Tuesday, April 28, 2026

ਖਾਲਸਾ ਕਾਲਜ ਪਬਲਿਕ ਸਕੂਲ ’ਚ ਮਨਾਇਆ ਗਿਆ ਅਰਦਾਸ ਦਿਵਸ

PPN2002201719ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਨਕਲ ਦਾ ਸਹਾਰਾ ਨਾ ਲੈਂਦਿਆਂ ਆਪਣੇ ਇਮਾਨਦਾਰੀ ਨਾਲ ਪ੍ਰੀਖਿਆ ’ਚ ਸ਼ਾਨਦਾਰ ਨੰਬਰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਉਨ੍ਹਾਂ ਜਿੱਥੇ ਚੰਗੀ ਵਿੱਦਿਆ ਨਾਲ ਵਿਦਿਆਰਥੀ ਦੇ ਬੋਲ-ਚਾਲ ਦੇ ਸਲੀਕੇ ਤੇ ਸੁਭਾਅ ਪ੍ਰਤੀ ਚਾਨਣਾ ਪਾਇਆ, ਉੱਥੇ ਬੱਚਿਆਂ ਨੂੰ ਧਾਰਮਿਕ ਪੱਖੋਂ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਆਪਣੇ ਇਹ ਵਿਚਾਰ ਸਕੂਲ ’ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣ ਉਪਰੰਤ ਸੰਗਤਾਂ ਨਾਲ ਸਾਂਝੇ ਕਰਦਿਆਂ ਕਹੇ।
ਇਸ ਮੌਕੇ ਛੀਨਾ ਨੇ ਦੱਸਿਆ ਕਿ ਪੁਰਾਤਨ ਰਵਾਇਤ ਮੁਤਾਬਕ ਗਵਰਨਿੰਗ ਕੌਂਸਲ ਦੇ ਸਮੂਹ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੇ ਇਮਤਿਹਾਨਾਂ ’ਚ ਵਧੀਆ ਕਾਰਗੁਜ਼ਾਰੀ ਲਈ ਪ੍ਰਮਾਤਮਾ ਦਾ ਓਟ ਆਸਰਾ ਲਿਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਹਰੇਕ ਗਤੀਵਿਧੀ ’ਤੇ ਨਿਗਾਹ ਰੱਖਣ ਅਤੇ ਉਨ੍ਹਾਂ ਨੂੰ ਵਿੱਦਿਆ ਲਈ ਉਤਸ਼ਾਹਿਤ ਕਰਨ ਕਿ ਉਸ ਦਾ ਪੜ੍ਹਿਆ ਹੀ ਉਸਦਾ ਅਨਮੋਲ ਖਜ਼ਾਨਾ ਹੈ। ਉਨ੍ਹਾਂ ਕਿਹਾ ਕਿ ਗਲਤ ਢੰਗ ਨਾਲ ਅਵੱਲ ਦਰਜੇ ਦੀ ਪੜ੍ਹਾਈ ਦੀ ਮੋਹਰ ਤਾਂ ਲੱਗ ਜਾਂਦੀ ਹੈ, ਪਰ ਗਿਆਨ ਤੋਂ ਬਿਨ੍ਹਾਂ ਵਿਦਿਆਰਥੀ ਅਧੂਰਾ ਹੈ, ਜਿਸ ਨਾਲ ਉਹ ਸਮਾਜ ਤੋਂ ਪਛੜ ਜਾਂਦਾ ਹੈ।ਇਸ ਲਈ ਨਕਲ ਨੂੰ ਤਿਆਗ ਕੇ ਇਮਾਨਦਾਰੀ ਨਾਲ ਵਿਦਵਾਨ ਬਣੋ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ  ਰਘੁਬੀਰ ਸਿੰਘ ਨੇ ਕਿਹਾ ਕਿ ਦੁਨਿਆਵੀ ਸਿੱਖਿਆ ਤੋਂ ਇਲਾਵਾ ਇਸ ਤਰ੍ਹਾਂ ਦੇ ਪ੍ਰੋਗਰਾਮ ਸਕੂਲਾਂ ’ਚ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਪ੍ਰਤੀ ਸੁਚੇਤ ਬਣਾਉਂਦੇ ਹਨ। ਸਮਾਗਮ ਮੌਕੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ। ਜਿਨ੍ਹਾਂ ਨੂੰ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨਾਲ ਮਿਲਕੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿੰ: ਡਾ. ਬਰਾੜ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਲਾਨਾ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੀ ਸਫ਼ਲਤਾ ਲਈ ਕੌਂਸਲ ਦੁਆਰਾ ਚਲਾਈ ਗਈ ਪ੍ਰੰਪਰਾ ਮੁਤਾਬਕ ਅਰਦਾਸ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਵਿੱਦਿਅਕ ਸੰਸਥਾਵਾਂ ਹਨ, ਜਿੱਥੇ ਬੱਚਾ ਬਿਨ੍ਹਾਂ ਪੜ੍ਹਾਈ ਦੇ ਅਵੱਲ ਆਉਂਦਾ ਹੈ, ਜਿਸ ਨਾਲ ਵਿਦਿਆਰਥੀ ਦਾ ਭਵਿੱਖ ਨੂੰ ਅੰਧਕਾਰ ’ਚ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰੇਕ ਖੇਤਰਾਂ ਦੇ ਨਾਲ-ਨਾਲ ਵਿੱਦਿਆ ਦੇ ਖ਼ੇਤਰ ’ਚ ਵੀ ਸਖ਼ਤ ਮਿਹਨਤ ਨਾਲ ਆਪਣੀ ਮੰਜਿਲ ਨੂੰ ਹਾਸਲ ਕਰਨ ਲਈ ਦ੍ਰਿੜ ਹੋਣਾ ਚਾਹੀਦਾ ਹੈ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਸੁਖਦੇਵ ਸਿੰਘ ਅਬਦਾਲ, ਪ੍ਰਿੰ: ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫਾਰ ਵੂਮੈਨ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਨਰਵਿੰਦਰ ਸਿੰਘ, ਸ੍ਰੀ ਪਵਨ, ਵਿਸ਼ਾਲ ਅਰੋੜਾ ਤੋਂ ਇਲਾਵਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply