Friday, July 5, 2024

ਨੋਟਬੰਦੀ ਕਰਕੇ ਬੈਂਕਾਂ ਦੇ ਬਾਹਰ ਖੜੇ ਸ਼ਹਿਰੀਆਂ ਦੀ ਮਦਦ ਲਈ ਦਿੱਲੀ ਕਮੇਟੀ ਵਲੋਂ ਸਿੱਖਾਂ ਨੂੰ ਅਪੀਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ  2 ਸਿੱਖ ਵਿਧਾਇਕਾਂ ਜਗਦੀਪ ਸਿੰਘ ਤੇ ਜਰਨੈਲ ਸਿੰਘ ਸਿਰਪਾਉ ਦੇ ਕੇ ਕੀਤਾ ਸਨਮਾਨਿਤ

ppn1411201604

ਨਵੀਂ ਦਿੱਲੀ, 14 ਨਵੰਬਰ (ਪੰਜਾਬ ਪੋਸਟ ਬਿਊਰੋ)- ਜਗਤ ਗੁਰੂ  ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਦੌਰਾਨ ਦਿੱਲੀ ਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਵਿਚ ਗੁਰਬਾਣੀ ਦੇ ਚਲੇ ਪ੍ਰਵਾਹ ਦਾ ਅਨੰਦ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਠਾਇਆ।ਮੁੱਖ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਚ ਹੋਇਆ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਅਤੇ ਕਵੀਆਂ ਨੇ ਗੁਰਮਤਿ ਦੀ ਰੌਸ਼ਨੀ ਵਿਚ ਸੰਗਤਾਂ ਨੂੰ ਜੀਵਨ ਜੀਣ ਦੀ ਪ੍ਰੇਰਣਾ ਕੀਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਧਰਮਾਂ ਦੇ ਭੇਦ ਨੂੰ ਮਿਟਾ ਕੇ ਮਨੁੱਖਤਾ ਨੂੰ ਏਕਤਾ ਵਿਚ ਪਿਰੋਣ ਦਾ ਕਾਰਜ ਕੀਤਾ ਸੀ।ਜਿਸ ਦੇ ਸਿੱਟੇ ਵੱਜੋਂ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਮੌਕੇ ਹਿੰਦੂ-ਮੁਸਲਿਮ ਦੋਨੋਂ ਧਿਰਾ ਵੱਲੋਂ ਆਪਣਾ ਰਹਿਬਰ ਦਸਣ ਦੇ ਕੀਤੇ ਗਏ ਦਾਅਵਿਆਂ ਦਾ ਵੀ ਹਵਾਲਾ ਦਿੱਤਾ।ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਕਿਰਤ ਕਰਨ ਦਾ ਸੱਦਾ ਦਿੱਤਾ ਸੀ ਜਿਸ ਕਰਕੇ ਕੋਈ ਵੀ ਸਿੱਖ ਆਪ ਨੂੰ ਭੀਖ ਮੰਗਦਾ ਨਜ਼ਰ ਨਹੀਂ ਆਵੇਗਾ।

ppn1411201605ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਵੱਖ ਵੱਖ ਬਾਣੀਆਂ ਦੀ ਕਰਾਈ ਗਈ ਕਥਾ ਦੀ ਗੱਲ ਕਰਦੇ ਹੋਏ ਜੀ.ਕੇ ਨੇ ਕਮੇਟੀ ਵੱਲੋਂ ਕਿੱਤਾ ਮੁਖੀ ਕੋਰਸਾ ਰਾਹੀਂ ਬੇਰੁਜਗਾਰਾਂ ਨੂੰ ਆਪਣੇ ਪੈਰਾ ‘ਤੇ ਖੜੇ ਕਰਨ ਵਾਸਤੇ 2 ਨਵੀਂ ਆਈ.ਟੀ.ਆਈ. ਬਦਰਪੁਰ ਅਤੇ ਮੰਗੋਲਪੁਰੀ ਵਿਖੇ ਕਮੇਟੀ ਵੱਲੋਂ ਖੋਲੀ ਜਾਣ ਦੀ ਜਾਣਕਾਰੀ ਦਿੱਤੀ। ਜੀ.ਕੇ ਨੇ ਗੁਰਪੁਰਬ ਮੌਕੇ ਆਤਿਸ਼ਬਾਜ਼ੀ ਨਾ ਕਰਨ ਦੀ ਕਮੇਟੀ ਦੀ ਅਪੀਲ ‘ਤੇ ਸੰਗਤਾਂ ਵੱਲੋਂ ਵਿਖਾਏ ਗਏ ਹਾਂ-ਪੱਖੀ ਹੁੰਗਾਰੇ ਲਈ ਧੰਨਵਾਦ ਕੀਤਾ।ਨੋਟਬੰਦੀ ਕਰਕੇ ਬੈਂਕਾਂ ਦੇ ਬਾਹਰ ਮਜਬੂਰੀ ਵੱਜੋਂ ਖੜੇ ਸ਼ਹਿਰੀਆਂ ਦੀ ਮਦਦ ਜਲਪਾਨ ਰਾਹੀਂ ਕਰਨ ਦੀ ਸਿੱਖਾਂ ਨੂੰ ਅਪੀਲ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਸਾਡੀ ਮਦਦ ਇਸ ਗੱਲ ਦਾ ਪ੍ਰਤੀਕ ਹੋਵੇਗੀ ਕਿ ਜਿਸ ਸ਼ਹਿਰ ਵਿਚ ਸਾਨੂੰ 1984 ਵਿਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸ਼ਹਿਰ ਦੀਆਂ ਗੱਲੀਆਂ ਵਿਚ ਸਿੱਖ ਅੱਜ ਵੀ ਸਮਾਜ ਦੇ ਭਲੇ ਲਈ ਕਾਬਲੀਅਤ ਅਤੇ ਤਾਕਤ ਦੇ ਬਲ ‘ਤੇ ਅਡੋਲ ਖੜੇ ਹਨ।
ਜੀ.ਕੇ ਨੇ ਕਮੇਟੀ ਵੱਲੋਂ ਲਾਲ ਕਿਲੇ ਤੇ ਕੁਤੁਬ ਮੀਨਾਰ ਤੋਂ ਬਾਅਦ ਹੁਣ ਇੰਡੀਆ ਗੇਟ ਵਿੱਖੇ 25 ਅਤੇ 26 ਨਵੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਗੱਲ ਕਰਦੇ ਹੋਏ ਵਿਰੋਧੀ ਧਿਰ ਵੱਲੋਂ ਅਜਿਹੇ ਪ੍ਰੋਗਰਾਮਾਂ ਨੂੰ ਫਜੂਲ ਖਰਚਾ ਦੱਸਣ ਦੀ ਕੀਤੀ ਗਈ ਬਿਆਨਬਾਜ਼ੀ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ। ਜੀ.ਕੇ. ਨੇ ਸਾਫ਼ ਕਿਹਾ ਕਿ ਕੌਮ ਦਾ ਮਾਨ ਵਧਾਉਣ ਵਾਲੇ ਕਾਰਜ ਜੇਕਰ ਫਜੂਲਖਰਚੀ ਜਾਂ ਭ੍ਰਿਸ਼ਟਾਚਾਰ ਹੈ ਤਾਂ ਅਸੀਂ 200 ਫੀਸਦੀ ਹੋਰ ਵੱਧ ਅਜਿਹੇ ਖਰਚੇ ਕਰਨ ਨੂੰ ਤਿਆਰ ਬਰ ਤਿਆਰ ਹਾਂ।
ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਹੋਏ ਸਮਾਗਮ ਦੌਰਾਨ ਸਿੱਖ ਕੌਮ ਦੀ ਕੀਤੀ ਗਈ ਤਾਰੀਫ਼ ‘ਤੇ ਕਿੰਤੂ ਕਰਨ ਵਾਲਿਆਂ ਨੂੰ ਵੀ ਕਰੜੇ ਹੱਥੀ ਲਿਆ। ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹਾ ਕੁਝ ਨਹੀਂ ਕਿਹਾ ਜੋ ਗੁਰਮਤਿ ਦੇ ਖਿਲਾਫ਼ ਹੋਵੇ। ਕਮੇਟੀ ਨੇ ਹਮੇਸ਼ਾ ਧਾਰਮਿਕ ਸਟੇਜ਼ਾ ਨੂੰ ਸਿਆਸਤ ਦੇ ਘੇਰੇ ਤੋਂ ਦੂਰ ਰੱਖਣ ਦੀ ਜੋ ਕੋਸ਼ਿਸ਼ ਕੀਤੀ ਹੈ ਅਸੀਂ ਉਸਤੇ ਪਹਿਰਾ ਦੇਣ ਲਈ ਵਚਨਬੱਧ ਹਾਂ। ਸਿਰਸਾ ਨੇ ਸਿੱਖ ਗੁਰੂਆਂ ਦੀ ਦਿੱਤੀ ਗਈ ਕੁਰਬਾਨੀਆਂ ਦਾ ਮੁੱਲ ਸਮਝਣ ਦੀ ਸੰਗਤਾਂ ਨੂੰ ਬੇਨਤੀ ਕੀਤੀ।
ਇਸ ਮੌਕੇ ਕਾਰਸੇਵਾ ਵਾਲੇ ਬਾਬਾ ਬੱਚਨ ਸਿੰਘ ਜੀ, ਸਰਬਤ ਦਾ ਭਲਾ ਟ੍ਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਓਬਰਾਇ ,ਕਮੇਟੀ ਦੇ ਸਕੂਲੀ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਰਹੇ ਹੈਲਗਾ ਟੋਡ ਫਾਉਂਡੇਸ਼ਨ ਦੀ ਜੁਆਇਸਲੀਨ ਤੇ ਕੈਥਰੀਨ, ਪਦਮ ਸ੍ਰੀ ਡਾ. ਡੀ. ਐਸ ਗੰਭੀਰ, ਡਾ. ਜੇ.ਐਸ ਡੱਲੀ ਅਤੇ ਡਾ. ਐਮ.ਪੀ ਸਿੰਘ ਦਾ ਵੀ ਸਮਾਜ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨ ਕੀਤਾ ਗਿਆ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਮਾਗਮ ਵਿੱਚ 2 ਸਿੱਖ ਵਿਧਾਇਕਾਂ ਜਗਦੀਪ ਸਿੰਘ ਅਤੇ ਜਰਨੈਲ ਸਿੰਘ ਦੇ ਸਮੇਤ ਆਉਣ ‘ਤੇ ਕਮੇਟੀ ਦੇ ਮੁੱਖ ਸਲਾਹਕਾਰ ਤੇ ਸਟੇਜ ਸਕੱਤਰ ਕੁਲਮੋਹਨ ਸਿੰਘ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply