Saturday, November 23, 2024

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਮਨਾਇਆ ਗਿਆ

PPN130607

ਅੰਮ੍ਰਿਤਸਰ, 13  ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਭਗਤਾਂ ਦੇ ਜਨਮ ਦਿਹਾੜੇ ਬੜੀ ਸ਼ਰਧਾ-ਭਾਵਨਾ ਨਾਲ ਮਨਾਏ ਜਾਂਦੇ ਹਨ। ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਭਗਤ ‘ਭਗਤ ਕਬੀਰ ਜੀ’ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਸਪਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਅਰਦਾਸ ਭਾਈ ਸੁਲਤਾਨ ਸਿੰਘ ਵੱਲੋਂ ਕੀਤੀ ਗਈ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।ਇਸ ਸਮੇਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਭਗਤ ਕਬੀਰ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦਿਆਂ ਸੰਗਤਾਂ ਨੂੰ ਦੱਸਿਆ ਕਿ ਭਗਤ ਕਬੀਰ ਜੀ ਅਦੁੱਤੀ ਸਖਸ਼ੀਅਤ ਦੇ ਮਾਲਕ, ਕ੍ਰਾਂਤੀਕਾਰੀ ਸੁਭਾਅ ਦੇ ਸਿਰਮੌਰ ਰੂਹਾਨੀ ਆਗੂ ਸਨ। ਉਨ੍ਹਾਂ ਦੀ ਬਾਣੀ ਬਾਹਰੀ ਕਰਮਕਾਡਾਂ ਤੋਂ ਮੁਕਤ ਕਰਕੇ ਜਗਿਆਸੂ ਦਾ ਅੰਦਰ ਰੌਸ਼ਨ ਕਰਨ ਵੱਲ ਰੁਚਿਤ ਹੈ। ਉਨ੍ਹਾਂ ਦੀ ਬਾਣੀ ਵਿੱਚ ਸਮੋਇਆ ਸੰਦੇਸ਼ ਅੱਜ ਵੀ ਦੁਨੀਆਂ ਨੂੰ ਸਦੀਵੀਂ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ। ਬਨਾਰਸ ਦੀ ਧਰਤੀ ‘ਤੇ ਜੁਲਾਹਾ ਬਰਾਦਰੀ ਵਿਚ ਨੀਰੂ ਜੁਲਾਹਾ ਦੇ ਘਰ ਜਨਮੇ ਭਗਤ ਕਬੀਰ ਜੀ ਨੇ ਜ਼ਿੰਦਗੀ ਦਾ ਲੰਮਾ ਹਿੱਸਾ ਬਨਾਰਸ ਦੀ ਧਰਤੀ ‘ਤੇ ਹੀ ਗੁਜ਼ਾਰਿਆ। ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਲੀਨ ਰਹਿਣ ਵਾਲੇ ਭਗਤ ਕਬੀਰ ਜੀ ਨੇ ਜਾਤ-ਪਾਤ ਦਾ ਭੇਦ-ਭਾਵ ਤੇ ਵਹਿਮਾਂ ਭਰਮਾਂ ਚ ਪਾਉਣ ਵਾਲੇ ਕਰਮਕਾਂਡੀ ਲੋਕਾਂ ਦਾ ਵਿਰੋਧ ਕਰਦਿਆਂ ਸੰਸਾਰ ਨੂੰ ਸੱਚੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਦੇਂਦਿਆਂ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ਼ ਹੈ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਸ਼ਬਦ ਤੇ ਸਲੋਕ ਭਗਤ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ। ਸਿੰਘ ਸਾਹਿਬ ਨੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਭਗਤ ਜੀ ਦੇ ਸਿਧਾਂਤ ਅਤੇ ਗੁਰਮਤਿ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਸਿੰਘ ਸਾਹਿਬ ਨੇ ਜਥੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਵੱਲੋਂ ਭਗਤਾਂ ਦੇ ਜਨਮ ਦਿਹਾੜੇ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ.ਜਗੀਰ ਸਿੰਘ ਵਰਪਾਲ ਮੈਂਬਰ  ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ.ਬਿਜੈ ਸਿੰਘ ਤੇ ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ ਤੇ ਸਿੱਖ ਸੰਗਤਾਂ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply