
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਕ ਵਿੱਦਿਅਕ ਟੂਰ ਲਗਾਇਆ । ਇਸ ਟੂਰ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਕੀਤੀ । ਪਹਿਲੇ ਦਿਨ ਦੀ ਸ਼ਾਮ ਵਿਦਿਆਰਥੀਆਂ ਨੇ ਬਾਹਘਾ ਬਾਰਡਰ ਦੀ ਇਤਿਹਾਸਿਕ ਪਰੇਡ ਦਾ ਆਨੰਦ ਮਾਣਿਆ । ਜਿੱਥੇ ਦੇਸ਼-ਪ੍ਰੇਮ ਅਤੇ ਦੇਸ਼ ਪ੍ਰਤੀ ਜਜਬਾ ਦੇਖਣ ਨੂੰ ਮਿਲਿਆ। ਅਗਲੇ ਦਿਨ ਅੰਮ੍ਰਿਤ ਵੇਲੇ ਵਿਦਿਆਰਥੀਆਂ ਨੇ ਸ੍ਰੀ ਕੋਠਾ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਵਿਚ ਅਸਵਾਰੇ ਅਤੇ ਪ੍ਰਕਾਸ਼ ਉਪਰੰਤ ਕੀਰਤਨ ਦਾ ਰਸ ਮਾਣਿਆ । ਇਸ ਤੋਂ ਬਾਅਦ ਵਿਦਿਆਰਥੀ ਜਿਲ੍ਹਿਆਂ ਵਾਲੇ ਬਾਗ ਵਿਚ ਪਹੁੰਚੇ ਜਿੱਥੇ 1919 ਦੀ ਵਿਸਾਖੀ ਵੇਲੇ ਦੇ ਕੰਧਾਂ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਕੁਰਬਾਨੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ ।

ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਵਿੱਦਿਅਕ ਟੂਰ ਸਬੰਧੀ ਬੋਲਦਿਆਂ ਕਿਹਾ ਕਿ ਇਹ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਇਤਿਹਾਸਕ ਅਤੇ ਧਾਰਮਿਕ ਗਿਆਨ ਦਾ ਖਜ਼ਾਨਾ ਹੋ ਨਿੱਬੜਿਆ ਹੈ, ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਅਤੀ ਜ਼ਰੂਰੀ ਹਨ । ਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਅਤੇ ਮੈਡਮ ਸੀਮਾ ਰਾਣੀ ਦੁਆਰਾ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਦੀ ਸੁਯੋਗ ਅਗਵਾਈ ਦੀ ਸ਼ਲਾਘਾ ਕੀਤੀ ।
Punjab Post Daily Online Newspaper & Print Media