Monday, December 23, 2024

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

350ਵੇਂ ਜਨਮ ਦਿਹਾੜੇ `ਤੇ ਵਿਸ਼ੇਸ਼

Guru Gobind SIngh Ji

ਕਲਯੁੱਗ ਦੇ ਮਹਾਨ ਰਹਿਬਰੀ ਪੁਰਸ਼ ਕਲਮ ਅਤੇ ਤਲਵਾਰ ਦੇ ਧਨੀ ਸਹਿਬੇ ਕਮਾਲ, ਸਰਬੰਸਦਾਨੀ, ਬਾਦਸ਼ਾਹ ਦਰਵੇਸ਼ ਸਨ ਗੁਰੂ ਗੋਬਿੰਦ ਸਿੰਘ ਜੀ।ਦੇਸ਼ ਅਤੇ ਕੌਮ ਦੀ ਖਾਤਿਰ ਸਰਬੰਸ ਵਾਰਨ ਲੱਗਿਆ ਉਹਨਾਂ ਇੱਕ ਵਾਰ ਵੀ ਨਾ ਸੋਚਿਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ `ਤੇ ਹੋਇਆ ਅਤੇ ਅੱਜ ਅਸੀਂ ਉਹਨਾਂ ਦਾ 350 ਜਨਮ ਦਿਹੜਾ ਬੜੀ ਸ਼ਰਧਾ ਤੇ ਉਲਾਸ ਦੇ ਨਾਲ ਮਨਾ ਰਹੇ ਹਾਂ।ਗੁਰੂ ਜੀ ਦੇ ਅਲੌਕਿਕ ਰੂਪ ਦਾ ਪਤਾ ਤਾ ਬਚਪਨ ਵਿੱਚ ਹੀ ਲੱਗ ਗਿਆ ਸੀ, ਜਦੋਂ ਆਪ ਨੇ ਸਈਅਦ ਪੀਰ ਭੀਖਮ ਸ਼ਾਹ ਦੁਆਰਾ ਲਿਆਂਦੇ ਦੋਹਾਂ ਕਟੋਰਿਆਂ `ਤੇ ਦੋਵੇ ਹੱਥ ਰੱਖ ਕੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ।9 ਸਾਲ ਦੀ ਬਾਲ ਉਮਰ ਵਿੱਚ ਆਪਣੇ ਪਿਤਾ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕੁਰਬਾਨ ਹੋਣ ਲਈ ਤੋਰਨਾ ਵੀ ਕਿਸੇ ਆਮ ਬਾਲਕ ਦੇ ਵੱਸ ਦੀ ਗੱਲ ਨਹੀਂ ਸੀ।
ਸਿੱਖ ਧਰਮ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ।ਪਰ ਸਿੱਖਾਂ ਨੂੰ ਸਿੰਘ ਸਜਾਉਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।ਗੁਰੂ ਜੀ ਨੇ 13 ਅਪ੍ਰੈਲ 1699 ਈ: ਨੂੰ ਸ੍ਰੀ ਕੇਸਗੜ੍ਹ ਦੀ ਪਾਵਨ ਧਰਤੀ ਤੇ ਦੀਵਾਨ ਸਜਾਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸ਼ਰਧਾਲੂਆਂ ਕੋਲੋਂ ਸੀਸ ਦੀ ਮੰਗ ਕੀਤੀ।ਸੀਸ ਦੇਣ ਲਈ ਤੱਤਪਰ ਹੋਏ ਪਹਿਲੇ ਪੰਜ ਸ਼ਰਧਾਲੂ ਖੰਡੇ ਬਾਟੇ ਦੀ ਪਾਹੁਲ ਲੈ ਕੇ ਪੰਜ ਪਿਆਰੇ ਅਖਵਾਏ।ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿ੍ਰਤ ਛਕਾ ਕੇ ਊਚ-ਨੀਚ ਦੇ ਭੇਦ ਭਾਵ ਨੂੰ ਖਤਮ ਕਰ `ਮਾਨਸ ਕੀ ਜਾਤ ਸਭੈ ਏਕੋ ਪਹਿਚਾਬੋ ` ਦੇ ਸਿਧਾਂਤ ਨੂੰ ਲੋਕਾਂ ਦੇ ਸਹਾਮਣੇ ਲਿਆਦਾਂ।ਪੰਜਾਂ ਪਿਆਰਿਆ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ਸਨ।ਪੰਜ ਪਿਆਰਿਆ ਕੋਲੋ ਗੁਰੂ ਜੀ ਨੇ ਆਪ ਅੰਮ੍ਰਿਤ ਛੱਕਿਆ ਅਤੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸੱਜ ਗਏ।ਗੁਰੂ ਜੀ ਨੇ ਪੰਜਾਂ ਪਿਆਰਿਆਂ ਕੋਲੋਂ ਅ੍ਰੰਮਿਤ ਛੱਕ `ਆਪੇ ਗੁਰ ਚੇਲਾ` ਦੇ ਕਥਨ ਨੂੰ ਸਹੀ ਕਰ ਵਿਖਾਇਆ।ਗੁਰੂ ਜੀ ਨੇ ਆਪਣੇ ਆਪ ਨੂੰ ਕਦੀ ਵੀ ਪਰਮੇਸ਼ਵਰ ਦਾ ਦਰਜ਼ਾ ਨਹੀਂ ਦਿੱਤਾ ਉਹਨਾਂ ਦੇ ਕਹੇ ਅਨੁਸਾਰ :-

ਜੋ ਹਮ ਕੋ ਪਰਮੇਸਰ ਉਚਰਿ ਹੈਂ।।
ਤੇ ਸਭ ਨਰਿਕ ਕੁੰਡ ਮਹਿ ਪਰਿਹੈਂ।।

ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਸੰਤ ਸਨ ਉਥੇ ਇੱਕ ਸਿਪਾਹੀ ਵੀ ਸਨ, ਇੱਕ ਮਹਾਨ ਯੋਧਾ ਸਨ।ਉਹਨਾਂ ਨੇ ਮਨੁੱਖਤਾ ਦੇ ਭਲੇ ਲਈ ਤਲਵਾਰ ਉਠਾਉਣ ਨੂੰ ਸਹੀਂ ਮੰਨਿਆ ਦਸਮ ਗਰੰਥ ਵਿੱਚ ਗੁਰੁ ਜੀ ਲਿਖਦੇ ਹਨ:-

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।।

ਗੁਰੂ  ਜੀ  ਨੇ ਮਜ਼ਲੂਮਾਂ ਦੀ  ਰੱਖਿਆ ਕਰਨ  ਲਈ  ਕਈ ਲੜਾਈਆਂ ਲੜੀਆਂ।ਇਹਨਾਂ ਵਿੱਚ ਅਨੰਦਪੁਰ ਸਾਹਿਬ ਦੀ ਲੜਾਈ, ਭੰਗਾਣੀ ਦਾ ਯੁੱਧ, ਚਮਕੌਰ ਦੀ ਲੜਾਈ ਅਤੇ ਖਿਦਰਾਣੇ ਦੀ ਢਾਬ (ਮੁਕਤਸਰ) ਦੀਆ ਲੜਾਈਆਂ ਪ੍ਰਮੁੱਖ ਹਨ।ਸਰਸਾ ਨਦੀ ਪਾਰ ਕਰਦਿਆਂ ਆਪ ਦਾ ਸਾਰਾ ਪਰਿਵਾਰ ਆਪ ਤੋਂ ਵਿਛੜ ਗਿਆ।ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਜਿਊਂਦੇ ਜੀਅ ਨੀਹਾਂ ਵਿੱਚ ਚਿਣਵਾਂ ਦਿੱਤਾ ਗਿਆ।ਮਾਤਾ ਗੁਜਰੀ ਜੀ ਵੀ ਸਰਹੰਦ ਵਿੱਚ ਹੀ ਸ਼ਹੀਦੀ ਪਾ ਗਏ।ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਕੇ ਸਰਬੰਸਦਾਨੀ ਦਾ ਰੁਤਬਾ ਹਾਸਲ ਕੀਤਾ।ਗੁਰੂ ਜੀ ਇੱਕ ਉੱਘੇ ਸਹਿਤਕਾਰ ਵੀ ਸਨ, ਸਹਿਤ ਰਚਨਾ ਵਿੱਚ ਗੁਰੂ ਜੀ ਨੇ ਬਹੁਮੱਲਾ ਯੋਗਦਾਨ ਪਾਇਆ।ਗੁਰੂ ਜੀ ਨੇ ਆਪਣੀ ਸਵੈ-ਜੀਵਨੀ ਨੂੰ ਕਲਮਬੱਧ ਕਰ `ਬਚਿੱਤ੍ਰ ਨਾਟਕ `ਦੀ ਰਚਨਾ ਕੀਤੀ।ਜਫ਼ਰਨਾਮਾ ਆਪ ਵੱਲੋ ਔਰਗਜੇਬ ਨੂੰ ਫ਼ਾਰਸੀ ਵਿੱਚ ਲਿੱਖੀ ਗਈ ਚਿੱਠੀ ਹੈ।ਇਸੇ ਤਰ੍ਹਾਂ ਜਾਪੁ ਸਾਹਿਬ, ਚੰਡੀ ਦੀ ਵਾਰ ਆਪ ਦੀ ਪ੍ਰਮੁੱਖ ਰਚਨਾ ਦੇ ਵਿੱਚ ਆੳਂੁਦੇ ਹਨ।ਆਪ ਦੀ ਜੀ ਦੁਆਰਾ ਰਚਿਤ ਬਾਣੀ ਦਸਮ ਗ੍ਰੰਥ ਵਿੱਚ ਦਰਜ ਹੈ।
ਗੁਰੂ ਜੀ ਨੇ ਆਪਣੇ ਜੀਵਲ ਕਾਲ ਦਾ ਆਖਰੀ ਸਮਾਂ ਨਾਂਦੇੜ (ਮਹਾਂਰਾਸ਼ਟਰ) ਵਿੱਚ ਗੁਜਾਰਿਆ ਅਤੇ ਇਥੇ ਹੀ ਆਪ 1708 ਈ: ਨੂੰ ਜੋਤੀ-ਜੋਤਿ ਸਮਾਂ ਗਏ।ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਮ ਆਦਮੀ ਦੀ ਤਰ੍ਹਾਂ ਆਪਣਾ ਜੀਵਨ ਬਸਰ ਕੀਤਾ।ਉਹਨਾਂ ਦੁਆਰਾ ਕੀਤੀਆ ਗਈਆਂ ਕੁਰਬਾਨੀਆਂ ਦੀ ਮਿਸਾਲ ਨਾ ਤਾਂ ਇਤਿਹਾਸ ਵਿੱਚ ਪਹਿਲਾਂ ਕਦੇ ਵੇਖਣ ਨੂੰ ਮਿਲੀ ਹੈ ਤੇ ਨਾਂ ਹੀ ਕਦੇ ਮਿਲੇਗੀ।ਉਹ ਇੱਕ ਪੂਰਨ ਇਨਸਾਨ ਸਨ।ਗੁਰੂ ਜੀ ਨੇ ਆਪਣਾ ਸਾਰਾ ਜੀਵਨ ਸੰਘਰਸ਼ ਕਰਦਿਆਂ ਹੋਇਆ ਮਨੁੱਖਤਾ ਦੇ ਭਲੇ ਲਈ ਗੁਜ਼ਾਰਿਆ।ਗੁਰੂ ਜੀ ਦੇ ਪਾਵਨ ਜਨਮ ਦਿਹਾੜੇ ਤੇ ਸਾਨੂੰ ਸਭ ਨੂੰ ਗੁਰੂ ਜੀ ਦੁਆਰਾ ਪਾਏ ਗਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।ਊਚ ਨੀਚ ਅਤੇ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੰੁਚਾਉਂਦੇ ਹੋਏ ਨਿਰੋਏ ਸਮਾਜ਼ ਦੀ ਸਿਰਜਣਾ ਕਰਨੀ ਚਾਹੀਦੀ ਹੈ।

Kanwaljeet Dhillon

 

 

 

 

 

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
9478793231

Email :- kanwaldhillon16@gmail.com

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply