
ਨਵੀਂ ਦਿੱਲੀ, 2 ਜੂਨ (ਅੰਮ੍ਰਿਤ ਲਾਲ ਮੰਨਣ)- ਜੂਨ-1984 ਵਿੱਚ ਵਾਪਰੇ ਨੀਲਾ ਤਾਰਾ ਸਾਕੇ ਅਤੇ ਇਸ ਦੌਰਾਨ ਹੋਏ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਅਰਾ ਬੰਗਲਾ ਸਾਹਿਬ ਵਿਖੇ 4 ਜੂਨ ਬੁਧਵਾਰ ਸਵੇਰੇ 9 ਵਜੇ ਤੋਂ ਦੁਪਹਿਰ 1ਵਜੇ ਤਕ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਦਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਸ਼ੁਕਰਵਾਰ 6 ਜੂਨ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿੱਲਾ ਬਲਜੀਤ ਨਗਰ ਵਿਖੇ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਇਗਾ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਨੀਲਾ ਤਾਰਾ ਸਾਕੇ ਅਤੇ ਉਸ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ ਸੋਮਵਾਰ 2, ਜੂਨ ਨੂੰ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ, ਜਿਸਦੀ ਸਮਾਪਤੀ ਬੁਧਵਾਰ 4 ਜੂਨ ਨੂੰ ਸਵੇਰੇ 9 ਵਜੇ ਹੋਵੇਗੀ ਅਤੇ ਇਸਤੋਂ ਉਪਰੰਤ ਅਰਦਾਸ ਸਮਾਗਮ ਹੋਵੇਗਾ, ਜਿਸ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ ਅਤੇ ਭਾਈ ਕੁਲਵੰਤ ਸਿੰਘ ਪ੍ਰਭਾਤ ਦੇ ਕੀਰਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਢਾਡੀ ਜੱਥਾ ਭਾਈ ਗੁਰਚਰਨ ਸਿੰਘ ਚੰਨ ਨੀਲਾਤਾਰਾ ਸਾਕੇ ਨੂੰ ਢਾਡੀ ਪ੍ਰਸੰਗ ਰਾਹੀਂ ਪੇਸ਼ ਕਰੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਤੇ ਪੰਥ ਦੇ ਮੁੱਖੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਦੇ ਫੁਲ ਭੇਂਟ ਕਰ, ਇਸ ਸਾਕੇ ਕਾਰਣ ਲੂਹੀਆਂ ਗਈਆਂ ਸਿੱਖ ਭਾਵਨਾਵਾਂ ਸੰਗਤਾਂ ਨਾਲ ਸਾਂਝੀਆਂ ਕਰਨਗੇ। ਸ. ਰਾਣਾ ਨੇ ਹੋਰ ਦਸਿਆ ਕਿ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਸ਼ੁਕਰਵਾਰ, ੬ ਜੂਨ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿਲਾ (ਬਲਜੀਤ ਨਗਰ) ਵਿਖੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਨੀਲਾ ਤਾਰਾ ਸਾਕੇ ਅਤੇ ਇਸ ਦੌਰਾਨ ਹੋਏ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਇਗਾ। ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿਲਾ (ਬਲਜੀਤ ਨਗਰ) ਦੇ ਬਚਿਆਂ ਦਾ ਕੀਰਤਨੀ ਜੱਥਾ, ਭਾਈ ਅਰੁਣਪਾਲ ਸਿੰਘ (ਹਜ਼ੂਰੀ ਰਾਗੀ ਗੁ. ਸੀਸਗੰਜ ਸਾਹਿਬ), ਭਾਈ ਹਰਮਿੰਦਰ ਸਿੰਘ ਰੋਮੀ (ਸ੍ਰੀ ਅੰਮ੍ਰਿਤਸਰ) ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਕੀਰਤਨੀ ਜੱਥੇ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
Punjab Post Daily Online Newspaper & Print Media