ਵੇਲੇ ਪਟਿਆਲਾ) ਵਿਖੇ ਪਿਤਾ ਟਹਿਲ ਸਿੰਘ ਘਰ ਹੋਇਆ।ਉਹਨਾਂ ਦੇ ਪਿਤਾ ਜੀ ਉੱਪਲ ਪਿੰਡ ਵਿਖੇ ਰੇਲਵੇ ਫਾਟਕ ਤੇ ਚੌਂਕੀਦਾਰ ਸਨ।ਸੱਤ ਸਾਲ ਦੀ ਉਮਰ ਵਿੱਚ ਹੀ ਉਹਨਾਂ ਦੇ ਮਾਤਾ-ਪਿਤਾ ਗੁਜ਼ਰ ਗਏ ਸਨ।24 ਅਕਤੂਬਰ 1907 ਨੂੰ ਉਹ ਸੈਂਟਰਲ ਖਾਲਸਾ ਅਨਾਥ ਆਸ਼ਰਮ ਵਿੱਚ ਆਪਣੇ ਭਰਾ ਮੁਕਤਾ ਸਿੰਘ ਨਾਲ ਦਾਖਲ ਹੋਏ ਸਨ।ਛੇਤੀ ਹੀ ਉਹਨਾਂ ਦਾ ਭਰਾ ਵੀ ਗੁਜ਼ਰ ਗਿਆ।1918 ਵਿੱਚ ਉਹਨਾਂ ਨੇ 10 ਵੀਂ ਪਾਸ ਕਰਕੇ ਅਨਾਥ ਆਸ਼ਰਮ ਛੱਡ ਦਿੱਤਾ ।13 ਅਪ੍ਰੈਲ 1919 ਦੇ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਸੈਂਕੜੇ ਬੇਕਸੂਰ ਲੋਕਾਂ ਦੇ ਕਤਲ ਨੇ ਸ਼ਹੀਦ ਉੱਧਮ ਸਿੰਘ ਦੇ ਮਨ ਤੇ ਗਹਿਰਾ ਪ੍ਰਭਾਵ ਪਾਇਆ।ਉਹਨਾਂ ਨੇ ਜ਼ਲ੍ਹਿਆਂ ਵਾਲੇ ਬਾਗ ਦੀ ਮਿੱਟੀ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਇਸ ਕਤਲੇਆਮ ਦਾ ਬਦਲਾ ਜ਼ਰੂਰ ਲੈਣਗੇ।ਫਿਰ ਕੀ ਉਹ ਕ੍ਰਾਂਤੀ ਦੇ ਰਾਹ ਤੇ ਤੁਰ ਪਏ ।ਉਹ ਭਾਰਤ ਛੱਡ ਕੇ ਯੂਨਾਈਟਡ ਸਟੇਟ ਚਲੇ ਗਏ। ਭਾਰਤ ਆਏ ਤਾਂ 1931 ਤੋਂ ਬਾਅਦ ਉਹਨਾਂ ਅੰਮ੍ਰਿਤਸਰ ਵਿੱਚ ‘ਰਾਮ ਮਹੁੰਮਦ ਸਿੰਘ ਅਜ਼ਾਦ’ ਨਾਮ ਦੀ ਸਾਈਨਬੋਰਡ ਪੇਂਟਰ ਦੀ ਦੁਕਾਨ ਵੀ ਖੋਲੀ੍ਹ ਸੀ।ਇਹੀ ਨਾਮ ਉਹਨਾਂ ਨੇ ‘ਕਤਲ ਕੇਸ’ ਸਮੇਂ ਕਚਿਹਰੀ ਵਿੱਚ (‘ਰਾਮ ਮਹੁੰਮਦ ਸਿੰਘ ਅਜ਼ਾਦ’) ਦੱਸਿਆ ਸੀ।13 ਮਾਰਚ 1940 ਨੂੰ ਸ਼ਹੀਦ ਉੱਧਮ ਸਿੰਘ ਨੇ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।31 ਜੁਲਾਈ 1940 ਨੂੰ ਪੈਂਟੋਨਵਿਲੇ ਜ਼ੇਲ੍ਹ ਲੰਡਨ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ।ਪੂਰੀ ਜ਼ੱਦੋ-ਜ਼ਹਿਦ ਕਰਕੇ 1975 ਵਿਚ ਭਾਰਤ ਦੇ ਲੋਕ ਅਤੇ ਸਰਕਾਰਾਂ ਉਹਨਾਂ ਦੀਆਂ ਅਸਥੀਆਂ ਉਹਨਾਂ ਦੇ ਘਰ ਲਿਆਉਣ ਵਿੱਚ ਸਫਲ ਹੋਏ ਸਨ ।
13 ਮਾਰਚ 1940 ਨੂੰ 4.30 ਸ਼ਾਮ ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ।ਉੱਥੇ ਜ਼ਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਭਾਸ਼ਣ ਦੇ ਰਿਹਾ ਸੀ।ਸ਼ਹੀਦ ਉੱਧਮ ਸਿੰਘ ਨੇ ਰਿਵਾਲਵਰ ਕੱਢਿਆ ਤੇ ਬੇਕਸੂਰੇ ਲੋਕਾਂ ਦੇ ਕਾਤਲ ਨੂੰ ਮਾਰ ਮੁਕਾਇਆ।ਉਹ ਸੂਰਮਾ ਕਤਲ ਕਰਕੇ ਭੱਜਾ ਨਹੀਂ ਸਗੋਂ ਹਿਰਾਸਤ ਵਿੱਚ ਲੈਣ ਵਾਲੇ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ” ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ? ਉਹ ਵੀ ਮੌਤ ਦਾ ਹੱਕਦਾਰ ਸੀ।ਮੈਂ ਉਸ ਤੇ ਵੀ ਦੋ ਰੌਂਦ ਦਾਗੇ ਸਨ।”ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੇ ਅਖਬਾਰਾਂ ਨੇ ਪ੍ਰਕਾਸ਼ਿਤ ਕੀਤਾ।ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖਬਾਰ ‘ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਅਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਇਸ ਬਾਰੇ ਜ਼ਰਮਨ ਰੇਡਿਉ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ ਕਿ, ‘ਹਾਥੀਆਂ ਦੀ ਤਰਾਂ੍ਹ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ ਨਹੀਂ ਕਰਦੇ।’ ਉਹ ਵੀਹ ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਨਾਂ੍ਹ ਨੂੰ ਮਾਰ ਮੁਕਾਂਉਦੇ ਹਨ।” ਹਾਲਾਂਕਿ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਇਸ ਦੀ ਨਿੰਦਾ ਕੀਤੀ।ਕੇਵਲ ਨੇਤਾ ਜੀ ਸ਼ੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸ਼ਾ ਕੀਤੀ ।
ਸ਼ਹੀਦ ਉੱਧਮ ਸਿੰਘ ਸੁਨਾਮ ਵਿਚਾਰਧਾਰਾ ਪੱਖੋਂ ਪ੍ਰਪੱਕ ਕ੍ਰਾਂਤੀਕਾਰੀ ਸੀ।ਉਹ ਸੰਨ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਅਜ਼ਾਦੀ ਦੀ ਲੜਾਈ ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦੇ ਰਹੇ ਸਨ।ਉਹ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਸਨ।ਉਹ ਸ਼ਹੀਦ ਭਗਤ ਸਿੰਘ ਦੇ ਹੀ ਆਦੇਸ਼ ਤੇ 1927 ਨੂੰ ਭਾਰਤ ਆਏ ਸਨ ਅਤੇ ਆਪਣੇ ਨਾਲ 25 ਹੋਰ ਸਾਥੀ ਤੇ ਗੋਲੀ-ਸਿੱਕਾ ਲਿਆਉਣ ਵਿੱਚ ਵੀ ਕਾਮਯਾਬ ਰਹੇ ਸਨ।ਉਹ ਨਜ਼ਇਜ਼ ਅਸਲਾ ਰੱਖਣ ਦੇ ਦੋਸ਼ ਵਿੱਚ ਫੜੇ ਵੀ ਗਏ ਸਨ ਅਤੇ ਪੰਜ ਸਾਲ ਜ਼ੇਲ੍ਹ ਵੀ ਹੋਈ ਸੀ।ਉਹ ਸ਼ਹੀਦ ਭਗਤ ਸਿੰਘ ਹੁਣਾਂ ਨੂੰ ਫਾਂਸੀ ਲੱਗਣ ਤੱਕ ਭਾਵ 23 ਮਾਰਚ 1931 ਤੱਕ ਜ਼ੇਲ੍ਹ ਵਿੱਚ ਹੀ ਸਨ।ਇਸ ਤੋਂ ਇਲਾਵਾ ਉਹ ਹਿੰਦੋਸਤਾਨ ਸ਼ੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ ਅਤੇ ਭਾਰਤੀ ਵਰਕਰ ਐਸੋਸੀਏਸ਼ਨ ਵਿੱਚ ਵੀ ਸਰਗਰਮ ਹਿੱਸਾ ਲੈਂਦੇ ਸਨ।ਇਸ ਲਈ ਉਹਨਾਂ ਨੂੰ ਸਿਰਫ ਮਾਈਕਲ ਉਡਵਾਇਰ ਦੇ ਕਤਲ ਕਰਕੇ ਹੀ ਯਾਦ ਕਰਨਾ ਸਾਡੀ ਬੜੀ ਵੱਡੀ ਭੁੱਲ ਹੋਵੇਗੀ ਉਹ ਪ੍ਰਪੱਕ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਾਲਕ ਸਨ ।
ਸ਼ਹੀਦ ਉੱਧਮ ਸਿੰਘ ਸੁਨਾਮ ਦੀ ਵਿਚਾਰਧਾਰਾ ਦੀ ਪ੍ਰਪੱਕਤਾ ਉਹਨਾਂ ਦੇ ਕਤਲ ਕੇਸ ਸਮੇਂ ਕਚਿਹਰੀ ਵਿੱਚ ਆਪਣਾ ਨਾਮ ‘ਰਾਮ ਮਹੁੰਮਦ ਸਿੰਘ ਅਜ਼ਾਦ’ ਦੱਸਣ ਤੋਂ ਵੀ ਸਿੱਧ ਹੁੰਦੀ ਹੈ।ਮੁੱਢ ਤੋਂ ਹੀ ਭਾਰਤ ਵਿੱਚ ਜਾਤ-ਪਾਤ ਤੇ ਧਰਮਾਂ ਦਾ ਬੋਲ-ਬਾਲਾ ਰਿਹਾ ਹੈ, ਪਰ ਫਿਰ ਵੀ ਉਹਨਾਂ ਅਜਿਹਾ ਕਰਕੇ ਜਿੱਥੇ ਪੂਰੇ ਭਾਰਤ ਵਾਸੀਆਂ ਨੂੰ ਭਾਈਚਾਰਕ ਸਾਂਝ ਅਪਨਾਉਣ ਦਾ ਸੁਨੇਹਾ ਦਿੱਤਾ ਸੀ, ਉੱਥੇ ਉਹਨਾਂ ਪੂਰੀ ਦੁਨੀਆ ਨੂੰ ਇਹ ਦੱਸਿਆ ਕਿ ਭਾਰਤੀ ਭਾਂਵੇ ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ ਜਾਂ ਇਸਾਈ ਪਰ ਲੋੜ ਪੈਣ ਤੇ ਉਹ ਸਿਰਫ ਭਾਰਤੀ ਹਨ।ਆਪਣੇ-ਆਪਣੇ ਧਰਮਾਂ ਨੂੰ ਇੱਕ ਦੂਜੇ ਤੋਂ ਉੱਚਾ ਤੇ ਸੁੱਚਾ ਦੱਸ ਕੇ ਇੱਕ-ਦੂਜੇ ਨੂੰ ਵੱਢਣ-ਟੁੱਕਣ ਵੇਲੇ ਅਸੀਂ ਭੁੱਲ ਹੀ ਜਾਂਦੇ ਹਨ ਕਿ ਉਹ ਸਭ ਇਨਸਾਨ ਵੀ ਹਨ।ਇਹ ਗੱਲ ਕੋਈ ਕੱਚੀ ਵਿਚਾਰਧਾਰਾ ਵਾਲਾ ਵਿਅਕਤੀ ਨਹੀਂ ਕਰ ਸਕਦਾ।ਇਸ ਤਰਾਂ੍ਹ ਕਰਨਾ ਉਹਨਾਂ ਦੀ ਪ੍ਰਪੱਕ ਵਿਚਾਰਧਾਰਾ ਦਾ ਹੀ ਪ੍ਰਤੀਕ ਹੈ ।

Gurpreet Rangilpur1

 

 

 

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 09855207071

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply