
ਫਾਜ਼ਿਲਕਾ, 29 ਸਤੰਬਰ (ਵਨੀਤ ਅਰੋੜਾ)- ਸ੍ਰੀ ਜੇ.ਪੀ. ਨੱਢਾ ਸਿਹਤ ਮੰਤਰੀ ਭਾਰਤ ਸਰਕਾਰ 2 ਅਕਤੂਬਰ 2016 ਦਿਨ ਐਤਵਾਰ ਨੂੰ ਫਾਜ਼ਿਲਕ ਵਿਖੇ 65 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਨਿਵੇਲਕੇ ਸਿਹਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਿਹਤ ਮੰਤਰੀ ਚੌਧਰੀ ਸੁੁਰਜੀਤ ਕੁਮਾਰ ਜਿਆਣੀ ਨੇ ਇਸ ਮੌਕੇ ਹੋਣ ਵਾਲੇ ਸਮਾਗਮ ਅਤੇ ਧੰਨਵਾਦ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਫਾਜ਼ਿਲਕਾ ਵਿਖੇ 100 ਬਿਸਤਰਿਆਂ ਦਾ ਨਵਾਂ ਸਿਵਲ ਹਸਪਤਾਲ ਬਣਾਇਆ ਜਾਵੇਗਾ ਜਿਸ ਦੀ ਤਿੰਨ ਮੰਜਿਲਾ ਇਮਾਰਤ ਤੇ ਕੋਈ 20 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਆਧੁਨਿਕ ਸਿਹਤ ਸਹੁਲਤਾਂ ਨਾਲ ਲੈਸ ਹੋਵੇਗਾ ਅਤੇ ਜ਼ਿਲ੍ਹੇ ਦੇ ਲੋਕਾਂ ਲਈ ਵੱਡਾ ਵਰਦਾਨ ਸਾਬਤ ਹੋਵੇਗਾ। ਇਸੇ ਹੀ ਤਰਾਂ 45 ਕਰੋੜ ਰੁਪਏ ਦੀ ਲਾਗਤ ਨਾਲ ਐਡਵਾਂਸਡ ਕੈਂਸਰ ਹਸਪਤਾਲ ਬਣੇਗਾ ਜਿਸ ਵਿਚ ਕੈਂਸਰ ਦੇ ਇਲਾਜ ਦੀ ਸਹੁਲਤ ਹੋਵੇਗੀ ਅਤੇ ਇਹ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਨਾਲ ਨਾਲ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਲੋਕਾਂ ਲਈ ਵੀ ਵੱਡੀ ਰਾਹਤ ਦੇਵੇਗਾ। ਇਸੇ ਤਰਾਂ ਇੱਥੇ ਇਕ ਟ੍ਰੋਮਾ ਸੈਂਟਰ ਵੀ ਬਣਾਇਆ ਜਾਵੇਗਾ। ਇੰਨ੍ਹਾ ਸਾਰੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਭਾਰਤ ਸਰਕਾਰ ਦੇ ਸਿਹਤ ਮੰਤਰੀ ਸ੍ਰੀ ਜੇ.ਪੀ.ਨੱਢਾ 2 ਅਕਤੂਬਰ ਨੂੰ ਬਾਅਦ ਦੁਪਹਿਰ 1 ਵਜੇ ਫਾਜ਼ਿਲਕਾ ਵਿਖੇ ਰੱਖਣਗੇ
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਵੱਲੋਂ ਇਕ ਧੰਨਵਾਦ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਅਕਾਲੀ ਭਾਜਪਾ ਆਗੂ ਅਤੇ ਹਲਕੇ ਦੇ ਵੱਡੀ ਗਿਣਤੀ ਵਿਚ ਲੋਕ ਸ਼ਿਰਕਤ ਕਰਣਗੇ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਚਰਨਦੇਵ ਸਿੰਘ ਮਾਨ, ਸਿਵਲ ਸਰਜਨ, ਭਾਜਪਾ ਦੇ ਸੂਬਾ ਸਹਿ ਮੀਡੀਆ ਇੰਚਾਰਜ ਸ੍ਰੀ ਸੁਬੋਧ ਵਰਮਾ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Punjab Post Daily Online Newspaper & Print Media