Sunday, October 6, 2024

ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਤਰਜ਼ ‘ਤੇ ਲਾਹੌਰ ਵਿਚ ਵੀ ਬਣੇਗਾ ਅਜਾਇਬ ਘਰ

PPN0809201610

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)-ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਣੇ ਅਜਾਇਬ ਘਰ ਦੀ ਤਰਜ਼ ‘ਤੇ ਲਾਹੌਰ ਹਾਈਕੋਰਟ ਵਿਚ ਅਜਾਇਬ ਘਰ ਬਨਾਉਣ ਦੇ ਵਿਚਾਰ ਨਾਲ ਅੱਜ ਲਾਹੌਰ ਹਾਈਕੋਰਟ ਦੇ ਤਿੰਨ ਜੱਜਾਂ ਦਾ ਵਫ਼ਦ ਅਟਾਰੀ ਸਰਹੱਦ ਰਸਤਿਉਂ ਭਾਰਤ ਵਿਚ ਦਾਖਲ ਹੋਇਆ।ਅੰਮ੍ਰਿਤਸਰ ਪਹੁੰਚਣ ‘ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਲਾਹੌਰ ਹਾਈਕੋਰਟ ਦੇ ਇੰਨਾਂ ਸੀਨੀਅਰ ਜੱਜਾਂ, ਜਿਸ ਵਿਚ ਅਨਵਰ ਉਲ ਹੱਕ, ਸਈਅਦ ਸਹਿਬਾਜ਼ ਅਲੀ ਰਿਜ਼ਵੀ ਅਤੇ ਮੁਹੰਮਦ ਫਾਰੂਕ ਇਰਫਾਨ ਖਾਨ ਸ਼ਾਮਿਲ ਸਨ, ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਉਕਤ ਜੱਜ ਸਾਹਿਬਾਨ ਨੇ ਦੱਸਿਆ ਕਿ ਲਾਹੌਰ ਹਾਈਕੋਰਟ ਆਪਣੀ ਸਥਾਪਨਾ ਦੀ 150ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ ਅਤੇ ਅਸੀਂ ਇਸ ਮੌਕੇ ਲਾਹੌਰ ਹਾਈਕੋਰਟ ਵਿਚ ਅਜਾਇਬ ਘਰ ਬਨਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਯੋਜਨਾ ਨੂੰ ਸਿਰੇ ਚਾੜਨ ਲਈ ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਣੇ ਅਜਾਇਬ ਘਰ ਨੂੰ ਵੇਖਣ ਜਾ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਹਾਈਕੋਰਟ ਵੀ ਕਿਸੇ ਵੇਲੇ ਲਾਹੌਰ ਹਾਈਕੋਰਟ ਦਾ ਹਿੱਸਾ ਰਹੀ ਹੈ।
ਜੱਜ ਸਾਹਿਬਾਨ ਨੇ ਕਿਹਾ ਕਿ ਅਸੀਂ ਲਾਹੌਰ ਹਾਈਕੋਰਟ ਦੀ 150ਵੀਂ ਵਰੇਗੰਢ ਮੌਕੇ ਮਨਾਏ ਜਾਣ ਵੇਲੇ ਜਸ਼ਨਾਂ ਵਿਚ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬਾਨ ਨੂੰ ਵੀ ਸੱਦਾ ਦੇਣ ਆਏ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਸਾਡਾ ਸੱਦਾ ਕਬੂਲ ਕਰਦੇ ਹੋਏ ਲਾਹੌਰ ਜਸ਼ਨਾਂ ਵਿਚ ਸ਼ਰੀਕ ਹੋਣਗੇ। ਅੰਮ੍ਰਿਤਸਰ ਵਿਖੇ ਭਾਰਤ ਦੀ ਨਿਆਂ ਪ੍ਰਣਾਲੀ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਵੱਲੋਂ ਜਦ ਉਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ ਝਗੜਾ ਨਿਪਾਉ ਕੇਂਦਰ (ਅਲਟਰਨੇਟਿਵ ਡਿਸਪਿਊਟ ਰੈਜੁਲੂਸ਼ਨ ਸੈਂਟਰ) ਬਾਰੇ ਦੱਸਿਆ ਤਾਂ ਲਾਹੌਰ ਹਾਈਕੋਰਟ ਦੇ ਜੱਜ ਸਾਹਿਬਾਨ ਬਹੁਤ ਖੁਸ਼ ਹੋਏ ਅਤੇ ਇਸ ਕਦਮ ਦੀ ਤਾਰੀਫ ਕਰਦੇ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਨੇ ਇਹ ਵੱਡੀ ਪਹਿਲ ਕਦਮੀ ਕੀਤੀ ਹੈ ਅਤੇ ਅਸੀਂ ਇਹ ਮਸ਼ਵਰਾ ਪਾਕਿਸਤਾਨ ਵਿਚ ਵੀ ਵਿਚਾਰਾਂਗੇ ਅਤੇ ਕੋਸ਼ਿਸ਼ ਕਰਾਂਗਾਂ ਕਿ ਪਾਕਿਸਤਾਨ ਵਿਚ ਵੀ ਅਜਿਹੇ ਕੇਂਦਰ ਹੋਂਦ ਵਿਚ ਲਿਆ ਕੇ ਲੋਕਾਂ ਨੂੰ ਛੇਤੀ ਤੇ ਸਸਤਾ ਨਿਆਂ ਦਿੱਤਾ ਜਾ ਸਕੇ।
ਲਾਹੌਰ ਹਾਈਕੋਰਟ ਦੇ ਜੱਜਾਂ ਨੇ ਅੰਮ੍ਰਿਤਸਰ ਅਦਾਲਤੀ ਕੰਪਲੈਕਸ ਵਿਚ ਹੋਏ ਸਵਾਗਤ ਲਈ ਜਸਟਿਸ ਸ. ਗੁਰਬੀਰ ਸਿੰਘ ਵੱਲੋਂ ਕੀਤੀ ਖਿਦਮਤ ਲਈ ਸ਼ੁਕਰੀਆ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਸੈਕਟਰੀ ਲੀਗਲ ਸਰਵਿਸ ਅਥਾਰਟੀ ਮੈਡਮ ਗਰੀਸ਼ ਬਾਂਸਲ, ਸੀ:ਜੇ:ਐਮ ਰਵਿੰਦਰ ਕੌਰ, ਯੁਕਤੀ ਗੋਇਲ ਅਤੇ ਹੋਰ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply