ਮਜੀਠਾ, 3 ਫਰਵਰੀ (ਪੰਜਾਬ ਪੋਸਟ ਬਿਊਰੋ)- 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਮਸੀਹੀ ਭਾਈਚਾਰੇ ਨੇ ਹਲਕਾ ਮਜੀਠਾ ਤੋ ਅਕਾਲੀ ਉਮੀਦਵਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਭਰ ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ।ਇਸ ਮੌਕੇ ਮਸੀਹੀ ਧਾਰਮਿਕ ਆਗੂਆਂ ਵਲੋਂ ਮਜੀਠੀਆ ਦੀ ਜਿਤ ਲਈ ਅਰਜੋਈ ਵੀ ਕੀਤੀ ਗਈ।
ਪਾਸਟਰ ਐਸੋਸੀਏਸ਼ਨ ਦੇ ਚੇਅਰਮੈਨ ਪਾਸਟਰ ਰੌਸ਼ਨ ਮਸੀਹ ਟਰਪਈ ਅਤੇ ਪ੍ਰਧਾਨ ਪਾਸਟਰ ਹੰਸ ਮਸੀਹ ਹਮਜ਼ਾ ਨੇ ਕ੍ਰਿਸਚਨ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਅਮਨਦੀਪ ਗਿੱਲ ਸੁਪਾਰੀ ਵਿੰਡ ਦੀ ਮੌਜੂਦਗੀ ’ਚ ਉਕਤ ਫੈਸਲਾ ਇੱਥੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਮਸੀਹੀ ਆਗੂਆਂ ਨੇ ਸਰਬ ਸੰਮਤੀ ਨਾਲ ਲਿਆ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਇੱਕ ਅਕਾਲੀ ਦਲ ਦੀ ਪਾਰਟੀ ਹੈ ਜਿਸਨੇ ਘੱਟ ਗਿਣਤੀ ਫਿਰਕੇ ਇਸਾਈ ਭਾਈਚਾਰੇ ਦੀ ਭਲਾਈ ਵਾਸਤੇ ਅਨੇਕਾਂ ਕੰਮ ਕੀਤੇ ਹਨ।ਹਲਕਾ ਮਜੀਠਾ ਵਿੱਚ ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਬਾਂਹ ਮਜੀਠੀਆ ਨੇ ਅੱਗੇ ਵਧ ਕੇ ਫੜ੍ਹੀ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਕ੍ਰਿਸਮਸ ਨੂੰ ਰਾਜ ਪੱਧਰੀ ਮਨਾਉਣਾ ਸ਼ੁਰੂ ਕੀਤਾ ਗਿਆ ਅਤੇ ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾ ਹੈ ਜਿੱਥੇ ਮਸੀਹੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਬੋਰਡ ਗਠਿਤ ਕੀਤਾ ਗਿਆ ਹੈ।ਜਿਸ ਨਾਲ ਮਸੀਹੀ ਭਾਈਚਾਰੇ ਨੂੰ ਵੱਖਰੀ ਪਛਾਣ ਮਿਲੀ ਹੈ।ਉਹਨਾਂ ਕਿਹਾ ਮਸੀਹੀ ਭਾਈਚਾਰੇ ਨੂੰ ਬੀ ਸੀ ਸ੍ਰੇਣੀ ’ਚ ਸ਼ਾਮਿਲ ਕਰ ਕੇ ਬੀ ਸੀ ਵਰਗ ਨੂੰ ਮਿਲਦੀਆਂ ਸਭ ਸਹੂਲਤਾਂ ਪ੍ਰਦਾਨ ਕਰ ਕੇ ਬਾਦਲ ਨੇ ਮਸੀਹੀ ਭਾਈਚਾਰੇ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ।ਜਿਸ ਵਿੱਚ ਮੁਫ਼ਤ ਬਿਜਲੀ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਇਸਾਈ ਭਾਈਚਾਰੇ ਨਾਲ ਸਬੰਧਿਤ ਬੇਘਰੇ ਲੋਕਾਂ ਨੂੰ ਘਰਾਂ ਦੀ ਉੱਸਾਰੀ ਲਈ ਪੰਚਾਇਤੀ ਜ਼ਮੀਨਾਂ ਵਿੱਚੋਂ 5-5 ਮਰਲੇ ਦੇ ਪਲਾਟ ਦੇਣ ਅਤੇ ਕੱਚੇ ਮਕਾਨਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਕਰ ਕੇ ਅਕਾਲੀ ਦਲ ਗਰੀਬਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਅਕਾਲੀ ਸਰਕਾਰ ਨੇ ਮਸੀਹੀ ਭਾਈਚਾਰੇ ਲਈ ਕਬਰਸਤਾਨ ਬਣਾਏ ਜਾਣ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ। ਅਕਾਲੀ ਦਲ ਵੱਲੋਂ ਭਾਈਚਾਰੇ ਦੇ ਹੱਕ ’ਚ ਲਏ ਗਏ ਫੈਸਲਿਆਂ ਦੇ ਫਲਸਰੂਪ ਸਮੁੱਚੀ ਬਰਾਦਰੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਲਿਆਂਦੀ ਜਾਵੇ।।
ਇਸ ਮੌਕੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਹੱਕ ’ਚ ਨਿੱਤਰੇ ਮਸੀਹੀ ਭਾਈਚਾਰੇ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸਮੁੱਚੀ ਬਰਾਦਰੀ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਦੇ ਸੰਘੀ ਢਾਂਚੇ ਦਾ ਅਸਲ ਸਰੂਪ ਪੰਜਾਬ ਵਿੱਚ ਵੇਖਿਆ ਜਾ ਸਕਦਾ ਹੈ ਕਿਉਂਕਿ ਕੇਵਲ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੀ ਅਜਿਹੇ ਆਗੂ ਹਨ ਜਿਨ੍ਹਾਂ ਵੱਲੋਂ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਤੀਜੀ ਵਾਰ ਸਰਕਾਰ ਰੀਪੀਟ ਹੋਣ ਉੱਤੇ ਭਲਾਈ ਬੋਰਡਾਂ ਦੀ ਵਿੱਤੀ ਖ਼ੁਦਮੁਖ਼ਤਿਆਰੀ ਲਈ ਹੋਰ ਬਿਹਤਰ ਤਰੀਕੇ ਨਾਲ ਵਿਸ਼ੇਸ਼ ਫੰਡ ਕਾਇਮ ਕੀਤਾ ਜਾਵੇਗਾ ਤਾਂ ਜੋ ਇਹ ਭਲਾਈ ਬੋਰਡ ਸਬੰਧਿਤ ਭਾਈ ਚਾਰਿਆਂ ਦੀ ਭਲਾਈ ਲਈ ਨਿਰਵਿਘਨ ਕੰਮ ਕਰ ਸਕਣ। ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ ਭਰ ਵਿੱਚ ਭਾਈਚਾਰੇ ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਹੱਲ ਲਈ ਯਤਨ ਕਰਨ। ਉਨ੍ਹਾਂ ਮਸੀਹੀ ਭਾਈਚਾਰੇ ਨੂੰ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਜਿੱਤ ਦਵਾਉਦਿਆਂ ਬਾਦਲ ਨੂੰ ਛੇਵੀਂ ਵਾਰ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਅਵਤਾਰ ਸਿੰਘ ਗਿੱਲ, ਅਮਨਦੀਪ ਗਿੱਲ ਸੁਪਾਰੀ ਵਿੰਡ, ਪਾਸਟਰ ਰੌਸ਼ਨ ਮਸੀਹ, ਪਾਸਟਰ ਨਿਰਮਲ ਮਸੀਹ, ਯਾਕੂਬ ਮਸੀਹ, ਹੰਸ ਮਸੀਹ, ਅਮਰੀਕ ਮਸੀਹ, ਹੈਪੀ ਮਸੀਹ, ਮੁਸ਼ਤਾਕ ਮਸੀਹ, ਪੀਟਰ ਗਿੱਲ, ਵਿਜੇ ਮਸੀਹ, ਸੋਨੂੰ ਮਸੀਹ, ਸ਼ੈਨਸ਼ਾਹ ਮਸੀਹ, ਰਣਜੀਤ ਮਸੀਹ ਮੱਟੂ, ਜਗੀਰ ਮਸੀਹ, ਬਲਵੰਤ ਮਸੀਹ ਮਜੀਠਾ,ਵਿਸੋਾਲ ਮਸੀਹ, ਬਲਦੇਵ ਮਸੀਹ, ਬੰਟੀ, ਮਨਜੂਰ ਮਸੀਹ, ਜੌਨ ਮਸੀਹ, ਅੰਗਰੇਜ ਮਸੀਹ, ਡੈਨੀਅਲ ਗਿੱਲ,ਬਲਦੇਵ ਸਿੰਘ, ਸ਼ਿੰਦਰ ਮਸੀਹ, ਇੰਦਰਾਸ ਮਸੀਹ,ਮਹਿੰਦਰ ਮਸੀਹ, ਕੇਵਲ ਮਸੀਹ ਸਾਰੇ ਪਾਸਟਰ, ਕੁੱਕਾ ਮਸੀਹ, ਯੂਨਸ ਮਸੀਹ, ਕੇਵਲਜੀਤ ਸਿੰਘ ਆਦਿ ਹਾਜਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media