Sunday, October 6, 2024

ਧਾਰਮਿਕ ਪ੍ਰੀਖਿਆ ਲਈ ਪ੍ਰਚਾਰਕਾਂ ਵੱਲੋਂ ਵੱਧ ਤੋਂ ਵੱਧ ਬੱਚਿਆਂ ਦੇ ਦਾਖਲਾ ਫਾਰਮ ਭਰਵਾਏ – ਜੌੜਾਸਿੰਘਾ

ppn1909201631

ਅੰਮ੍ਰਿਤਸਰ 19 ਸਤੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਾਲਾਨਾ ਧਾਰਮਿਕ ਪ੍ਰੀਖਿਆ ਦੀ ਤਿਆਰੀ ਲਈ ਪ੍ਰਚਾਰਕਾਂ ਨੂੰ ਵੱਖ-ਵੱਖ ਸਕੂਲਾਂ/ਕਾਲਜਾਂ ਤੀਕ ਪਹੁੰਚ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਹਿਤ ਪ੍ਰੇਰਨ ਲਈ ਕਿਹਾ ਗਿਆ ਹੈ।ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਪ੍ਰਚਾਰਕਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੇ ਕਿਹਾ ਕਿ ਧਾਰਮਿਕ ਪ੍ਰੀਖਿਆ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਵੱਡੇ ਪੱਧਰ ‘ਤੇ ਲਈ ਜਾਂਦੀ ਹੈ।ਇਸ ਸਾਲ 10 ਤੇ 11 ਨਵੰਬਰ ਨੂੰ ਹੋਣ ਵਾਲੀ ਧਾਰਮਿਕ ਪ੍ਰੀਖਿਆ ਲਈ ਪ੍ਰਚਾਰਕਾਂ ਨੂੰ ਵੱਧ ਤੋਂ ਵੱਧ ਦਾਖਲਾ ਫਾਰਮ ਜਮਾਂ ਕਰਵਾਉਣ ਵਾਸਤੇ ਕਿਹਾ ਗਿਆ ਹੈ। ਇਕੱਤਰਤਾ ਸਮੇਂ ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਧਾਰਮਿਕ ਪ੍ਰੀਖਿਆ ਤੇ ਪੱਤਰ ਵਿਹਾਰ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਪ੍ਰਚਾਰਕਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ, ਪਰ ਹੁਣ ਇਨ੍ਹਾਂ ਪ੍ਰੀਖਿਆਵਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਦੀ ਜ਼ਰੂਰਤ ਹੈ।ਉਨ੍ਹਾਂ ਪ੍ਰਚਾਰਕਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਧਾਰਮਿਕ ਪ੍ਰੀਖਿਆ ਦੇ ਫਾਰਮ ਭਰਵਾਉਣ ਸਮੇਂ ਬੱਚਿਆਂ ਦੀ ਧਾਰਮਿਕ ਰੁਚੀ ਵੱਲ ਖਾਸ ਧਿਆਨ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਸਾਫ-ਸੁਥਰੇ ਜਮ੍ਹਾਂ ਕਰਵਾਏ ਜਾਣ ਤਾਂ ਕਿ ਫਾਰਮਾਂ ਦੀ ਚੈਕਿੰਗ ਸਮੇਂ ਕੋਈ ਪ੍ਰੇਸ਼ਾਨੀ ਨਾ ਹੋਵੇ।ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸੰਪਰਕ ਨੰਬਰ ਵੀ ਜ਼ਰੂਰ ਲਿਆਂਦੇ ਜਾਣ ਅਤੇ ਇਹ ਨਿਸ਼ਚਿਤ ਕੀਤਾ ਜਾਵੇ ਕਿ ਪਹਿਲੇ ਤੇ ਦੂਜੇ ਦਰਜੇ ਦੇ ਫਾਰਮ ਵੱਖੋ-ਵੱਖਰੇ ਹੋਣ।ਉਨ੍ਹਾਂ ਕਿਹਾ ਕਿ ਪ੍ਰਚਾਰਕ ਸਮੇਂ ਸਿਰ ਵਜ਼ੀਫੇ ਵੀ ਸਕੂਲਾਂ/ਕਾਲਜਾਂ ਵਿੱਚ ਪਹੁੰਚਾਉਣ ਅਤੇ ਉਸ ਦੀ ਵਸੂਲੀ ਦਫ਼ਤਰ ਵਿਖੇ ਦੇਣ।ਉਨ੍ਹਾਂ ਕਿਹਾ ਕਿ ਪ੍ਰਚਾਰਕ 5 ਅਕਤੂਬਰ ਤੀਕ ਬੱਚਿਆਂ ਕੋਲੋਂ ਧਾਰਮਿਕ ਪ੍ਰੀਖਿਆ ਦੇ ਫਾਰਮ ਭਰਵਾਂ ਕੇ ਜਮ੍ਹਾਂ ਕਰਵਾਉਣ।ਉਨ੍ਹਾਂ ਪ੍ਰਚਾਰਕਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਹਲਕੇ ਵਿੱਚ 25 ਦਿਨ ਜ਼ਰੂਰ ਲਗਾਇਆ ਕਰਨ।ਉਨ੍ਹਾਂ ਕਿਹਾ ਕਿ ਧਾਰਮਿਕ ਰਸਾਲਾ ‘ਗੁਰਮਤਿ ਪ੍ਰਕਾਸ਼’ ਨਾਲ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਣ ਦਾ ਯਤਨ ਕੀਤਾ ਜਾਵੇ।ਉਨ੍ਹਾਂ ਧਾਰਮਿਕ ਅਧਿਆਪਕਾਂ ਨੂੰ ਕਿਹਾ ਕਿ ਉਹ ਹਰ ਮਹੀਨੇ ਦੀ 10 ਤਾਰੀਖ ਤੋਂ ਪਹਿਲਾਂ-ਪਹਿਲਾਂ ਹਾਜ਼ਰੀ ਰਿਪੋਰਟਾਂ ਜਮ੍ਹਾਂ ਕਰਵਾਇਆ ਕਰਨ।ਉਨ੍ਹਾਂ ਕਿਹਾ ਕਿ ਛੁੱਟੀ ਫਾਰਮ ‘ਤੇ ਸਕੂਲ ਦੀ ਮੋਹਰ ਤੇ ਪ੍ਰਿੰਸੀਪਲ ਦੇ ਦਸਤਖ਼ਤ ਜ਼ਰੂਰੀ ਹਨ ਨਹੀਂ ਤਾਂ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।ਇਸ ਸਮੇਂ ਸਮੂਹ ਪ੍ਰਚਾਰਕਾਂ ਤੇ ਧਾਰਮਿਕ ਅਧਿਆਪਕਾਂ ਨੇ ਦਿੱਤੀਆਂ ਗਈਆਂ ਹਦਾਇਤਾਂ ‘ਤੇ ਅਮਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਗਜੀਤ ਸਿੰਘ, ਚਾਨਣ ਸਿੰਘ ਤੇ ਸਿਮਰਜੀਤ ਸਿੰਘ ਮੀਤ ਸਕੱਤਰ, ਗੁਰਿੰਦਰ ਸਿੰਘ ਠਰੂ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਪ੍ਰਚਾਰਕ ਤੇ ਅਧਿਆਪਕ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply