ਸਮਰਾਲਾ, 12 ਅਪ੍ਰੈਲ (ਪੰਜਾਬ ਪੋਸਟ- ਕੰਗ) – ‘‘ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਕੇ, ਉਹਨਾਂ ਦੇ ਮੇਚ ਦਾ ਹੋ ਕੇ ਪ੍ਰਤੀਕਾਂ ਰਾਹੀਂ ਨਿੱਗਰ ਗੱਲ ਕਰਨੀ ਡਾਢੀ ਔਖੀ ਹੈ ਤੇ ਨਾਟਕ ‘‘ਸਾਂਝਾ ਵਿਹੜਾ’’ ਇਸ ਕਸੌਟੀ ਤੇ ਖਰਾ ਉਤਰਦਾ ਹੈ।’’ ਇਹ ਗੱਲ ਸਰਕਾਰੀ ਪ੍ਰਾਇਮਰੀ ਸਕੂਲ ਨਾਗਰਾ ਦੇ ਖਚਾਖਚ ਭਰੇ ਖੂਬਸੂਰਤ ਮੀਟਿੰਗ ਹਾਲ ਵਿੱਚ ਮਾ. ਤਰਲੋਚਨ ਸਿੰਘ ਦੁਆਰਾ ਸੁਖਵੰਤ ਕੌਰ ਮਾਨ ਦੀ ਕਹਾਣੀ ਦੇ ਆਧਾਰ ਤੇ ਰਚੇ ਬਾਲ ਨਾਟਕ ਪੁਸਤਕ ‘‘ਸਾਂਝਾ ਵਿਹੜਾ’’ ਦੇ ਰਿਲੀਜ਼ ਸਮਾਰੋਹ ਮੌਕੇ ਬੋਲਦਿਆਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਆਖੀ।
ਆਰਟ ਸੈਂਟਰ (ਰਜਿ:) ਸਮਰਾਲਾ ਵੱਲੋਂ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਰਿਲੀਜ਼ ਸਮਾਗਮ/ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿੱਚ ਸ੍ਰੋਮਣੀ ਬਾਲ ਸਾਹਿਤਕਾਰ ਮਹਿੰਦਰ ਸਿੰਘ ਮਾਨੂੰਪੁਰੀ, ਡਾ. ਹਰਦੀਪ ਸਿੰਘ ਸ਼ਾਹੀ (ਜ. ਸਕੱਤਰ ਆਰਟ ਸੈਂਟਰ), ਇਪਟਾ ਖੰਨਾ ਸੰਚਾਲਕ ਨਾਟਕਕਾਰ ਜਗਦੀਸ਼ ਖੰਨਾ ਤੇ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਸੁਸ਼ੋਭਤ ਸਨ।
ਦਵਿੰਦਰ ਗਰੇਵਾਲ ਦੀ ਮੰਚ ਸੰਚਾਲਨਾ ਹੇਠ ਚੱਲ ਰਹੇ ਸਮਾਗਮ ਵਿੱਚ ਸਭ ਤੋਂ ਪਹਿਲਾਂ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਹਾਜ਼ਰ ਸਰੋਤਿਆਂ ਨੂੰ ਜੀ ਆਇਆ ਆਖਿਆ। ਸਮਾਗਮ ਦੇ ਸ਼ੁਰੂ ਵਿੱਚ ਮੰਨੇ ਪ੍ਰਮੰਨੇ ਗ਼ਜ਼ਲਗੋ ਐਸ. ਨਸੀਮ ਅਤੇ ਟੀ. ਲੋਚਨ ਨੇ ਆਪਣੀਆਂ ਨਵੀਆਂ ਤੇ ਖੂਬਸੂਰਤ ਗ਼ਜ਼ਲਾਂ ਨਾਲ ਸਮਾਗਮ ਦਾ ਆਗ਼ਾਜ਼ ਕੀਤਾ। ਇਸ ਉਪਰੰਤ ਡਾ. ਹਰਦੀਪ ਸਿੰਘ ਸ਼ਾਹੀ ਨੇ ਜਿੱਥੇ ਆਰਟ ਸੈਂਟਰ ਸਮਰਾਲਾ ਦੇ ਸ਼ਾਨਾਮੱਤੇ ਇਤਿਹਾਸ ’ਤੇ ਝਾਤ ਪੁਆਉਂਦਿਆਂ, ਬਾਲ ਸਾਹਿਤ ਸਿਰਜਣਾ ਦੇ ਸੰਕਲਪ ਤੇ ਨਾਟਕ ‘‘ਸਾਂਝਾ ਵਿਹੜਾ’’ ਬਾਰੇ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ।
ਸਮਾਗਮ ਵਿੱਚ ਬਾਲ ਮਨਾਂ ਦੇ ਚਹੇਤੇ ਸਾਹਿਤਕਾਰ/ਕਲਾਕਾਰ ਕਮਲਜੀਤ ਨੀਲੋਂ ਦਾ ਸਨਮਾਨ ਕੀਤਾ ਗਿਆ। ਉਹਨਾਂ ਦੀ ਬਹੁਪੱਖੀ ਪ੍ਰਤਿਭਾ ਨੂੰ ਵਡਿਆਉਂਦਿਆ ਨੀਲੋਂ ਦੀ ਬਾਲ ਸਾਹਿਤ ਨੂੰ ਅਮਿੱਟ ਦੇਣ ਦਾ ਗੁਣਗਾਨ ਕੀਤਾ। ਕਮਲਜੀਤ ਨੀਲੋਂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰ ਸਾਹਿਤਕਾਰ ਮਿੱਤਰਾਂ ਨੂੰ ਨਿਹਾਲ ਤਾਂ ਕੀਤਾ ਹੀ ਸਗੋਂ ਬਾਲ ਸਾਹਿਤ ਹਥਲੇ ਨਾਟਕ ਦੇ ਰੇਖਾ ਚਿੱਤਰਾਂ ਤੇ ਸਿਰਜਣ ਪ੍ਰਕਿਰਿਆ ਤੇ ਵੀ ਖੁੱਲਕੇ ਵਿਚਾਰ ਰੱਖੇ।
ਸਮਾਗਮ ਦੇ ਅਗਲੇ ਪੜਾਅ ਵਜੋਂ ਮੋਰਿੰਡੇ ਤੋਂ ਉਚੇਰੇ ਤੌਰ ਤੇ ਪੁੱਜੇ ਚਿੰਤਕ/ਨਾਟਕਕਾਰ ਰਾਬਿੰਦਰ ਸਿੰਘ ਰੱਬੀ ਨੇ ਨਾਟ ਪੁਸਤਕ ‘‘ਸਾਂਝਾ ਵਿਹੜਾ’’ ਤੇ ਆਪਣਾ ਵਿਸਥਾਰਤ ਖੋਜ ਪੱਤਰ ਪੜ੍ਹਿਆ। ਉਹਨਾਂ ਜਿੱਥੇ ਸਿਰਜਣਾ ਤੇ ਸਿਰਜਕ ਦੀ ਘਾਲਣਾ ਨੂੰ ਸਰਾਹਿਆ ਉਥੇ ਇਸਦੀ ਭਾਸ਼ਾ ਵਿਗਿਆਨਕ ਪੱਖ ਤੋਂ ਪੁਣਛਾਣ ਵੀ ਕੀਤੀ।
ਬਹਿਸ ਦਾ ਆਰੰਭ ਐਡਵੋਕੇਟ/ਕਹਾਣੀਕਾਰ ਦਲਜੀਤ ਸ਼ਾਹੀ ਨੇ ਕੀਤਾ। ਉਹਨਾਂ ਯਾਦਾਂ ਦੇ ਝਰੋਖੇ ’ਚੋਂ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਤੇ ਨਾਟਕ ਦੀ ਪੁਸਤਕ ਬਾਰੇ ਵੀ ਤੇ ਪੇਪਰ ਬਾਰੇ ਵੀ ਆਪਣੀਆਂ ਕੀਮਤੀ ਟਿੱਪਣੀਆਂ ਕੀਤੀਆਂ।
ਚਮਕੌਰ ਸਾਹਿਬ ਤੋਂ ਪੁੱਜੇ ਸਿੱਖਿਆ ਸਾਸ਼ਤਰੀ ਸਵਰਨ ਭੰਗੂ ਨੇ ਆਪਣੀ ਜ਼ਿੰਦਗੀ ਵਿੱਚ ਬਾਲਾਂ ਨਾਲ ਵਿਚਰਦਿਆਂ ਕਮਾਏ ਤਜ਼ਰਬੇ ਵੀ ਸਾਂਝੇ ਕੀਤੇ ਤੇ ਨਾਟਕ ਦੀ ਤਾਰੀਫ਼ ਕਰਦਿਆਂ ਇਸ ਤਰ੍ਹਾਂ ਦੇ ਯਤਨਾਂ ਦੀ ਲਗਾਤਾਰਤਾ ਤੇ ਜ਼ੋਰ ਦਿੱਤਾ।
ਪ੍ਰਸਿੱਧ ਕਥਾਕਾਰ ਜਤਿੰਦਰ ਹਾਂਸ ਨੇ ਕਹਾਣੀ ਦੇ ਨਾਟਕੀ ਵਿਧਾ ’ਚ ਵਟਣ ਪ੍ਰਕਿਰਿਆ ਦੌਰਾਨ ਕਹਾਣੀ ਦੇ ਭਾਵ ਦੇ ਹੋਰ ਗਹਿਰੇ ਹੋ ਜਾਣ ਦੀ ਪੁਸ਼ਟੀ ਕੀਤੀ। ਉਹਨਾਂ ਅਨੁਸਾਰ ਕਹਾਣੀ ਤਾਂ ਸਗੋਂ ਸਜੀਵ ਹੋ ਗਈ ਹੈ।
ਉਹਨਾਂ ਤੋਂ ਇਲਾਵਾ ਚਰਚਾ ਵਿੱਚ ਜਗਦੀਸ਼ ਖੰਨਾ, ਸਰਪੰਚ ਕੇਸਰ ਸਿੰਘ ਨਾਗਰਾ ਤੇ ਮਹਿੰਦਰ ਸਿੰਘ ਮਾਨੂੰਪੁਰੀ ਜੀ ਨੇ ਆਪਣੇ ਬਹੁਮੁੱਲੇ ਵਿਚਾਰ ਦਿੱਤੇ।
ਸਮਾਗਮ ਦੀ ਭਰਵੀਂ ਹਾਜ਼ਰੀ ਵਿੱਚ ਦੀਪ ਦਿਲਬਰ, ਸੁਰਜੀਤ ਮੰਡ ਚਮਕੌਰ ਸਾਹਿਬ, ਧਰਮਿੰਦਰ ਭੰਗੂ ਕਾਲੇਮਾਜਰਾ, ਬਲਵਿੰਦਰ ਮਕੜੌਨਾ ਬਾਲ ਸਹਿਤਕਾਰ, ਹਰਬੰਸ ਸਿੰਘ ਪੰਧੇਰ, ਨੈਸ਼ਨਲ ਐਵਾਰਡੀ ਅਧਿਆਪਕ ਸਮਸ਼ੇਰ ਸਿੰਘ ਨਾਗਰਾ, ਲੋਕ ਨਾਥ ਸ਼ਰਮਾ, ਬਲਰਾਮ ਸ਼ਰਮਾ, ਮੇਘਦਾਸ ਜਵੰਦਾ ਤੋਂ ਇਲਾਵਾ ਪਿਟੀ ਸੱਲ, ਗੁਰਦਾਸ ਰਾਮਪੁਰੀ, ਅਮਰੀਕ ਅਮਲੋਹ, ਤਰਕਸ਼ੀਲ ਆਗੂ ਦਲਬੀਰ ਕਟਾਣੀ ਤੇ ਰਾਜਿੰਦਰ ਜੰਡਿਆਲੀ, ਨੇਤਰ ਮੁੱਤਿਓਂ, ਫਿਲਮੀ ਕਲਾਕਾਰ ਮਿੱਕੀ ਮਰਵਾਹਾ, ਬਿੱਟੂ ਗਰੋਵਰ ਅਤੇ ਵੱਡੀ ਗਿਣਤੀ ’ਚ ਹੋਰ ਸਹਿਤਕਾਰ, ਕਲਾਕਾਰ, ਅਧਿਆਪਕ ਤੇ ਸਮਾਜ ਸੇਵੀ ਪੂਰਾ ਸਮਾਂ ਹਾਜ਼ਰ ਰਹੇ। ਇਹ ਗੱਲ ਵਰਨਣਯੋਗ ਰਹੀ ਕਿ ਸਮਾਗਮ ਸਮੇਂ ਸਿਰ ਸ਼ੁਰੂ ਹੋ ਗਿਆ ਤੇ ਮਿਥੇ ਸਮੇਂ ਤੇ ਸੰਪੂਰਨ ਹੋ ਗਿਆ। ਸਾਰਥਿਕ ਚਰਚਾ ਨੇ ਸਭ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰੀ ਰੱਖਿਆ। ਅੰਤ ਵਿੱਚ ਸਾਰੇ ਪਤਵੰਤੇ ਸੱਜਣਾਂ ਦਾ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media