Monday, December 23, 2024

ਸਾਹਿਬ-ਏ-ਕਮਾਲ: ਸ੍ਰੀ ਗੁਰੂ ਗੋਬਿੰਦ ਸਿੰਘ ਜੀ

Guru Gobind Singh Ji 1

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ,  ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ, ਬਿਹਾਰ, (ਮੌਜੂਦਾ ਤਖਤ ਸ੍ਰੀ ਪਟਨਾ ਸਾਹਿਬ), ਪੋਹ ਸੁਦੀ ਸਤਮੀ ਸੰਮਤ 1723 (1666 ਈ.) ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਗ੍ਰਿਹ ਵਿਖੇ ਹੋਇਆ। ਸਤਿਗੁਰਾਂ ਨੇ ਸੰਸਾਰ ਵਿਚ ਆਪਣੇ ਪ੍ਰਕਾਸ਼ ਬਾਰੇ ਆਪਣੀ ਸਵੈ-ਜੀਵਨੀ ‘ਬਚਿਤ੍ਰ ਨਾਟਕ’ ਵਿਚ ਇਉਂ ਬਿਆਨ ਕੀਤਾ ਹੈ:

ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥
ਸਤਿਗੁਰਾਂ ਨੇ ਮਨੁੱਖੀ ਜਾਮੇ ਵਿਚ ਆਪਣੇ ਆਉਣ ਦਾ ਮਨੋਰਥ ਇੰਝ ਦੱਸਿਆ ਹੈ:
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥    (ਬਚਿਤ੍ਰ ਨਾਟਕ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਹੀ ਅਕਾਲ ਪੁਰਖ ਨਾਲ ਜੁੜਨ ਅਤੇ ਪਰਮਾਤਮਾ ਨੂੰ ਆਪਣਾ ਓਟ-ਆਸਰਾ ਸਮਝਣ ਲਈ ਪ੍ਰੇਰਿਆ ਅਤੇ ਤਾੜਨਾ ਕੀਤੀ ਹੈ:

ਜੋ ਹਮ ਕੋ ਪਰਮੇਸਰ ਉਚਰਿਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥
ਯਾ ਮੈ ਭੇਦ ਨ ਰੰਚ ਪਛਾਨੋ॥     (ਬਚਿਤ੍ਰ ਨਾਟਕ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਹੀ ਸੰਸਾਰਕ ਜੀਵਨ ਹਰ ਪੱਖੋਂ ਅਚੰਭਿਤ ਕਰਨ ਵਾਲਾ ਹੈ। ਆਪ ਜੀ ਨੇ ਨੌਂ ਸਾਲ ਦੀ ਉਮਰ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੂਜੇ ਧਰਮ, ਜਿਨ੍ਹਾਂ ਨਾਲ ਸਿਧਾਂਤਕ ਮੱਤਭੇਦ ਸੀ, ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈ. ਵਿਚ 9 ਸਾਲ ਦੀ ਉਮਰ ਵਿਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿਚ ਗੁਰਿਆਈ ਪ੍ਰਾਪਤ ਹੋਈ। ਸਿਰਫ਼ 42 ਸਾਲ ਦੀ ਉਮਰ ਤਕ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ ’ਤੇ ਪਹੁੰਚਾਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜੱਸਮੇ ਅਤੇ ਮਰਦ-ਏ-ਮੈਦਾਨ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ ਦਮਨ, ਅੰਮ੍ਰਿਤ ਕੇ ਦਾਤੇ ਸਨ। ਹਕੀਮ ਅਲਾਹ ਯਾਰ ਖਾਂ ਜੀ ਆਪ ਜੀ ਬਾਰੇ ਇਉਂ ਬਿਆਨ ਕਰਦੇ ਹਨ,

ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।

ਗੁਰਮਤਿ ਮਨੁੱਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਵਿਚ ਬਲਵਾਨ ਬਣਾਉਣ ਦਾ ਸਿਧਾਂਤ ਹੈ। ਗੁਰੂ ਜੀ ਦੇ ਦਰਬਾਰ ਵਿਚ 52 ਕਵੀ ਸਨ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ।  ਗੁਰੂ ਜੀ ਨੇ ਖੁਦ ਵੀ ਜਾਪੁ ਸਾਹਿਬ, ਅਕਾਲ ਉਸਤਤ, 33 ਸਵੈਯੇ, ਖਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵੱਡਾ), ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬੀਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜ਼ਫ਼ਰਨਾਮਾ, ਹਕਾਯਤਾਂ, ਸ਼ਬਦ ਹਜਾਰੇ ਪਾ. 10ਵੀਂ, ਪਵਿੱਤਰ ਬਾਣੀਆਂ ਦੀ ਰਚਨਾ ਕੀਤੀ ਸੀ। ਸਿੱਖ ਧਰਮ ਦੀ ਪੰਜ ਕਕਾਰੀ ਰਹਿਤ ਮਰਯਾਦਾ ਤੇ ਸਿੱਖੀ ਸਰੂਪ ਨਿਸਚਿਤ ਕਰ ਕੇ ਸਿੱਖ ਧਰਮ ਦੀ ਸਮਾਜ ਵਿਚ ‘ਤੀਸਰ ਮਜ਼ਹਬ ਸਾਜ ਕੇ’ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਨ੍ਹਾਂ ਨੇ ਖਾਲਸਾ ਪੰਥ ਨੂੰ ਐਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਹੁਣ ਉਸ ਨੂੰ ਕਿਸੇ ਹੋਰ ਦੇਹਧਾਰੀ ਮਨੁੱਖ ਰੂਪ ਵਿਚ ਗੁਰੂ ਦੀ ਲੋੜ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨੁਸਾਰ ਉਸੇ ਆਦਰਸ਼ਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ। ਉਨ੍ਹਾਂ ਨੇ 1699 ਈ. ਵਿਚ ਖਾਲਸੇ ਦੀ ਸਿਰਜਣਾ ਕਰਦਿਆਂ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਆਪਣੇ ਪਿਤਾ ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸ਼ਾਮਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਸੇ ਸੰਪੂਰਨ ‘ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ’ ਨੂੰ ਦੱਖਣ ਵਿਚ ਨਾਂਦੇੜ ਦੀ ਧਰਤੀ ਉੱਤੇ ਗੁਰੂ ਦੀ ਪਦਵੀ ਕੱਤਕ ਸੁਦੀ ਦੂਜ ਸੰਮਤ 1765 ਈ.  ਨੂੰ ਦਿੱਤੀ। ਜਿੱਥੇ ਅੱਜਕਲ ਤਖਤ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ। ਨਾਂਦੇੜ ਦੀ ਧਰਤੀ ਉੱਤੇ ਗੁਰੂ ਜੀ ਨੇ ਅੱਗੇ ਲਈ ਸਿੱਖਾਂ ਦਾ ਗੁਰੂ ਸਦਾ ਵਾਸਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਸ਼ਬਦ ਰੂਪ ਵਿਚ ਥਾਪ ਦਿੱਤਾ। ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਇਹ ਇੱਕੋ ਇੱਕ ਨਿਵੇਕਲੀ ਕਿਸਮ ਦਾ ਕਾਰਜ ਸੀ ਜਦੋਂ ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਹੋਵੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ‘ਸ਼ਬਦ ਗੁਰੂ’ ਦੇ ਸਿਧਾਂਤ ਦਾ ਅਮਲੀ ਰੂਪ ਵਿਚ ਸਿਖਰ ਸੀ ਸੱਚ ਮੁੱਚ ਹੀ ਇਹ ਇਕ ਧਾਰਮਿਕ ਇਲਕਲਾਬ ਦਾ ਸਿਖਰ ਸੀ।
ਗੁਰੂ ਸਾਹਿਬਾਨ ਦਾ ਕਿਸੇ ਦੇਸ਼, ਇਲਾਕੇ, ਧਰਮ, ਜਾਤ, ਨਸਲ ਅਤੇ ਕੌਮ ਦੇ ਵਿਰੁੱਧ ਕੋਈ ਵਿਰੋਧ ਨਹੀਂ ਸੀ। ਉਹ ਤਾਂ ਸਾਰੀ ਲੋਕਾਈ ਨੂੰ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥  ਦੇ ਸਿਧਾਂਤ ਦੇ ਧਾਰਨੀ ਸਨ। ਦਸਮੇਸ਼ ਪਿਤਾ ਜੀ ਤਾਂ ਬੁਲੰਦ ਅਵਾਜ਼ ਵਿਚ ਸੰਸਾਰ ਨੂੰ ਸਮਝਾਉਂਦੇ ਹਨ ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਗੁਰੂ ਸਾਹਿਬਾਨ ਦਾ ‘ਧਰਮ ਯੁੱਧ’ ਤਾਂ ਸਰਬ ਧਰਮ ਦੀ ਰੱਖਿਆ, ਪਰਉਪਕਾਰ, ਗਰੀਬਾਂ, ਅਨਾਥਾਂ, ਕਿਰਤੀਆਂ ਅਤੇ ਇਸਤਰੀ ਆਦਿ ਦੇ ਉਥਾਨ, ਸਨਮਾਨ ਮਨੁੱਖੀ ਬਰਾਬਰੀ ਅਤੇ ਉੱਚੀਆਂ ਮਾਨਵੀ ਕਦਰਾਂ-ਕੀਮਤਾਂ ਲਈ ਸੀ ਪਰੰਤੂ ਜਾਬਰ, ਜੁਲਮ, ਦੁਰਾਚਾਰ ਤੇ ਜਾਲਮ ਦੇ ਵਿਰੁੱਧ ਹੀ ਸੀ। ਇਹੋ ਕਾਰਨ ਹੈ ਕਿ ਸਮੇਂ ਦੇ ਪ੍ਰਸਿੱਧ ਮੁਸਲਮਾਨ ਪੀਰਾਂ, ਫਕੀਰਾਂ, ਚੌਧਰੀਆਂ ‘ਜਿਨ੍ਹਾਂ ਨੇ ਸੱਚ ਨੂੰ ਪਹਿਚਾਨਿਆ’ ਨੇ ਹਮੇਸ਼ਾ ਹੀ ਸਤਿਗੁਰਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ‘ਸਤਿ ਦੀ ਸ਼ਕਤੀ’ ਨੂੰ ਪਹਿਚਾਨਿਆ ਅਤੇ ਪ੍ਰਣਾਮ ਕੀਤਾ। ਉਹ ਭਾਵੇਂ ਪੀਰ ਭੀਖਣ ਸ਼ਾਹ ਸਨ ਭਾਵੇਂ ਪੀਰ ਆਰਿਫ ਖਾਨ ਸਨ, ਭਾਵੇਂ ਸਢੋਰੇ ਦਾ ਪੀਰ ਬੁੱਧੂ ਸ਼ਾਹ ਜੀ, ਭਾਵੇਂ ਕੋਟਲੇ ਦਾ ਚੌਧਰੀ ਨਿਹੰਗ ਖਾਂ ਸੀ ਭਾਵੇਂ ਨਬੀ ਖਾਂ, ਗਨੀ ਖਾਂ ਸਨ ਭਾਵੇਂ ਸੂਬਾ-ਸਰਹੰਦ ਵਜੀਰ ਖਾਂ ਦੀ ਪਤਨੀ ਬੇਗਮ ਜੈਨੁਬਨਿਸ਼ਾਂ ਸੀ। ਇਨ੍ਹਾਂ ਮੁਸਲਮਾਨ ਸ਼ਖ਼ਸੀਅਤਾਂ ਦੀ ਗਿਣਤੀ ਅਣਗਿਣਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਕਾਰਜਾਂ ਦੀ ਗਿਣਤੀ ਕਰਨੀ ਕਠਿਨ ਹੈ। ਦੁਨੀਆ ਦੇ ਪ੍ਰਸਿੱਧ ਵਿਦਵਾਨ ਆਪਣੀ-ਆਪਣੀ ਰਾਏ ਗੁਰੂ ਸਾਹਿਬ ਬਾਰੇ ਪ੍ਰਗਟ ਕਰਦੇ ਹੋਏ ਇਉਂ ਲਿਖਦੇ ਹਨ ਜਿਵੇਂ ਗੋਕਲ ਚੰਦ ਨਾਰੰਗ ਕਹਿੰਦਾ ਹੈ, ‘ਗੁਰੂ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜ਼ਾਂ ਦਾ ਸ਼ਿਕਾਰ ਕਰਨ ਦੀ ਜਾਂਚ ਸਿਖਾਈ।’ ਮੈਕਾਲਿਫ਼ ਕਹਿੰਦਾ ਹੈ, ‘ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ।’ ਲਤੀਫ਼ ਕਹਿੰਦਾ ਹੈ, ‘ਜਿਸ ਕਾਰਜ ਨੂੰ ਉਨ੍ਹਾਂ ਹੱਥ ਪਾਇਆ, ਉਹ ਮਹਾਨ ਸੀ।’ ਗਾਰਡਨ ਕਹਿੰਦਾ ਹੈ, ‘ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜ਼ਿੰਦਗੀ ਦੀ ਲਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ।’ ਹਿੰਦੀ ਜਗਤ ਦੇ ਪ੍ਰਸਿੱਧ ਵਿਦਵਾਨ ਸਾਹਿਤਕਾਰ ਹਜ਼ਾਰੀ ਪ੍ਰਸ਼ਾਦ ਕਹਿੰਦੇ ਹਨ, ‘ਜੋ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਹ ਇਕ ਬਹੁਤ ਵੱਡਾ ਚਮਤਕਾਰ ਸੀ ਤੇ ਉਹ ਲਿਖਦੇ ਹਨ, ਧੰਨ ਹੈ ਉਹ ਦੇਸ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨ੍ਹਾਂ ਨੇ ਇਸ ਦੇਸ਼ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ। ਉਨ੍ਹਾਂ ਨੂੰ ਯਾਦ ਕਰ ਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ। ਹਾਸਲ ਕਰ ਵੀ ਰਹੇ ਹਾਂ।’
ਮਿਰਜ਼ਾ ਹਕੀਮ ਅਲਾਹ ਯਾਰ ਖਾਂ ਜੋਗੀ ਗੁਰੂ ਸਾਹਿਬ ਦੇ ਰੁਤਬੇ ਬਾਰੇ ਲਿਖਦੇ ਹਨ ਕਿ ਯਾਕੂਬ ਨੂੰ ਆਪਣੇ ਪੁੱਤਰ ਯੂਸਫ ਦੀ ਜੁਦਾਈ ਵਿਚ ਉਮਰ ਭਰ ਰੋਣਾ ਪਿਆ ਪਰ ਗੁਰੂ ਜੀ ਵਰਗਾ ਸਬਰ ਸਿਦਕ, ਸਹਿਜ, ਅਡੋਲ ਅਤੇ ਸਬੂਰੀ ਵਾਲਾ ਕੋਈ ਨਹੀਂ ਹੋਇਆ, ਜਿਸ ਨੇ ਚਾਰ ਬੇਟੇ ਕਟਵਾ ਕੇ ਇਕ ਹੰਝੂ ਵੀ ਨਹੀਂ ਕੇਰਿਆ।
ਅਨੇਕਾਂ ਹੀ ਦੇਸ਼ੀ, ਵਿਦੇਸ਼ੀ, ਵੱਖ-ਵੱਖ ਧਰਮਾਂ, ਵਿਸ਼ਵਾਸਾਂ ਅਤੇ ਭਾਸ਼ਾਵਾਂ ਵਾਲੇ ਲੇਖਕਾਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਸਤਿਗੁਰੂ ਜੀ ਦੀ ਮਹਾਨਤਾ, ਅਨੋਖੀ, ਅਜ਼ੀਮ ਅਤੇ ਅਦਭੁੱਤ-ਕ੍ਰਿਸ਼ਮਈ ਸ਼ਖ਼ਸੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿੱਘੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦਾ ਇਹ ਸੱਚ, ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ॥ ਸੰਸਾਰ ਸਾਹਮਣੇ ਅਮਲੀ ਰੂਪ ਵਿਚ ਪਰਗਟ ਕਰ ਵਿਖਾਇਆ। ਨਿਸਚੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ-ਹਮੇਸ਼ਾ ਸਮੁੱਚੀ ਲੋਕਾਈ ਲਈ ਇਕ ਉੱਚਤਮ ਰੋਸ਼ਨ ਮਿਨਾਰ ਦਾ ਕਾਰਜ ਕਰਦੇ ਰਹਿਣਗੇ। ਬਸ! ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ਹੈ।
ਗੁਰੂ ਜੀ ਨੂੰ ਜੀਵਨ ਕਾਲ ਵਿਚ ਲੱਗਭਗ 14 ਜੰਗਾਂ ਲੜਨੀਆਂ ਪਈਆਂ। ਪਹਿਲੀ ਜੰਗ ਭੰਗਾਣੀ ਦੀ ਅਤੇ ਅਖੀਰਲੀ ਜੰਗ ਉਨ੍ਹਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ ਦੇ ਸਥਾਨ) ’ਤੇ ਲੜੀ। ਚਮਕੌਰ ਦੇ ਅਸਥਾਨ ’ਤੇ ਉਨ੍ਹਾਂ ਦੀ ਜੰਗ ਦੁਨੀਆ ਦੇ ਇਤਿਹਾਸ ਵਿਚ ਲਾਮਿਸਾਲ ਅਤੇ ਲਾਸਾਨੀ ਸੀ। ਉਨ੍ਹਾਂ ਨੇ ਭੁੱਖੇ-ਭਾਣੇ 40 ਸਿੰਘਾਂ ਨਾਲ ਬਹੁਤ ਵੱਡੀ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। 1705 ਈ. ਵਿਚ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ) ਦੇ ਅਸਥਾਨ ਤੇ ਉਨ੍ਹਾਂ ਨੇ ਫੇਰ ਮੁੱਠੀ ਭਰ ਸਿੰਘਾਂ ਨਾਲ ਸਰਹੰਦ ਦੀ ਮੁਗਲ ਫੌਜ ਦੇ ਦੰਦ ਖੱਟੇ ਕੀਤੇ। ਇਹ ਦੋਵੇ ਜੰਗਾਂ ਸੰਸਾਰ ਵਿਚ ਸਭ ਤੋਂ ਵੱਧ ਅਸਾਂਵੀਆਂ ਸਨ। ਇਨ੍ਹਾਂ ਵਿਚ ਗੁਰੂ ਜੀ ਨੇ ਸਿੱਧ ਕਰ ਦਿੱਤਾ ਸੀ ਕਿ ਇੱਕ-ਇੱਕ ਸਿੰਘ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ।
ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ-ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ। ਉਨ੍ਹਾਂ ਦੇ ਛੋਟੇ ਦੋ ਸਾਹਿਬਜ਼ਾਦੇ- ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਰਹਿੰਦ ਦੇ ਸੂਬੇ ਵੱਲੋਂ ਗ੍ਰਿਫ਼ਤਾਰ ਕਰ ਕੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ ਵਿਚ ਸ਼ਹੀਦੀ ਪਾ ਗਏ।ਸਭ ਕੁਝ ਕੁਰਬਾਨ ਹੋ ਜਾਣ ਦੇ ਬਾਵਜੂਦ ਵੀ ਗੁਰੂ ਸਾਹਿਬ ਅਡੋਲ, ਸਹਿਜ ਅਤੇ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦਾ ਨਿਸ਼ਾਨਾ ਮੁਗਲਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ। ਮੰਨਿਆ ਜਾਂਦਾ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਨਗਰ ਰਾਏਕੋਟ ਵਿਖੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸੂਬਾ-ਸਰਹਿੰਦ ਵੱਲੋਂ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦੇਣ ਦੀ ਖ਼ਬਰ ਨੂਰੇ ਮਾਹੀ ਨੇ ਦਿੱਤੀ ਤਾਂ ਦਸਮੇਸ਼ ਜੀ ਨੇ ਆਪਣੇ ਤੀਰ ਨਾਲ ਕਾਹੀ ਦਾ ਬੂਟਾ ਪੁੱਟ ਕੇ ਕਹਿ ਦਿੱਤਾ ਸੀ ਕਿ ਹੁਣ ਮੁਗ਼ਲਾਂ ਦੇ ਜ਼ੁਲਮ ਦੀ ਜੜ੍ਹ ਪੁੱਟੀ ਗਈ ਹੈ। ਚਮਕੌਰ ਦੀ ਜੰਗ ਵਿਚ ਪੁੱਤਰਾਂ ਅਤੇ ਕਾਫੀ ਸਿੰਘਾਂ ਦੇ ਸ਼ਹੀਦ ਹੋ ਜਾਣ ਉਪਰੰਤ ਪੰਜ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਗੁਰਮਤੇ ਦੁਆਰਾ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਚਮਕੌਰ ਤੋਂ ਚੱਲ ਕੇ ਮਾਛੀਵਾੜੇ ਦੀ ਧਰਤੀ ਉੱਤੇ ਪੁੱਜੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ ਜਿਸਨੂੰ ‘ਜ਼ਫ਼ਰਨਾਮਾ’ ਜਾਂ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ। ਇਸ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਨਾ ਤੂੰ ਧਾਰਮਿਕ ਹੈਂ, ਨਾ ਬਹਾਦਰ ਹੈਂ ਤੇ ਨਾ ਚੰਗਾ ਰਾਜਨੀਤਕ ਹੈਂ। ਤੂੰ ਕੁਰਾਨ ਦੀਆਂ ਸੌਹਾਂ ਖਾ ਕੇ ਤੋੜੀਆਂ ਹਨ। ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਦਾ ਕਤਲ ਕੀਤਾ ਹੈ। ਤੂੰ ਪਰਜਾ ਨਾਲ ਬੇ-ਇਨਸਾਫੀ ਕਰਦਾ ਹੈਂ। ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਕੀਤਾ ਅਤੇ ਨਾਲ ਹੀ ਕਿਹਾ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਅਜੇ ਮੇਰਾ ਪੰਜਵਾਂ ਨਾਦੀ ਪੁੱਤਰ ਖਾਲਸਾ ਤਿਆਰ ਹੈ। ਉਨ੍ਹਾਂ ਨੇ ਬਾਦਸ਼ਾਹ ਨੂੰ ਲਿਖਿਆ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫੇਰ ਕਿਰਪਾਨ ਉਠਾਉਣਾ ਯੋਗ ਹੰੁਦਾ ਹੈ। ਉਨਾਂ ਨੇ ਕਿਹਾ ਕਿ ਮੈਂ ਦੁਨੀਆ ਦੇ ਭਲੇ ਲਈ ਹੱਕ, ਸੱਚ ਲਈ ਕਿਰਪਾਨ ਉਠਾਈ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥                      (ਜ਼ਫ਼ਰਨਾਮਾ)

ਅੰਤ ਕੱਤਕ ਸੁਦੀ ਪੰਚਮੀ, 7 ਕੱਤਕ, ਸੰਮਤ 1765 ਅਨੁਸਾਰ 7 ਅਕਤੂਬਰ, 1708 ਈ. ਨੂੰ ਆਪ ਅਕਾਲ ਪੁਰਖ ਵੱਲੋਂ ਨਿਸਚਿਤ ਕੀਤਾ ਫਰਜ਼ ਨਿਭਾਉਣ ਅਤੇ ਕਾਰਜ ਸੰਪੰਨ ਕਰਨ ਉਪਰੰਤ ਨਾਂਦੇੜ ਦੀ ਧਰਤੀ ਨੂੰ ਹਮੇਸ਼ਾ ਹਮੇਸ਼ਾ ਲਈ ਪਾਕ ਪਵਿੱਤਰ ਕਰ ਕੇ ਜੋਤੀ ਜੋਤ ਸਮਾ ਗਏ। ਅੱਜ ਉਸ ਪਵਿੱਤਰ ਸਥਾਨ ਉੱਤੇ ਤਖਤ ਸੱਚਖੰਡ, ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ ਸੁਸ਼ੋਭਿਤ ਹੈ।
ਅੱਜ ਵੀ ਸਾਡੇ ਮੁਲਕ ਵਿਚ ਨੇਕੀ ਤੇ ਬਦੀ ਦੀ ਲੜਾਈ ਜਾਰੀ ਹੈ। ਬਦੀ ਦੀਆ ਤਾਕਤਾਂ ਦੇਸ਼ ਵਿਚ ਭਾਰੂ ਹੁੰਦੀਆਂ ਜਾ ਰਹੀਆਂ ਹਨ। ਹਰ ਖੇਤਰ ਵਿਚ ਛਲ,ਕਪਟ,ਧੋਖਾ ਤੇ ਭ੍ਰਿਸ਼ਾਟਾਚਾਰ ਫੈਲਿਆ ਹੋਇਆ ਹੈ।ਸੋਨੇ ਦੀ ਚਿੜੀ ਦੇ ਖੰਭ ਬੇਰਹਿਮੀ ਨਾਲ ਨੋਚੇ ਜਾ ਰਹੇ ਹਨ।ਅਜੋਕੇ ਸਮੇਂ ਨੇਕੀ ਦੀਆ ਤਾਕਤਾਂ ਬਦੀ ਦੀਆਂ ਤਾਕਤਾਂ ਦੇ ਸਾਹਮਣੇ ਡੋਲ ਰਹੀਆਂ ਹਨ। ਅਰਾਜਕਤਾ ਅਤੇ ਅਨਿਆਏ ਦਾ ਮਾਹੌਲ ਹੈ।ਹੁਣ ਤਾਂ ਨਿੱਜ ਪ੍ਰਸਤੀ, ਪਰਵਾਰ-ਪ੍ਰਸਤੀ, ਨਸ਼ੇੜੀਪੁਣੇ ਅਤੇ ਆਚਰਣਕ ਗਿਰਾਵਟ ਦੀ ਸਿਖਰ ਵਾਲਾ ਸੱਭਿਆਚਾਰ ਹੀ ਪ੍ਰਧਾਨ ਹੈ।ਅੱਜ ਲੋੜ ਹੈ ਕਿ ਨੇਕੀ ਦੀਆਂ ਸ਼ਕਤੀਆਂ ਨੂੰ ਇਕ ਮੁੱਠ, ਇਕ ਮਤ ਅਤੇ ਸੁਦ੍ਰਿੜ੍ਹ ਕਰ ਕੇ ਬਦੀ ਦੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ ਅਤੇ ਕੁਰਬਾਨੀ, ਤਿਆਗ, ਸਾਂਝੀਵਾਲਤਾ, ਸਹਿਣਸ਼ੀਲਤਾ, ਨੇਕੀ, ਈਮਾਨਦਾਰੀ, ਨੈਤਿਕਤਾ, ਦੇਸ਼-ਭਗਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਉਜਾਗਰ ਕੀਤੀ ਜਾ ਸਕੇ ਅਤੇ ਮਾਨਵਤਾ ਨੂੰ ਸੁਖੀ ਕੀਤਾ ਜਾ ਸਕੇ।ਦਸਮੇਸ਼ ਜੀ ਦੇ ਜੀਵਨ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ। ਆਓ! ਹੰਭਲਾ ਮਾਰੀਏ ਅਤੇ ਗੁਰੂ ਸਾਹਿਬਾਨ ਅਤੇ ਖਾਲਸਾ ਪੰਥ ਵੱਲੋਂ ਅਣਗਿਣਤ ਕੁਰਬਾਨੀਆਂ, ਘਾਲਣਾਵਾਂ ਅਤੇ ਸ਼ਹੀਦੀਆਂ ਨਾਲ ਸਿਰਜੇ ‘ਮੁਕੰਮਲ ਇਨਕਲਾਬ’ ਨੂੰ ਪੁਨਰ ਸੁਰਜੀਤ ਕਰੀਏ।

kirpal-s-badunger

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply