Wednesday, July 3, 2024

ਪਹਿਲੀ ਵਾਰੀ ਬੀਬੀਆਂ ਦੇ ਵਿਸ਼ੇਸ਼ ਸਮਾਗਮ ਦਾ ਦਿੱਲੀ ਕਮੇਟੀ ਨੇ ਕੀਤਾ ਆਯੋਜਨ

ppn1411201602

ਨਵੀਂ ਦਿੱਲੀ, 14 ਨਵੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੇ ਪਹਿਰਾ ਦੇਣ ਲਈ ਸਿੱਖ ਬੀਬੀਆਂ ਦੇ ਹਵਾਲੇ ਗੁਰਮਤਿ ਸਮਾਗਮ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਿੱਲੀ ਫੇਰੀ ਦੇ ਪ੍ਰਤੀਕ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਇਸਤ੍ਰੀ ਸਤਿਸੰਗ ਜਥਿਆਂ ਦੀਆਂ ਬੀਬੀਆਂ ਵੱਲੋਂ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਫਿਰ ਗੁਰਮਤਿ ਸਮਾਗਮ ਦੌਰਾਨ ਸਾਰੇ ਕਾਰਜਾਂ ਦੀ ਸੇਵਾ ਨਿਭਾਈ ਗਈ।ਬੀਬੀਆਂ ਨੇ ਜਿਥੇ ਗੁਰਬਾਣੀ ਕੀਰਤਨ ਗਾਇਨ ਕੀਤਾ ਉਥੇ ਹੀ ਪਾਠੀ ਸਿੰਘਣੀਆਂ ਵੱਜੋਂ ਵੀ ਭੂਮਿਕਾ ਨਿਭਾਈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬੀਬੀਆਂ ਨੂੰ ਬਰਾਬਰਤਾ ਦਾ ਦਰਜ਼ਾ ਸਿੱਖ ਧਰਮ ਵਿਚ ਮਿਲਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖ ਬੀਬੀਆਂ ਕਿਸੇ ਪੱਖੋਂ ਵੀ ਸਿੱਖ ਮਰਦਾਂ ਤੋਂ ਘਟ ਨਹੀਂ ਹਨ, ਸਗੋਂ ਬੀਬੀਆਂ ਕਈ ਓਹ ਕਾਰਜ ਕਰਦੀਆਂ ਹਨ ਜੋ ਮਰਦ ਨਹੀਂ ਕਰ ਸਕਦੇ। ਇਸ ਲਈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਮੇਟੀ ਵੱਲੋਂ ਬੀਬੀਆਂ ਨੂੰ ਖੁਦਮੁਖਤਿਆਰੀ ਦੇਣ ਦੇ ਮਕਸਦ ਨਾਲ ਉਕਤ ਕਦਮ ਚੁਕਿਆ ਗਿਆ ਹੈ। ਇਸ ਤੋਂ ਪਹਿਲਾ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੇ ਨਾਂ ਤੇ ਕਰਵਾਏ ਗਏ ਇਸਤ੍ਰੀ ਸੰਮੇਲਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਇਸਤਰੀ ਸਤਿਸੰਗ ਜਥਿਆਂ ਨੂੰ ਸਮਾਜਿਕ ਅਤੇ ਧਾਰਮਿਕ ਪੱਖੋਂ ਮਜਬੂਤ ਕਰਨ ਲਈ ਕਮੇਟੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ।

ppn1411201603
ਜੀ.ਕੇ ਨੇ ਕਿਹਾ ਕਿ ਕੋਈ ਵੀ ਕਮੇਟੀ ਘਰ-ਘਰ ਅੰਦਰ ਪ੍ਰਚਾਰਕ ਨਹੀਂ ਭੇਜ ਸਕਦੀ ਪਰ ਇਹ ਭੂਮਿਕਾ ਇਸਤ੍ਰੀ ਸਤਿਸੰਗ ਜਥੇ ਹੀ ਬਖੂਬੀ ਨਿਭਾ ਸਕਦੇ ਹਨ। ਜੀ.ਕੇ ਨੇ ਕਿਹਾ ਕਿ ਇੱਕ ਪਾਸੇ ਤੁਲਸੀ ਦਾਸ ”ਢੋਲ, ਗਵਾਰ, ਪਸ਼ੂ, ਸ਼ੁਦਰ, ਨਾਰੀ-ਯੇ ਸਭ ਤਾੜਨ ਕੇ ਅਧਿਕਾਰੀ” ਕਹਿੰਦੇ ਸਨ ਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਨੇ ਇਸਤ੍ਰੀਆਂ ਨੂੰ ਰਾਜਿਆਂ ਦੀ ਜਨਮਦਾਤਾ ਦੱਸ ਕੇ ਵੱਡਾ ਦਰਜ਼ਾ ਦਿੱਤਾ ਹੈ। ਇੱਕ ਪਾਸੇ ਪੂਰੀ ਸ਼੍ਰਿਸ਼ਟੀ ਨੂੰ ਜਨਮ ਦੇਣ ਵਾਲਾ ਅਕਾਲ ਪੁਰਖ ਹੈ ਤੇ ਦੂਜੇ ਪਾਸੇ ਇਨਸਾਨ ਨੂੰ ਜਨਮ ਦੇਣ ਵਾਲੀ ਇਸਤ੍ਰੀ ਹੈ, ਜਿਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਗੁਰਬਾਣੀ ਵਿਚ ਇਨਸਾਨ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਅਕਾਲ ਪੁਰਖ ਨੂੰ ਕੰਤ ਮੰਨਦੇ ਹੋਏ ਉਸਦੀ ਪੂਜਾ ਸੁਹਾਗਣ ਵੱਜੋਂ ਕਰਕੇ ਪ੍ਰਾਪਤੀ ਕਰਨ ਦੇ ਦਿੱਤੇ ਗਏ ਸਿਧਾਂਤ ਦੇ ਪਿੱਛੇ ਦੀ ਭਾਵਨਾਂ ਨੂੰ ਇਸਤਰੀ ਪ੍ਰਧਾਨ ਸੋਚ ਵੱਜੋਂ ਜੀ.ਕੇ ਨੇ ਪ੍ਰੀਭਾਸ਼ਿਤ ਕੀਤਾ।ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਦੀ ਮੁੱਖੀ ਬੀਬੀ ਨਰਿੰਦਰ ਕੌਰ, ਅਕਾਲੀ ਆਗੂ ਬੀਬੀ ਤਰਵਿੰਦਰ ਕੌਰ ਖਾਲਸਾ ਅਤੇ ਹੋਰਨਾ ਬੀਬੀਆਂ ਨੇ ਪ੍ਰਧਾਨ ਜੀ.ਕੇ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਦੇ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ ਦਾ ਇਸ ਨਿਵੇਕਲੇ ਉਪਰਾਲੇ ਲਈ ਸਿਰਪਾਓ ਅਤੇ ਪ੍ਰਤੀਕ ਚਿੰਨ੍ਹ ਦੇ ਕੇ ਸਨਮਾਨ ਕੀਤਾ।ਰਾਣਾ ਨੇ ਇਸ ਮੌਕੇ ਅਜਿਹੇ ਪ੍ਰੋਗਰਾਮ ਅੱਗੇ ਵੀ ਬੀਬੀਆਂ ਵੱਲੋਂ ਕਰਾਉਣ ਦਾ ਐਲਾਨ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply