ਭਾਈ ਰਾਏ ਕੱਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ
ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27 ਬੀ.) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ਦਾ ਸਰਲੀਕਰਨ ਕੀਤਾ ਗਿਆ। ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ‘ਚ ਅਹਿਮ ਫੈਸਲਾ ਕੀਤਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਸ਼ਿਵਾਲਿਕ ਦੀ ਪਹਾੜੀਆਂ ਦੀ ਗੋਦ ਵਿੱਚ ਤੇ ਦਰਿਆ ਸਤਲੁਜ ਦੇ ਕਿਨਾਰੇ ਜ਼ਮੀਨ ਖਰੀਦ ਕੇ 19 ਜੂਨ 1665 ਨੂੰ ਚੱਕ ਮਾਤਾ ਨਾਨਕੀ ਨਗਰ ਵਸਾਇਆ ਸੀ, ਜੋ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ ਵੱਸਿਆਂ 350 ਸਾਲ ਪੂਰੇ ਹੋਣ ਤੇ 19 ਜੂਨ 2015 ਨੂੰ ਵੱਡੇ ਸਮਾਗਮ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿੱਚ ਕਿਲ੍ਹਾ ਲੋਹਗੜ੍ਹ ਮੁਖਲਿਸਗੜ੍ਹ ਨਜ਼ਦੀਕ ਭਗਵਾਨਪੁਰਾ ਨਥੌੜੀ, ਤਹਿਸੀਲ ਜਗਾਧਰੀ (ਯਮਨਾਨਗਰ) ਹਰਿਆਣਾ ਵਿਖੇ ਉਸਾਰੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਅੱਜ ਦੀ ਬੈਠਕ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਦਸਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਰਾਏ ਕੱਲਾ ਜੀ ਦੀ ਗੰਗਾ ਸਾਗਰ ਸਮੇਤ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਜਾਣੂੰ ਹੋ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਦਿਆ ਦੇ ਖੇਤਰ ਵਿੱਚ ਅੱਗੇ ਵਧਦਿਆਂ ਜਿਲ੍ਹਾ ਫਿਰੋਜਪੁਰ ਦੇ ਕਸਬਾ ਜੀਰਾ ਵਿਖੇ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਚੋਹਲਾ ਸਾਹਿਬ (ਤਰਨਤਾਰਨ) ਵਿਖੇ ਬੀ.ਐਡ. ਕਾਲਜ ਖੋਲ੍ਹੇ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਕੱਤਰਤਾ ‘ਚ ਹੋਏ ਫੈਸਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਾਠਮੰਡੂ ਨੇਪਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗਈ ਸਬ-ਕਮੇਟੀ ਦੀ ਰਿਪੋਰਟ ਪ੍ਰਵਾਨ ਕਰਦਿਆਂ ਯਤੀਮ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਣ ਲਈ ਵਿਦਿਆਲਾ ਖੋਲ੍ਹਿਆ ਜਾਵੇਗਾ ਤੇ ਇਨ੍ਹਾਂ ਬੱਚਿਆਂ ਲਈ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ। ਇਸੇ ਤਰ੍ਹਾਂ ਕਾਠਮੰਡੂ ਵਿਖੇ ਸਿੱਖ ਪ੍ਰਚਾਰ ਕੇਂਦਰ ਖੋਲ੍ਹਿਆ ਜਾ ਰਿਹਾ ਹੈ, ਜਿਸ ਲਈ ਪ੍ਰਚਾਰਕ ਤੇ ਰਾਗੀ ਨਿਯੁਕਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਹੁਣ ਖੁਦ ਨੇਪਾਲ ਦੀ ਯਾਤਰਾ ਕਰਨਗੇ ਤੇ ਉਥੇ ਲੋੜ ਅਨੁਸਾਰ ਗੁਰਦੁਆਰਾ ਸਾਹਿਬਾਨ ਨੂੰ ਸਹਾਇਤਾ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਖਾਲਸਾ ਇੰਗਲਿੰਸ਼ ਮੀਡੀਅਮ ਮਿਡਲ ਸਕੂਲ ਚਿੱਠੀਸਿੰਘਪੁਰਾ ਅਨੰਤਨਾਗ (ਕਸ਼ਮੀਰ) ਨੂੰ ਸ਼੍ਰੋਮਣੀ ਕਮੇਟੀ ਵੱਲੋਂ 10 ਕਮਰੇ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਲ੍ਹਾ ਮਾਨਸਾ ਦੇ ਪਿੰਡ ਆਲਮਪੁਰ ਵਿਖੇ ਸਿੱਖ ਸੰਗਤਾਂ ਤੇ ਡੇਰਾ ਪ੍ਰੇਮੀਆਂ ਦੇ ਟਕਰਾਅ ਦੌਰਾਨ ਸ.ਕਮਲਜੀਤ ਸਿੰਘ, ਸ.ਬਲਵਿੰਦਰ ਸਿੰਘ ਤੇ ਸ. ਮਿੱਠੂ ਸਿੰਘ ‘ਤੇ ਪੁਲਿਸ ਕੇਸ ਬਣ ਜਾਣ ਕਰਕੇ ਸਹਾਇਤਾ ਦੀ ਕੀਤੀ ਮੰਗ ਅਨੁਸਾਰ 5-5 ਹਜਾਰ ਰੁਪਏ ਪ੍ਰਤੀ ਮਹੀਨਾ ਤਿੰਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਚਾਚਾ ਫੱਗੂਮੱਲ ਸਾਹਿਬ ਸਾਸਾਰਾਮ (ਬਿਹਾਰ) ਨੂੰ ਸਹਾਇਤਾ ਵਜੋਂ 1 ਲੱਖ ਰੁਪਏ ਦੇਣੇ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਉਣ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਰ ਕੱਢਣ ਲਈ ਹਮੇਸ਼ਾਂ ਉਪਰਾਲਾ ਕਰਦੀ ਹੈ ਤੇ ਅੱਜ ਦੀ ਇਕੱਤਰਤਾ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਨੂੰ ਨਸ਼ਿਆਂ ਤੋਂ ਨਿਜ਼ਾਤ ਦਿਵਾਉਣ ਲਈ ਬੀੜ ਬਾਬਾ ਬੁੱਢਾ ਸਾਹਿਬ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ) ਵਿਖੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਵਿਖੇ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਮਤਿ ਕਾਲਜ ਪਟਿਆਲਾ ਦੀ ਲਾਇਬ੍ਰੇਰੀ ਲਈ 1 ਲੱਖ ਰੁਪਏ ਦੀਆਂ ਕਿਤਾਬਾਂ ਖਰੀਦ ਕੇ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਨੂੰ ਸਮੇਂ ਦੇ ਹਾਣੀ ਬਣਾਉਂਦਿਆਂ ਇੰਟਰਨੈੱਟ ਨਾਲ ਜੋੜੇ ਜਾਣਾ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਨੂੰ ਪ੍ਰਫੁੱਲਿਤ ਕਰਨ ਲਈ ਅੱਖਰ ਗਿਆਨ ਪੁਸਤਕਾਂ ਵੱਡੀ ਮਾਤਰਾ ‘ਚ ਛਪਾ ਕੇ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਵੰਡੀਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਹਾਕੀ ਅਕਾਦਮੀਆਂ ਦੇ ਖਿਡਾਰੀਆਂ ਲਈ ਲੋੜੀਂਦਾ ਸਮਾਨ ਖਰੀਦ ਕੇ ਦਿੱਤਾ ਜਾਵੇਗਾ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਮਾੜੇ ਅਨਸਰਾਂ ਤੇ ਨਿਗ੍ਹਾ ਰੱਖਣ ਲਈ 10 ਹੋਰ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਆਉਂਦੀ ਸੰਗਤ ਜੋ ਸਰਾਵਾਂ ਵਿੱਚ ਠਹਿਰਦੀ ਹੈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮਾਤਾ ਗੰਗਾ ਜੀ ਨਿਵਾਸ ਵਿਖੇ ੪੨ ਏ.ਸੀ. ਹੋਰ ਲਗਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਕੱਤਰਤਾ ਸਮੇਂ ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਸੂਬਾ ਸਿੰਘ ਡੱਬਵਾਲਾ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ, ਸ.ਮੋਹਣ ਸਿੰਘ ਬੰਗੀ, ਸ.ਭਜਨ ਸਿੰਘ ਸ਼ੇਰਗਿੱਲ ਤੇ ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰ ਸਾਹਿਬਾਨ ਤੋ ਇਲਾਵਾ ਸਕੱਤਰ ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਸਤਬੀਰ ਸਿੰਘ, ਸ.ਮਨਜੀਤ ਸਿੰਘ ਤੇ ਸ.ਅਵਤਾਰ ਸਿੰਘ, ਵਧੀਕ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ, ਸ.ਪਰਮਜੀਤ ਸਿੰਘ ਸਰੋਆ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ.ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਸ.ਮਨਪ੍ਰੀਤ ਸਿੰਘ ਐਕਸੀਅਨ ਆਦਿ ਹਾਜ਼ਰ ਸਨ।