ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਨੇ ਪੰਜਾਬ ਸਰਕਾਰ ਅਤੇ ਸਥਾਨਕ ਜ਼ਿਲਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿਚ ਫਸਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਖਾਹਿਸ਼ਾਂ ਦੇ ਅਖੌਤੀ ਚਮਤਕਾਰੀ ਉਪਾਅ ਕਰਨ ਦੀ ਆੜ ਹੇਠ ਉਨ੍ਹਾਂ ਦੀ ਸ਼ਰੇਆਮ ਲੁੱਟ ਕਰਨ ਵਾਲੇ ਪਾਖੰਡੀ ਬਾਬਿਆਂ, ਜੋਤਸ਼ੀਆਂ ਅਤੇ ਤਾਂਤਰਿਕਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਸੁਖਮੀਤ ਸਿੰਘ, ਬਲਦੇਵ ਰਾਜ ਵੇਰਕਾ, ਜਸਪਾਲ ਬਾਸਰਕਾ ਅਤੇ ਨਾਗਰ ਮੱਲ ‘ਤੇ ਆਧਾਰਿਤ ਤਰਕਸ਼ੀਲ ਆਗੂਆਂ ਦਾ ਇਕ ਵਫਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲੀਸ ਕਮਿਸ਼ਨਰ ਨੂੰ ਵੱਖੋ ਵੱਖਰੇ ਤੌਰ ‘ਤੇ ਮਿਲਿਆ। ਇਸ ਮੌਕੇ ਸੁਸਾਇਟੀ ਵਲੋਂ ਦਿਤੇ ਮੰਗ ਪੱਤਰ ਵਿਚ ਇਹ ਮੰਗ ਕੀਤੀ ਗਈ ਕਿ ਪਾਖੰਡੀ ਬਾਬੇ, ਤਾਂਤਰਿਕ, ਜੋਤਸ਼ੀ ਅਤੇ ਚੌਂਕੀਆਂ ਲਾ ਕੇ ਪੁੱਛਾਂ ਦੇਣ ਵਾਲੇ ਅਖੌਤੀ ਸਿਆਣੇ ਲੋਕਾਂ ਨੂੰ ਅਖੌਤੀ ਭੂਤਾਂ, ਪ੍ਰੇਤਾਂ, ਜਾਦੂ ਟੂਣਿਆਂ, ਧਾਗੇ ਤਵੀਤਾਂ, ਕਥਿਤ ਕਾਲੇ ਇਲਮ ਅਤੇ ਗ੍ਰਹਿ ਚੱਕਰਾਂ ਦੇ ਅੰਧ ਵਿਸ਼ਵਾਸ਼ਾਂ ਵਿਚ ਫਸਾ ਕੇ ਆਪਣੀਆਂ ਗੈਰ ਕਾਨੂੰਨੀ ਦੁਕਾਨਾਂ ਵਿਚ ਲੋਕਾਂ ਦੀ ਸ਼ਰੇਆਮ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਖਸੁਟ ਕਰ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਵਲੋਂ ਅਜਿਹੇ ਪਾਖੰਡੀਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਦਸਿਆ ਕਿ ਅਜਿਹੇ ਪਾਖੰਡੀਆਂ ਵਲੋਂ ਕਥਿਤ ਕਾਲੇ ਇਲਮ, ਧਾਗੇ ਤਵੀਤਾਂ ਅਤੇ ਜਾਦੂ ਟੂਣਿਆਂ ਰਾਹੀਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਜਿਥੇ ਮੈਡੀਕਲ ਰਜਿਸਟਰੇਸ਼ਨ ਐਕਟ ਤਹਿਤ ਸਰਾਸਰ ਗੈਰ ਕਾਨੂੰਨੀ ਹਨ, ਉਥੇ ਹੀ ਪ੍ਰਿੰਟ ਅਤੇ ਬਿਜਲਈ ਮੀਡੀਏ ਵਲੋਂ ਇਨ੍ਹਾਂ ਦੀ ਕੀਤੀ ਜਾ ਰਹੀ ਝੂਠੀ ਅਤੇ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਡਰਗਜ਼ ਅਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਅਤੇ ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1994 ਦੀ ਸਿੱਧੀ ਉਲੰਘਣਾ ਹੈ ਅਤੇ ਇਨ੍ਹਾਂ ਉਤੇ ਕਾਨੂੰਨੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਜ਼ਿਲਾ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਵਲੋਂ ਵਫਦ ਨੂੰ ਉਪਰੋਕਤ ਮੰਗਾਂ ਉਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …