ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸ ਹਿਤੈਸ਼ੀਆਂ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ `ਮਰਦ ਅਗੰਮੜਾ` ਕਹਿਣ ਦਾ ਵਿਰੋਧ ਕਰਦਿਆਂ ਪੰਥਕ ਤਾਲਮੇਲ ਸੰਗਠਨ ਨੇ ਸਖਤ ਪ੍ਰਤੀਕਰਮ ਕਰਦਿਆਂ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਮਰਦ ਅਗੰਮੜਾ ਕਹਾਉਣਾ ਕੇਵਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਉਂਦਾ ਹੈ, ਜਿੰਨਾ ਨੇ ਦੇਸ਼ ਤੇ ਕੌਮ ਦੀ ਚੜਦੀ ਕਲਾ ਅਤੇ ਜਬਰ ਜੁਲਮ ਦੇ ਖਿਲਾਫ ਅਵਾਜ਼ ਬੁਲੰਦ ਕੀਤੀ।
ਇਸੇ ਤਰਾਂ ਕਾਂਗਰਸ ਵਿੱਚ ਆਉਣ ਦੇ ਚਾਅ ਵਿੱਚ ਬਾਵਰੇ ਹੋਏ ਨਵਜੋਤ ਸਿੱਧੂ ਵਲੋਂ `ਜਬ ਤਕ ਸੂਬੇ ਮੈਂ ਕਾਂਗਰਸ ਸਰਕਾਰ ਨਾ ਬਣਾਊ ਤਬ ਤੱਕ ਸਿਧੂ ਨਾਮ ਨਾ ਕਹਾਊਂ` ਕਹਿਣਾ ਵੀ ਸਿੱਖ ਸਾਹਿਤ ਦੇ ਉਸ ਜੁੜਦਾ ਹੈ ਜਿਸ ਵਿੱਚ ਗੁਰੂ ਗੋਬਿੰਦਸਿੰਘ ਜੀ ਨੇ ਚਿੜ੍ਹੀਆਂ ਨਾਲ ਬਾਜ਼ ਲੜਾਉਣ ਅਤੇ ਸੇਵਾ ਲੱਖ ਨਾਲ ਇਕ ਇਕ ਨੂੰ ਲੜਾਉਣ ਦਾ ਦ੍ਰਿੜ ਕੀਤਾ ਸੰਕਲਪ ਚਮਕੌਰ ਦੀ ਗੜੀ ਵਿੱਚ ਪ੍ਰੱਤਖ ਕਰ ਵਿਖਾਇਆ।ਗਿਆਨੀ ਕੇਵਲ ਸਿੰਘ ਨੇ ਅਖੌਤੀ ਸਿਆਸੀ ਆਗੂਆਂ ਵਲੋਂ ਧਰਮੀ ਬੋਲਾਂ ਨੂੰ ਆਧਾਰ ਬਣਾ ਕੇ ਕੀਤੀ ਬਿਆਨਬਾਜ਼ੀ ਨਾਲ ਜਿਥੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ, ਉਥੇ ਵੋਟਤੰਤਰ ਨੂੰ ਕਲੰਕਤ ਕਰਨ ਦਾ ਅਪਰਾਧ ਕੀਤਾ ਗਿਆ ਹੈ।
ਗਿਆਨੀ ਕੇਵਲ ਸਿੰਘ ਨੇ ਸੰਗਠਨ ਵਲੋਂ ਚਿਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਨੇ ਇਹ ਸਿੱਖ ਕੌਮ ਸਿਰ ਨਵੀਂ ਭਾਜੀ ਚਾੜ੍ਹੀ ਹੈ, ਜਿਸ ਨੇ ਅਜ਼ਾਦੀ ਤੌਂ ਲੈ ਅੱਜ ਤੱਕ ਦੇਸ਼ ਦੀ ਬਰਬਾਦੀ ਕੀਤੀ ਹੈ ਅਤੇ ਸਿੱਖ ਕੌਮ ਦਾ ਜੋ ਘਾਣ ਕੀਤਾ ਹੈ ਉਹ ਕੌਮ ਨੂੰ ਯਾਦ ਹੈ।ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਪੰਜਾਬ ਦੇ ਮਸਲਿਆਂ ਨੂੰ ਧਰਮ ਦੀ ਆੜ ਵਿੱਚ ਉਲਝਾ ਰਹੀਆਂ ਹਨ ਅਤੇ ਊਲ ਜਲੂਲ ਬੋਲ ਰਹੀਆਂ ਹਨ, ਉਹ ਸਿੱਖ ਕੌਮ ਦੇ ਜ਼ਖਮਾਂ `ਤੇ ਲੂਣ ਛਿੜਕ ਰਹੀਆਂ ਹਨ, ਜਿਸ ਦਾ ਹਿਸਾਬ ਸਿਆਣੇ ਵੋਟਰ ਚੁੱਕਾ ਕੇ ਸਬਕ ਸਿੱਖਾ ਕੇ ਛੱਡਣਗੇ।
ਇਕ ਸਵਾਲ ਦੇ ਜਵਾਬ ਵਿੱਚ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਦਾ ਨੈਤਿਕ ਫਰਜ਼ ਹੈ ਸਿੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਖਿਲਾਫ ਸਖਤ ਐਕਸ਼ਨ ਲਵੇ ਜੋ ਕੋਝੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਹੇ ਹਨ।ਉਨਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਇਕੋ ਜਿਹੀਆਂ ਹੀ ਹਨ ਜੋ ਕੇਵਲ ਤੇ ਕੇਵਲ ਸੱਤਾ `ਤੇ ਕਾਬਜ਼ ਹੋਣ ਲਈ ਊਲ ਜ਼ਲੂਲ ਬੋਲ ਕੇ ਸਿੱਖ ਮਰਿਆਦਾ ਤੇ ਭਾਵਨਾਵਾਂ ਦਾ ਘਾਣ ਕਰ ਰਹੀਆਂ ਹਨ। ਉਨਾਂ ਚੇਤਾਵਨੀ ਭਰੇ ਲਹਿਜੇ `ਚ ਕਿਹਾ ਕਿ ਅੀਜਹੇ ਆਗੂ ਆਪਣੀ ਭਾਸ਼ਾ `ਤੇ ਕਾਬੂ ਰੱਖਣ।ਉਨਾਂ ਹੋਰ ਕਿਹਾ ਕਿ ਅਜਿਹੇ ਧਰਮ ਵਿਰੋਧੀ ਆਗੂਆਂ ਨੂੰ ਲੋਕਤੰਤਰ ਦੇ ਉਚ ਅਹੁਦਿਆਂ `ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ, ਜੋ ਧਰਮ ਨਾਲ ਖਿਲਾੜ ਕਰ ਰਹੇ ਹਨ।
ਚੋਣਾਂ ਦੌਰਾਨ ਕਿਸੇ ਇੱਕ ਪਾਰਟੀ ਨੂੰ ਸਮਰਥਨ ਦੇਣ ਦੇ ਜਵਾਬ ਵਿੱਚ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਫੈਸਲਾ ਨਹੀ ਹੋਇਆ, ਲੇਕਿਨ ਉਹ ਲੋਕ ਭਲਾਈ ਤੇ ਪੰਜਾਬ ਹਿਤੈਸ਼ੀ ਮੁੱਦੇ ਉਠਾਉਂਦੇ ਰਹੇ ਹਨ ਅਤੇ ਹੁਣ ਵੀ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਵਿਚੋਂ ਭ੍ਰਿਸ਼ਟਾਚਾਰ, ਬੇਰੁਜਗਾਰੀ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਨਾਲ ਨਾਲ ਪੰਜਾਬੀਆਂ ਦੇ ਭਖਦੇ ਮੁਦੇ ਉਠਾਉਣ ਵਾਲੀ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਜਾ ਸਕਦਾ ਹੈ।