Friday, November 22, 2024

ਬਠਿੰਡਾ ਸਰਸ ਮੇਲੇ ਦਾ ਉਦਘਾਟਨ ਅੱਜ ਕਰਨਗੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਮਲੂਕਾ

ppn1310201603

ਬਠਿੰਡਾ, 13 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮਾਡਲ ਟਾਊਨ ਫੇਜ਼ 3 ਦੇ ਦਾਦੀ-ਪੋਤੀ ਪਾਰਕ ਵਿੱਚ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਖੇਤਰੀ ਸਰਸ ਮੇਲੇ ਦਾ ਉਦਘਾਟਨ ਪੇਂਡੂ ਵਿਕਾਸ ਤੇ ਪੰਚਾਇਤਾਂ ਬਾਰੇ ਮੰਤਰੀ ਸਿਕੰਦਰ ਸਿੰਘ ਮਲੂਕਾ ਕਰਨਗੇ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਖੇਤਰੀ ਸਰਸ ਮੇਲਾ ਬਹੁਤ ਹੀ ਪ੍ਰਭਾਵਸ਼ਾਲੀ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ, ਜਿਸ ਦੌਰਾਨ ਵੱਖ-ਵੱਖ ਸਭਿਆਚਾਰਕ ਸਰਗਰਮੀਆਂ ਦਾ ਨਜ਼ਾਰਾ ਦੇਖਿਆਂ ਹੀ ਬਣੇਗਾ। ਉਨ੍ਹਾਂ ਦੱਸਿਆ ਕਿ ਇਹ ਮੇਲਾ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ, ਰਵਾਇਤਾਂ ਤੇ ਅਮੀਰ ਵਿਰਸੇ ਦੀ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕਰੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਨਾਮੀ ਪੰਜਾਬੀ ਗਾਇਕ ਸ਼ੈਰੀ ਮਾਨ, ਕੰਵਰ ਗਰੇਵਾਲ, ਗੁਰਮੀਤ ਬਾਵਾ, ਸਤਵਿੰਦਰ ਬੁੱਗਾ, ਅਮਰਿੰਦਰ ਬੌਬੀ, ਅਮਰ ਸੁਜਾਨਪੁਰੀ, ਉਪਕਾਰ ਸੰਧੂ, ਨਿਮਰਤ ਖਹਿਰਾ ਆਦਿ ਆਪਣੇ ਫਨ ਦਾ ਮੁਜਾਹਰਾ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਪਟਿਆਲਾ ਤੋਂ ਵਿਸ਼ੇਸ਼ ਸਭਿਆਚਾਰਕ ਗਰੁੱਪ ਵਲੋਂ ਰੋਜ਼ਾਨਾਂ ਦਿਲ ਖਿੱਚਵੀਂ ਪੇਸ਼ਕਾਰੀ ਕੀਤੀ ਜਾਇਆ ਕਰੇਗੀ।
ਡਾ. ਅਗਰਵਾਲ ਨੇ ਦੱਸਿਆ ਕਿ 12 ਦਿਨ ਚੱਲਣ ਵਾਲੇ ਖੇਤਰੀ ਸਰਸ ਮੇਲਾ ਵਿੱਚ ਮੁਲਕ ਭਰ ਤੋਂ ਵੱਖ-ਵੱਖ ਸਵੈ-ਸਹਾਇਤਾ ਗਰੁੱਪ 250 ਸਟਾਲ ਲਾਉਣਗੇ ਅਤੇ ਇਸ ਤੋਂ ਇਲਾਵਾ ਜਾਦੂ ਦੇ ਸ਼ੋਅ, ਮਨੋਰੰਜਨ ਅਤੇ ਬੱਚਿਆਂ ਲਈ ਸਿਰਜਣਾਤਮਕ ਸਰਗਰਮੀਆਂ ਵੀ ਵਿਸ਼ੇਸ਼ ਤੌਰ ‘ਤੇ ਦੇਖਣ ਵਾਲੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਗੁਜਰਾਤ, ਉੱਤਰ ਪ੍ਰਦੇਸ਼, ਅਸਾਮ, ਉੜੀਸਾ, ਜੰਮੂ ਕਸ਼ਮੀਰ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਰਾਜਸਥਾਨ ਦੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਜਦਕਿ ਪੂਰੇ ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਤੋਂ 6000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਸਵੈ-ਸਹਾਇਤਾ ਗਰੁੱਪ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਨੁਮਾਇਸ਼ ਲਾਉਣਗੇ। ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵੱਖ-ਵੱਖ ਸੂਬਿਆਂ ਦੇ ਦਸਤਕਾਰਾਂ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਨਾ ਸਿਰਫ ਦਸਤਕਾਰਾਂ ਨੂੰ ਆਪਣੀ ਵਸਤਾਂ ਵੇਚਣ ਲਈ ਸਿੱਧਾ ਤੇ ਬਿਹਤਰੀਨ ਮੌਕਾ ਮੁਹੱਈਆ ਕਰਵਾਉਂਦਾ ਹੈ ਸਗੋਂ ਰੁਜ਼ਗਾਰ ਦੇ ਮੌਕੇ ਵੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਪੇਂਡੂ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਰਸ ਮੇਲੇ ਵਿੱਚ 25 ਸੂਬਿਆਂ ਦੇ ਦਸਤਕਾਰ ਹਿੱਸਾ ਲੈਣਗੇ। ਵਿਸਥਾਰ ਵਿੱਚ ਦੱਸਦਿਆਂ ਮੈਡਮ ਅਗਰਵਾਲ ਨੇ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਰੋਜ਼ਾਨਾ ਵੱਖ-ਵੱਖ ਰੂਪ ਵਿੱਚ ਕਰਵਾਈਆਂ ਜਾਣਗੀਆਂ ਕਿਉਂ ਜੋ ਉੱਘੇ ਕਲਾਕਾਰ, ਗਾਇਕ ਅਤੇ ਗਜ਼ਲਗੋ ਆਪਣੀ ਪੇਸ਼ਕਾਰੀ ਕਰਨਗੇ। ਉਨ੍ਹਾਂ ਨੇ ਬਠਿੰਡਾ ਤੇ ਨੇੜਲੇ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਨੂੰ ਸਫਲ, ਇਤਿਹਾਸਕ ਅਤੇ ਯਾਦਗਾਰੀ ਬਣਾਉਣ ਦੀ ਅਪੀਲ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply